ਚੰਡੀਗੜ੍ਹ- ਇਕ ਚੀਨੀ ਖੋਜਾਰਥੀ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਮੁਲਕ ਵੂਹਾਨ, ਜੋ ਇਸ ਮਹਾਂਮਾਰੀ ਦਾ ਕੇਂਦਰ ਬਿੰਦੂ ਹੈ, ਵਿੱਚ ਘਾਤਕ ਨੋਵੇਲ ਕੋਰੋਨਾਵਾਇਸ ਦੇ ਟਾਕਰੇ ਲਈ ਵੈਕਸੀਨ ਵਿਕਸਤ ਕਰਨ ਲਈ ਤਜਰਬੇ ਕਰ ਰਿਹਾ ਹੈ, ਅਤੇ ਜੇਕਰ ਇਹ ਸਾਬਤ ਹੋ ਗਿਆ ਕਿ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਤੇ ਅਸਰਦਾਰ ਹੈ ਤਾਂ ਉਹ ਇਸ ਮਹਾਮਾਰੀ ਦੀ ਸਭ ਤੋਂ ਵੱਧ ਮਾਰ ਸਹਿਣ ਵਾਲੇ ਹੋਰਨਾਂ ਮੁਲਕਾਂ ਵਿੱਚ ਹੋਰ ਤਜਰਬੇ ਕਰਨ ਦੀ ਯੋਜਨਾ ਘੜ ਸਕਦਾ ਹੈ।
ਚਾਈਨਜ਼ ਅਕੈਡਮੀ ਆਫ਼ ਇੰਜਨੀਅਰਿੰਗ ਦੇ ਮੈਂਬਰ ਚੈਨ ਨੇ ਵੀ ਕਿਹਾ ਕਿ ਸਰਕਾਰ ਦੀ ਪ੍ਰਵਾਨਗੀ ਮਗਰੋਂ ਵੈਕਸੀਨ ’ਤੇ ਪਹਿਲੇ ਗੇੜ ਦਾ ਕਲੀਨਿਕ ਟਰਾਇਲ 16 ਮਾਰਚ ਨੂੰ ਵੂਹਾਨ ਵਿੱਚ ਸ਼ੁਰੂ ਹੋ ਗਿਆ ਸੀ। ਹਾਲ ਦੀ ਘੜੀ ਟਰਾਇਲ ਮੌਕੇ ਕੋਈ ਦਿੱਕਤ ਨਹੀਂ ਆਈ ਅਤੇ ਇਸ ਤੇ ਨਤੀਜੇ ਅਪਰੈਲ ਵਿੱਚ ਪ੍ਰਕਾਸ਼ਿਤ ਕੀਤੇ ਜਾਣਗੇ। ਚੈਨ ਨੇ ਕਿਹਾ ਕਿ ਵੈਕਸੀਨ ਚੀਨ ਵਿੱਚ ਰਹਿੰਦੇ ਵਿਦੇਸ਼ੀਆਂ ’ਤੇ ਵੀ ਅਜ਼ਮਾਈ ਜਾਏਗੀ।
ਜੌਹਨਸਨ ਐਂਡ ਜੌਹਨਸਨ ਦੇ ਟੀਕੇ ਦੀ ਪਰਖ ਸਤੰਬਰ ’ਚ…
ਵਾਸ਼ਿੰਗਟਨ: ਜੌਹਨਸਨ ਐਂਡ ਜੌਹਨਸਨ ਨੇ ਕਿਹਾ ਹੈ ਕਿ ਉਸ ਨੇ ਕਰੋਨਾਵਾਇਰਸ ਦੇ ਇਲਾਜ ਲਈ ਸੰਭਾਵੀ ਟੀਕੇ ਦੀ ਪਛਾਣ ਕਰ ਲਈ ਹੈ, ਜਿਸ ਦਾ ਇਸ ਸਾਲ ਸਤੰਬਰ ਤੋਂ ਮਨੁੱਖਾਂ ’ਤੇ ਪ੍ਰੀਖਣ ਕੀਤਾ ਜਾਵੇਗਾ। ਜੇਕਰ ਸਭ ਕੁਝ ਠੀਕ ਰਿਹਾ ਤਾਂ ਅਗਲੇ ਸਾਲ ਦੇ ਸ਼ੁਰੂਆਤੀ ਮਹੀਨਿਆਂ ਵਿੱਚ ਹੰਗਾਮੀ ਹਾਲਾਤ ਵਿੱਚ ਵਰਤੋਂ ਲਈ ਉਪਲੱਬਧ ਵੀ ਹੋ ਸਕਦਾ ਹੈ। ਕੰਪਨੀ ਨੇ ਲੰਘੇ ਦਿਨ ਕਿਹਾ ਕਿ ਫਾਰਮਾਸਿਊਟੀਕਲ ਕੰਪਨੀ ਨੇ ਅਮਰੀਕੀ ਸਰਕਾਰ ਦੀ ਬਾਇਓਮੈਡੀਕਲ ਐਡਵਾਂਸ ਰਿਸਰਚ ਐਂਡ ਡਿਵੈਲਪਮੈਂਟ ਅਥਾਰਟੀ ਨਾਲ ਕਰਾਰ ਕੀਤਾ ਹੈ।