The Khalas Tv Blog Punjab ਖੇਤੀ ਆਰਡੀਨੈਂਸ ਮਾਮਲੇ ‘ਚ ਕਿਸਾਨਾਂ ਦੀ ਹਮਦਰਦੀ ਲੈਣ ਲਈ ਸੁਖਬੀਰ ਬਾਦਲ ਕਰ ਰਹੇ ਹਨ ਢਕਵੰਜ: CM ਕੈਪਟਨ
Punjab

ਖੇਤੀ ਆਰਡੀਨੈਂਸ ਮਾਮਲੇ ‘ਚ ਕਿਸਾਨਾਂ ਦੀ ਹਮਦਰਦੀ ਲੈਣ ਲਈ ਸੁਖਬੀਰ ਬਾਦਲ ਕਰ ਰਹੇ ਹਨ ਢਕਵੰਜ: CM ਕੈਪਟਨ

‘ਦ ਖ਼ਾਲਸ ਬਿਊਰੋ:- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕਿਸਾਨਾਂ ਦੇ ਅੱਖੀਂ ਘੱਟਾ ਪਾਉਣ ਲਈ 3 ਖੇਤੀ ਆਰਡੀਨੈਂਸਾਂ ‘ਤੇ ਆਪਣੇ ਪਹਿਲੇ ਸਟੈਂਡ ਤੋਂ ਅਚਾਨਕ ਪਲਟਣ ਦੇ ਕਦਮ ਨੂੰ ਢਕਵੰਜ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਸੁਖਬੀਰ ਬਾਦਲ ਨੂੰ ਇਸ ਮਸਲੇ ‘ਤੇ ਆਪਣੀ ਪਾਰਟੀ ਦੀ ਕਿਸਾਨਾਂ ਪ੍ਰਤੀ ਸੰਜੀਦਗੀ ਸਿੱਧ ਕਰਨ ਲਈ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦਾ ਸਾਥ ਛੱਡਣ ਦੀ ਚੁਣੌਤੀ ਦਿੱਤੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਵਿੱਚ ਗੱਠਜੋੜ ਸਰਕਾਰ ਦਾ ਭਾਈਵਾਲ ਹੋਣ ਦੇ ਨਾਤੇ ਆਰਡੀਨੈਂਸ ਲਿਆਉਣ ਵਿੱਚ ਅਕਾਲੀ ਦਲ ਵੀ ਸ਼ਾਮਲ ਹੈ ਅਤੇ ਇਹਨਾਂ  ਨੇ ਆਰਡੀਨੈਂਸਾਂ ਦੀ ਬਿਨਾਂ ਸ਼ਰਤ ਹਮਾਇਤ ਵੀ ਕੀਤੀ ਸੀ।  ਮੁੱਖ ਮੰਤਰੀ ਨੇ ਇਸ ਮੁੱਦੇ ‘ਤੇ ਅਕਾਲੀਆਂ ਵੱਲੋਂ ਦੂਹਰੇ ਮਾਪਦੰਡ ਅਪਣਾਉਣ ਲਈ ਸੁਖਬੀਰ ਬਾਦਲ ਨੂੰ ਆੜੇ ਹੱਥੀਂ ਲੈਂਦਿਆਂ ਪੁੱਛਿਆ ਕਿ ਜਦੋਂ ਵੀ ਕੇਂਦਰ ਸਰਕਾਰ ਇਹਨਾਂ ਆਰਡੀਨੈਂਸਾਂ ਨੂੰ ਸੰਸਦ ਵਿੱਚ ਪਾਸ ਕਰਵਾਉਣ ਲਈ ਪੇਸ਼ ਕਰੇਗੀ ਤਾਂ ਕੀ ਅਕਾਲੀ ਲੀਡਰ ਇਹਨਾਂ  ਦੇ ਖਿਲਾਫ ਵੋਟ ਪਾਉਣ ਲਈ ਤਿਆਰ ਹੋਣਗੇ?

ਮੁੱਖ ਮੰਤਰੀ ਨੇ ਸੂਬੇ ਨਾਲ ਜੁੜੇ ਹੋਰ ਵੱਡੇ ਮੁੱਦਿਆਂ ਵਿੱਚ ਸੀ.ਏ.ਏ/ਐਨ.ਸੀ.ਆਰ ‘ਤੇ ਅਕਾਲੀ ਦਲ ਦੇ ਰੁਖ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਅਕਾਲੀਆਂ ਨੇ ਦੂਹਰੇ ਮਾਪਦੰਡਾਂ ਨੂੰ ਛੱਡਣ ਦੀ ਬਜਾਏ ਇਸਨੂੰ ਆਪਣੀ ਆਦਤ ਬਣਾ ਲਿਆ ਹੈ। ਉਹਨਾਂ ਕਿਹਾ “ਜਦੋਂ ਆਰਡੀਨੈਂਸ ਲਿਆਂਦੇ ਜਾ ਰਹੇ ਸਨ ਤਾਂ ਉਹ ਕੀ ਕਰ ਰਹੇ ਸਨ? ਉਨ੍ਹਾਂ ਨੇ ਇਤਰਾਜ਼ ਕਿਉਂ ਨਹੀਂ ਕੀਤਾ? ’’

ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ  ਵੱਲੋਂ ਕੇਂਦਰ ਨੂੰ ‘ਆਰਡੀਨੈਂਸਾਂ ‘ਤੇ ਜਲਦਬਾਜ਼ੀ ਨਾ ਕਰਨ’ ਦੀ  ਅਪੀਲ ਕਰਨ ਸਬੰਧੀ ਅਚਾਨਕ ਲਏ ਗਏ ਫੈਸਲੇ ਤੋਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ, ਜਿਸ ਵਿੱਚ ਤਕਰੀਬਨ 18 ਮਹੀਨੇ ਰਹਿ ਗਏ ਹਨ, ਨੂੰ ਵੇਖਦਿਆਂ ਕਿਸਾਨ ਯੂਨੀਅਨਾਂ/ਸੰਗਠਨਾਂ ਦੀ ਨਜ਼ਰ ਵਿੱਚ ਆਪਣਾ ਅਕਸ ਸੁਧਾਰਨ ਦੀ ਉਹਨਾਂ ਦੀ ਕੋਸ਼ਿਸ਼ ਸਾਫ਼ ਝਲਕਦੀ ਹੈ। ਕਿਸਾਨਾਂ ਦੇ ਹਿੱਤਾਂ ਤੋਂ ਬੁਰੀ ਤਰ੍ਹਾਂ ਕਿਨਾਰਾ ਕਰਨ ਤੋਂ ਬਾਅਦ ਅਕਾਲੀ ਹੁਣ ਨਵੇਂ ਪੈਂਤੜੇ ਨਾਲ ਆਪਣੇ ਮਾੜੇ ਕੰਮਾਂ ‘ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਉਹਨਾਂ ਕਿਹਾ ਕਿ ਕਿਸਾਨਾਂ ਸਮੇਤ ਪੰਜਾਬ ਦੇ ਲੋਕ ਇਹ ਚੰਗੀ ਤਰਾਂ ਜਾਣਦੇ ਹਨ ਕਿ ਸੁਖਬੀਰ ‘ਤੇ ਭਰੋਸਾ ਕੀਤਾ ਜਾ ਸਕਦਾ ਹੈ ਜਾਂ ਨਹੀਂ।  ਉਹਨਾਂ ਬਾਦਲ ਨੂੰ ਸਵਾਲ ਕੀਤਾ ਕਿ “ਕਾਂਗਰਸ ਸਮੇਤ ਸਮਾਨ ਸੋਚ ਵਾਲੀਆਂ ਪਾਰਟੀਆਂ ਨੇ ਸਰਬ ਪਾਰਟੀ ਮੀਟਿੰਗ ਦੌਰਾਨ ਜੂਨ ਵਿੱਚ ਆਰਡੀਨੈਂਸ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਸੀ।  ਉਹ ਉਦੋਂ ਕੀ ਕਰ ਰਹੇ ਸਨ? ਉਦੋਂ ਉਹਨਾਂ ਨੇ ਸਾਡੇ ਸਟੈਂਡ ਦਾ ਸਮਰਥਨ ਕਿਉਂ ਨਹੀਂ ਕੀਤਾ? ”

ਮੁੱਖ ਮੰਤਰੀ ਨੇ ਕਿਸਾਨਾਂ ਦੀ ਚਿੰਤਾ ਸਬੰਧੀ ਵਿਚਾਰ ਵਟਾਂਦਰੇ ਲਈ ਕੇਂਦਰ ਸਰਕਾਰ ਨੂੰ ਮਿਲਣ ਵਾਸਤੇ ਸੁਖਬੀਰ ਦੀ ਅਗਵਾਈ ਹੇਠ ਇੱਕ ਵਫ਼ਦ ਭੇਜਣ ਬਾਰੇ ਅਕਾਲੀ ਦਲ ਦੇ ਫੈਸਲੇ ਨੂੰ ਹਾਸੋਹੀਣਾ ਕਰਾਰ ਦਿੱਤਾ। ਇਸ ਸਬੰਧ ਵਿੱਚ ਅਕਾਲੀਆਂ ਦੇ ਇੰਨੀ ਦੇਰ ਬਾਅਦ ਜਾਗਣ ‘ਤੇ ਸਵਾਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਤੱਕ ਪਹੁੰਚ ਕਰਨ ਦਾ ਫੈਸਲਾ ਸਰਬ ਪਾਰਟੀ ਨੇ ਜੂਨ ਵਿੱਚ ਹੀ ਲਿਆ ਸੀ।

 ਸੁਖਬੀਰ ਨੂੰ ਆਪਣੀਆਂ ਘਟੀਆਂ ਚਾਲਾਂ ਨਾਲ ਪੰਜਾਬ ਦੇ ਲੋਕਾਂ ਨੂੰ ਮੂਰਖ਼ ਬਣਾਉਣਾ ਬੰਦ ਕਰਨ ਦੀ ਗੱਲ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀ ਦਲ ਦੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਕੋਈ ਵੀ ਕੁਰਬਾਨੀ ਕਰਨ ਲਈ ਤਿਆਰ ਰਹਿਣ ਦੇ ਦਾਅਵੇ ਪੂਰੀ ਤਰ੍ਹਾਂ ਝੂਠੇ ਪੈ ਗਏ ਹਨ।

ਉਹਨਾਂ  ਸੁਖਬੀਰ ਨੂੰ ਪੁੱਛਿਆ ਕਿ “ਤੁਹਾਡੀ ਪਤਨੀ ਕੇਂਦਰੀ ਮੰਤਰੀ ਹੈ। ਕੀ ਉਹਨਾਂ ਨੇ ਇੱਕ ਵਾਰ ਵੀ ਮੰਤਰੀ ਮੰਡਲ ਵਿਚੱ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਉਠਾਈ?”  ਉਹਨਾਂ ਕਿਹਾ ਕਿ ਇਸ ਦੇ ਉਲਟ ਕੇਂਦਰੀ ਮੰਤਰੀ ਮੰਡਲ ਵਿੱਚ ਅਕਾਲੀਆਂ ਦੀ ਮੌਜੂਦਗੀ ਨੇ ਇਹ ਸੁਨਿਸ਼ਚਿਤ ਕਰ ਦਿੱਤਾ ਹੈ ਕਿ ਕਾਂਗਰਸ ਦੀ ਅਗਵਾਈ ਵਾਲੇ ਪੰਜਾਬ ਸੂਬੇ ਨਾਲ ਕੇਂਦਰ ਸਰਕਾਰ ਵੱਲੋਂ ਮਤਰੇਈ ਮਾਂ ਵਾਲਾ ਸਲੂਕ ਜਾਰੀ ਰਹੇਗਾ।

Exit mobile version