ਚੰਡੀਗੜ੍ਹ ( ਵਿਨੇ ਪ੍ਰਤਾਪ ਸਿੰਘ ) 14 ਮਾਰਚ 1823 ਸ਼ਹੀਦੀ ਅਕਾਲੀ ਬਾਬਾ ਫੂਲਾ ਸਿੰਘ ਜੀ
“ਮੁਰਸ਼ਦ ਇਨਕਾ ਵਲੀ ਭਯੋ ਹੈ”
“ਇਨਕੋ ਆਬੇ ਹਯਾਤ ਦਿਓ ਹੈ”
ਨੌਸ਼ਹਰੇ ਦੀ ਜੰਗ ਵੇਲ਼ੇ ਅਰਦਾਸਾ ਸੋਧਣ ਤੋਂ ਬਾਦ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਸੂਹੀਏ ਨੇ ਖਬ਼ਰ ਦਿੱਤੀ ਕਿ ਅਜ਼ੀਮ ਖਾਨ ਦੱਸ ਹਜ਼ਾਰ ਫੌਜ ਤੇ 40 ਵੱਡੀਆਂ ਤੋਪਾਂ ਲੈ ਕੇ ਗਾਜ਼ੀਆਂ ਦੀ ਮਦਦ ਲਈ ਆ ਰਿਹਾ ਹੈ ਤੇ ਸਿਰਫ਼ ਚਾਰ ਕੋਹ ਦੀ ਦੂਰੀ ਤੇ ਰਹਿ ਗਿਆ ਹੈ ਤਾਂ ਮਹਾਰਾਜਾ ਨੇ ਸੋਚਿਆ ਕਿ ਜਨਰਲ ਵੈਂਤੁਰਾ ਅੱਜ ਰਾਤ ਤੱਕ ਵੱਡੇ ਤੋਪਖਾਨੇ ਨਾਲ ਪਹੁੰਚ ਜਾਵੇਗਾ ਤੇ ਉਸ ਤੋਂ ਬਾਦ ਚੜ੍ਹਾਈ ਕੀਤੀ ਜਾਵੇ ਪਰ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਕਿਹਾ ਮਹਾਰਾਜਾ ਸਾਹਿਬ ਅਰਦਾਸ ਹੋ ਚੁੱਕੀ ਹੈ ਹੁਣ ਅਸੀਂ ਪਿੱਛੇ ਨਹੀਂ ਮੁੜਨਾ। ਇਹ ਸੂਰਮਾ ਆਪਣੇ ਸਿਰਫ਼ 1500 ਸੂਰਮਿਆਂ ਨੂੰ ਨਾਲ ਲੈ ਕੇ 30,000 ਗਾਜ਼ੀਆਂ ਦੇ ਗਲ ਜਾ ਪਿਆ, ਲੜਾਈ ਦਾ ਇਹ ਨਜ਼ਾਰਾ ਦੇਖ ਮਹਾਰਾਜੇ ਨੇ ਬਾਕੀ ਖਾਲਸਾ ਫੌਜ ਨੂੰ ਵੀ ਹਮਲੇ ਦਾ ਹੁਕਮ ਦੇ ਦਿੱਤਾ।
ਇਸੇ ਮੁਹਿੰਮ ਦੌਰਾਨ ਅੱਜ ਦੇ ਦਿਨ ‘14 ਮਾਰਚ 1823 ਨੂੰ ਖਾਲਸਾ ਰਾਜ ਦਾ ਪਹਿਲਾ ਤੇ ਸਭ ਤੋਂ ਮਜ਼ਬੂਤ ਥੰਮ੍ਹ ਗੋਲੀਆਂ ਲੱਗਣ ਨਾਲ ਸ਼ਹੀਦੀ ਜਾਮ ਪੀ ਗਿਆ ਸੀ।
ਇਹ ਜੰਗ ਏਨੀ ਭਿਆਨਕ ਸੀ ਕਿ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਇਸ ਮੈਦਾਨ ‘ਚ ਜਿਹੜੀ ਤੇਗ ਚਲਾਈ ਸੀ, ਓਹਦਾ ਡਰ ਪਠਾਣਾਂ ਦੇ ਦਿਲ ਵਿਚ ਸਦਾ ਲਈ ਬਹਿ ਗਿਆ ਸੀ। ਨੌਸ਼ੇਹਰੇ ਤੋਂ ਚਾਰ ਸੱਦੋਂ ਤੱਕ ਅੱਜ ਵੀ ਸੜਕ ਦੇ ਦੋਹੀਂ ਪਾਸੀ ਗਾਜ਼ੀਆਂ ਦੀਆਂ ਕਬਰਾਂ ਹੀ ਕਬਰਾਂ ਨਜ਼ਰੀਂ ਪੈਂਦੀਆਂ ਹਨ।
ਨੌਸ਼ਿਹਰਾ ਦੇ ਮੈਦਾਨ ਚੋਂ ਭੱਜ ਕੇ ਜਾਨ ਬਚਾਉਣ ਵਾਲਾ ਮੁੱਲਾਂ ਰਸ਼ੀਦ ਇੱਕ ਮਸ਼ਹੂਰ ਤੇ ਜੋਸ਼ ਵਾਲ਼ਾ ਗਾਜ਼ੀ ਤੇ ਮੰਨਿਆ-ਪ੍ਰਮੰਨਿਆ ਮੌਲਵੀ ਸੀ ਤੇ ਉਸਨੇ ਵੀ ਖਾਲਸੇ ਨਾਲ ਟੱਕਰ ਲੈਣ ਤੋਂ ਬਾਅਦ ਸਦਾ ਲਈ ਤੌਬਾ ਕਰ ਲਈ ਸੀ। ਉਹ ਕਹਿੰਦਾ ਸੀ ਸਿਰਫ਼ ਇੱਕੋ ਸ਼ਰਤ ਤੇ ਆਪਣਾ ਇਰਾਦਾ ਬਦਲ ਸਕਦਾਂ ਕਿ ਜੇ ਕੋਈ ਮੈਨੂੰ ਏਡਾ ਵੱਡਾ ਨੇਜ਼ਾ ਬਣਾ ਦੇਵੇ ਕਿ ਸਰਹੱਦ ਦੀਆਂ ਪਹਾੜੀਆਂ ਤੋਂ ਬੈਠ ਕੇ ਪੰਜਾਬ ਬੈਠੇ ਸਿੰਘਾਂ ਨੂੰ ਵਿੰਨ੍ਹ ਸਕਾਂ। ਤੇ ਆਪਣੇ ਪੈਰ ਚੁੰਮ ਕੇ ਕਹਿੰਦਾ ਇਨਾ ਦੀ ਬਦੌਲਤ ਹੀ ਮੈਂ ਬਚ ਸਕਿਆ ਹਾਂ।
ਇੱਕ ਵਾਰ ਜਦੋਂ ਕਾਬਲ ਦਾ ਨਵਾਬ ਪੇਸ਼ਾਵਰ ਗਿਆ ਤਾਂ ਉੱਥੋਂ ਦੇ ਗਵਰਨਰ ਨੂੰ ਕਹਿੰਦਾ ਕਿ ਜੇ ਏਨਾ ਮਜ਼ਬੂਤ ਕਿਲਾ ਕਾਬਲ ਚ ਹੁੰਦਾ ਤਾਂ ਬਹੁਤ ਕੰਮ ਦੇ ਸਕਦਾ ਸੀ। ਗਵਰਨਰ ਕਹਿਣ ਲੱਗਾ ਇਸ ਨੂੰ ਹੀ ਲੈ ਜਾਓ, ਤਾਂ ਨਵਾਬ ਥੋੜ੍ਹਾ ਗੁੱਸੇ ਚ ਕਹਿੰਦਾ ਓਹ ਕਿਵੇਂ ? ਗਵਰਨਰ ਕਹਿੰਦਾ ਆਪਣੇ ਤਕੜੇ-ਤਕੜੇ ਪਠਾਣ ਬੁਲਾਓ ਤੇ ਓਹਨਾਂ ਦੇ ਲੱਕਾਂ ਨੂੰ ਰੱਸਾ ਪਾਓ ਤੇ ਦੂਜਾ ਸਿਰਾ ਕਿਲੇ ਨੂੰ ਪਾਓ। ਫਿਰ ਅਕਾਲੀ ਬਾਬਾ ਫੂਲਾ ਸਿੰਘ ਦੀ ਸਮਾਧ ਵੱਲ ਉਂਗਲ ਕਰਕੇ ਕਹਿੰਦਾ, ਕੋਈ ਦੁਆ ਕਰਕੇ ਇਸ ਨੂੰ ਖੜਾ ਕਰ ਲਵੋ ਤੇ ਓਸ ਨੂੰ ਦੇਖਦੇ ਹੀ ਫੇਰ ਪਠਾਣਾਂ ਨੇ ਕਾਬਲ ਜਾ ਕੇ ਹੀ ਸਾਹ ਲੈਣਾ ਹੈ।