The Khalas Tv Blog India ਜੋਸ਼ ਹੋਵੇ ਤਾਂ ਮੇਜਰ ਖਾਨ ਵਰਗਾ, ਦੋ ਮਰਲੇ ਵੀ ਜ਼ਮੀਨ ਦਾ ਮਾਲਿਕ ਨਹੀਂ ਪਰ ਡਟ ਕੇ ਲੜਾਈ ਲੜ ਰਿਹਾ ਜ਼ਮੀਨਾਂ ਵਾਲਿਆਂ ਲਈ
India Punjab

ਜੋਸ਼ ਹੋਵੇ ਤਾਂ ਮੇਜਰ ਖਾਨ ਵਰਗਾ, ਦੋ ਮਰਲੇ ਵੀ ਜ਼ਮੀਨ ਦਾ ਮਾਲਿਕ ਨਹੀਂ ਪਰ ਡਟ ਕੇ ਲੜਾਈ ਲੜ ਰਿਹਾ ਜ਼ਮੀਨਾਂ ਵਾਲਿਆਂ ਲਈ

ਦ ਖ਼ਾਲਸ ਬਿਊਰੋ (ਜਗਜੀਵਨ ਮੀਤ):-ਤਿੰਨ ਖੇਤੀ ਆਰਡੀਨੈਂਸ ਨੇ ਪਿਛਲੇ ਸਾਲ ਇਹੋ ਜਿਹੀ ਲਹਿਰ ਖੜ੍ਹੀ ਕੀਤੀ, ਜਿਸਨੇ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਹਨ। ਹਰ ਇਕ ਅੰਦੋਲਨ ਵਿਚੋਂ ਵਿਚਾਰਧਾਰਾ ਦੇ ਨਾਲ-ਨਾਲ ਲੀਡਰਾਂ ਦਾ ਵੀ ਜਨਮ ਹੁੰਦਾ ਹੈ।

ਪਟਿਆਲਾ ਦੇ ਝੰਡੀ ਪਿੰਡ ਦਾ 47 ਸਾਲਾ ਮੇਜਰ ਖਾਨ 26 ਨਵੰਬਰ ਤੋਂ ਹੀ ਸਿੰਘੂ ਮੋਰਚੇ ‘ਤੇ ਡਟਿਆ ਹੋਇਆ ਹੈ। ਰੋਜ਼ਾਨਾ ਵਾਂਗ 15 ਮਾਰਚ ਨੂੰ ਵੀ ਜਦ ਉਹ ਆਪਣੇ ਪਿੰਡ ਦਿਆਂ ਟਰਾਲੀਆਂ ਵਲ ਨੂੰ ਗਏ ਤੇ ਸਾਮਣੇ ਪਿੰਡ ਵਾਲਿਆਂ ਨੇ ਇਕ ਕੇਕ ਲੈ ਕੇ ਬੜੇ ਜੋਸ਼ ਨਾਲ ਮੇਜਰ ਖਾਨ ਦਾ ਸੁਆਗਤ ਕੀਤਾ। ਕੇਕ ‘ਤੇ ਲਿਖਿਆ ਸੀ, “ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ” “ਹੈਪੀ ਬਰਡੇ ਪ੍ਰਧਾਨ ਮੇਜਰ ਖਾਨ”।

ਜਿਸ ਇਨਸਾਨ ਕੋਲ ਜ਼ਮੀਨ ਦੇ ਨਾਂਅ ‘ਤੇ ਦੋ ਮਰਲੇ ਵੀ ਨਹੀਂ ਉਹ ਇਸ ਅੰਦੋਲਨ ਦੀ ਜੀ ਜਾਨ ਤੋਂ ਹਿਮਾਇਤ ਕਰ ਰਿਹਾ ਹੈ।

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਝੰਡੀ ਇਕਾਈ ਦੇ ਪ੍ਰਧਾਨ ਮੇਜਰ ਖਾਨ ਨੇ ਆਪਣੇ ਘਰ ਨੂੰ ਸਿੱਧਾ ਸੁਨੇਹਾ ਦਿੱਤਾ ਹੈ ਕਿ ਪਰਿਵਾਰ ਨਾਲੋਂ ਪਿਆਰ ਇਸ ਦੇਸ਼ ਨਾਲ ਹੈ। ਥੋੜ੍ਹਾ ਸਮਾਂ ਪਹਿਲਾਂ ਮੇਜਰ ਦੀ ਭਾਣਜੀ ਦਾ ਵਿਆਹ ਸੀ, ਮੇਜਰ ਦੇ ਪਰਿਵਾਰ ‘ਤੇ ਕੁੱਝ ਸ਼ਰਾਰਤੀ ਅਨਸਰਾਂ ਨੇ ਹਮਲਾ ਕੀਤਾ ਪਰ ਮੇਜਰ ਖਾਨ ਨੂੰ ਦਿੱਲੀ ਮੋਰਚੇ ਦਾ ਫਿਕਰ ਸੀ। 

ਕਿਸਾਨ ਆਗੂ ਡਾ ਦਰਸ਼ਨ ਪਾਲ ਅਤੇ ਜਗਮੋਹਨ ਸਿੰਘ ਦਿਨ ਵਿੱਚ ਘੱਟੋਂ ਘੱਟ ਦੋ ਵਾਰੀ ਤਾਂ ਜ਼ਰੂਰ ਫੋਨ ਕਰਕੇ ਜਾਂ ਮਿਲਕੇ ਮੇਜਰ ਖਾਨ ਦੀ ਸਲਾਹ ਲੈਂਦੇ ਨੇ ਜਾਂ ਹਾਲ ਪੁੱਛਦੇ ਨੇ। ਕਰਨਾਟਕ ਤੋਂ ਕਿਸਾਨ ਆਗੂ ਕਵਿਤਾ ਕੁਰੁਗੁੰਟੀ ਮੇਜਰ ਦੀ ਸਿਫਤਾਂ ਕਰਦੀ ਨਹੀਂ ਥੱਕਦੀ।

15 ਮਾਰਚ 2021 ਨੂੰ ਮੇਜਰ ਖਾਨ 47 ਸਾਲਾ ਦਾ ਹੋ ਗਿਆ। ਮੇਜਰ ਖਾਨ 1993 ਵਿੱਚ ਇੰਡਿਯਨ ਆਰਮੀ ਵਿੱਚ ਭਰਤੀ ਹੋਏ। ਫੌਜ਼ ਵਿੱਚ ਵੀ ਮਿਲਣਸਾਰ ਇਨਸਾਨ ਵਜੋਂ ਸਾਥੀਆਂ ਅਤੇ ਸੀਨੀਅਰ ਅਫਸਰਾਂ ਵਲੋਂ ਬਹੁਤ ਪਿਆਰ ਮਿਲਿਆ। ਕਰੀਬ 24 ਸਾਲ ਫੌਜ਼ ‘ਚ ਸੇਵਾ ਕਰਨ ਤੋਂ ਬਾਅਦ 2016 ਵਿੱਚ ਰਿਟਾਇਰ ਹੋਏ। ਨਾ ਸਿਰਫ ਸਿੰਘੂ ਬਾਰਡਰ ‘ਤੇ, ਬਲਕਿ ਮੇਜਰ ਖਾਨ ਆਪਣੇ ਆਪ ਨੂੰ ਕਿਸਾਨੀ ਲਹਿਰ ਲਈ ਪਹਿਲਾਂ ਹੀ ਸਮਰਪਿਤ ਕਰ ਚੁਕੇ ਹਨ। ਪਿਛਲੇ ਸਾਲ ਜਦ ਕਿਸਾਨ ਆਗੂ ਪਿੰਡਾਂ-ਮੋਟਰਾਂ ‘ਤੇ ਜਾ-ਜਾ ਕੇ ਕਿਸਾਨਾਂ ਨੂੰ ਇਹਨਾਂ ਕਾਨੂੰਨਾਂ ਵਾਰੇ ਦੱਸਿਆ ਕਰਦੇ ਸੀ ਤਾਂ ਵੀ ਮੇਜਰ ਖਾਨ ਦਿਨ ਰਾਤ ਆਪਣੀਆਂ ਸੇਵਾਵਾਂ ਦਿੰਦੇ ਰਹੇ।

ਮੇਜਰ ਦੀ ਇਕ ਗੱਲ ਹੋਰ ਵੱਖਰੀ ਹੈ। ਉਹ ਕਿਸੇ ਕੰਮ ਨੂੰ ਛੋਟਾ ਵੱਡਾ ਨਹੀਂ ਮੰਨਦੇ। ਜੋ ਕੰਮ ਉਨ੍ਹਾਂ ਨੂੰ ਜ਼ਰੂਰੀ ਜਾਪਦਾ ਉਸ ਕੰਮ ਵਿੱਚ ਬਿਨਾਂ ਕਿਸੇ ਦੇਰੀ ਤੋਂ ਹੀ ਜੁਟ ਜਾਂਦੇ ਨੇ। ਪੰਜਾਬ ਵਿੱਚ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਤਿੰਨ ਮਹੀਨੇ ਡਰਾਈਵਰ ਬਣੇ ਰਹੇ। ਸਿੰਘੂ ਮੋਰਚੇ ‘ਤੇ ਕਿਸਾਨਾਂ ਦੇ ਖਾਨ ਪੀਣ ਦਾ ਵਿਸ਼ੇਸ਼ ਤੌਰ ਤੇ ਖਿਆਲ ਰੱਖਦੇ ਨੇ। ਜੋ ਵੀ ਕਿਸਾਨ ਮੇਜਰ ਦੇ ਸੰਪਰਕ ਵਿੱਚ ਆਇਆ ਉਹ ਭੁੱਖਾ ਨਹੀਂ ਸੌਂ ਸਕਦਾ। ਮੇਜਰ ਖਾਨ ਕਿਸਾਨਾਂ ਨੂੰ ਇੱਕੋ ਹੀ ਗੱਲ ਕਹਿੰਦਾ ਹੈ ਕਿ ਤੁਸੀਂ ਸਰਕਾਰ ਨਾਲ ਲੜਨ ਵਿੱਚ ਕੋਈ ਕਸਰ ਨਾ ਛੱਡੋ, ਤੁਆਡੀ ਸੇਵਾ ਕਰਨ ਵਿੱਚ ਮੈਂ ਕੋਈ ਕਸਰ ਨਹੀਂ ਛੱਡਾਂਗਾ।

Exit mobile version