‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਓਮੀਕਰੌਨ ਵੈਰੀਐਂਟ ਦੀ ਦਹਿਸ਼ਤ ਦੇ ਵਿਚਾਲੇ ਕੈਨੇਡਾ ਨੇ ਆਪਣੇ ਹਵਾਈ ਅੱਡਿਆਂ ’ਤੇ ਫਿਰ ਤੋਂ ਚੌਕਸੀ ਵਧਾ ਦਿੱਤੀ ਹੈ। ਕੌਮਾਂਤਰੀ ਹਵਾਈ ਅੱਡਿਆਂ ’ਤੇ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੇ ਕੋਰੋਨਾ ਟੈਸਟ ਕਰਨ ਦੇ ਪ੍ਰਬੰਧ ਮੁਕੰਮਲ ਕੀਤੇ ਜਾ ਰਹੇ ਹਨ। ਇਸ ਦੇ ਚਲਦਿਆਂ ਕੈਨੇਡਾ ਦੇ ਸਭ ਤੋਂ ਵੱਡੇ ਹਵਾਈ ਅੱਡੇ, ਟੋਰਾਂਟੋ ਪੀਅਰਸਨ ਇੰਟਰਨੈਸ਼ਨ ਏਅਰਪੋਰਟ ’ਤੇ 6 ਦਸੰਬਰ ਤੋਂ ਟੈਸਟ ਸ਼ੁਰੂ ਕੀਤੇ ਜਾ ਰਹੇ ਹਨ।ਇਸ ਟੈਸਟ ਤੋਂ ਅਮਰੀਕਾ ਦੇ ਪੱਕੇ ਵਾਸੀਆਂ ਨੂੰ ਛੋਟ ਹੋਵੇਗੀ, ਪਰ ਹਵਾਈ ਅੱਡੇ ਦੇ ਦੋਵਾਂ ਟਰਮੀਨਲਾਂ (1 ਤੇ 3) ’ਚ ਪੁੱਜਣ ਵਾਲੇ ਬਾਕੀ ਸਾਰੇ ਯਾਤਰੀਆਂ ਦੇ ਟੈਸਟ ਕੀਤੇ ਜਾਣਗੇ, ਜਿਸ ’ਚ ਦਿੱਲੀ ਤੋਂ ਏਅਰ ਇੰਡੀਆ ਅਤੇ ਏਅਰ ਕੈਨੇਡਾ ਦੀ ਸਿੱਧੀ ਉਡਾਣ ਦੇ ਯਾਤਰੀ ਵੀ ਸ਼ਾਮਲ ਹੋਣਗੇ। ਕੈਨੇਡਾ ਦੇ ਸਿਹਤ ਮੰਤਰੀ ਜੀਨ ਇਵੇਸ ਡੁਕਲਸ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈ ਚੁੱਕੇ ਯਾਤਰੀਆਂ ਲਈ ਵੀ ਕੋਰੋਨਾ ਟੈਸਟ ਲਾਜ਼ਮੀ ਕੀਤਾ ਗਿਆ ਹੈ।ਇਸ ਟੈਸਟ ਦੀ ਰਿਪੋਰਟ ਆਉਣ ਤੱਕ ਹਰੇਕ ਯਾਤਰੀ ਨੂੰ ਏਕਾਂਤਵਾਸ ਰਹਿਣਾ ਪਏਗਾ। ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਫੈਡਰਲ ਸਰਕਾਰ ਨੇ ਇਹ ਕਦਮ ਚੁੱਕੇ ਹਨ। ਦੱਸ ਦੇਈਏ ਕਿ ਕੋਰੋਨਾ ਦਾ ਨਵਾਂ ਵੈਰੀਐਂਟ ਓਮੀਕ੍ਰੌਨ ਦੁਨੀਆ ਦਾ ਬਹੁਤ ਸਾਰੇ ਮੁਲਕਾਂ ਵਿੱਚ ਫੈਲ ਚੁੱਕਾ ਹੈ ਤੇ ਕੈਨੇਡਾ ਵੀ ਇਸ ਤੋਂ ਬਚ ਨਹੀਂ ਸਕਿਆ। ਇਸ ਨੂੰ ਮੱਦੇਨਜ਼ਰ ਰੱਖਦਿਆਂ ਹੁਣ ਇੱਕ ਵਾਰ ਫਿਰ ਤੋਂ ਦੇਸ਼ ਦੇ ਸਾਰੇ ਹੀ ਹਵਾਈ ਅੱਡਿਆਂ ’ਤੇ ਚੌਕਸੀ ਵਧਾਈ ਜਾ ਰਹੀ ਹੈ।ਦੱਖਣੀ ਅਫਰੀਕੀ ਦੇਸ਼ਾਂ ਨੂੰ ਓਮੀਕਰੌਨ ਦਾ ਜੰਮਪਲ ਦੱਸਿਆ ਜਾ ਰਿਹਾ ਹੈ, ਪਰ ਯੂਰਪੀ ਮੁਲਕਾਂ ਵਿੱਚ ਵੀ ਇਸ ਦੇ ਕਾਫ਼ੀ ਜ਼ਿਆਦਾ ਕੇਸ ਸਾਹਮਣੇ ਆਏ ਤੇ ਹੁਣ ਤਾਂ ਕੈਨੇਡਾ, ਅਮਰੀਕਾ ਤੇ ਭਾਰਤ ਸਣੇ ਵਿਸ਼ਵ ਦੇ ਦੂਜੇ ਮੁਲਕਾਂ ਵਿੱਚ ਇਸ ਵਾਇਰਸ ਨੇ ਦਸਤਕ ਦੇ ਦਿੱਤੀ ਹੈ। ਇਸ ਕੇਸ ਲਗਾਤਾਰ ਵਧਦੇ ਜਾ ਰਹੇ ਹਨ।
View Comments