ਚੰਡੀਗੜ੍ਹ- ਮੌੜ ਮੰਡੀ ਦੇ ਵਾਰਡ ਨੰਬਰ 10 ਗਾਂਧੀ ਬਸਤੀ ਵਿਚ ਬੀਤੀ ਰਾਤ ਬਾਰਿਸ਼ ਕਾਰਨ ਇਕ ਘਰ ਦੀ ਛੱਤ ਡਿੱਗ ਗਈ। ਛੱਤ ਡਿੱਗਣ ਕਾਰਨ 3 ਜੀਆ ਮਾਂ ਸੁਨੀਤਾ ਦੇਵੀ, ਪੁੱਤ ਰਾਕੇਸ਼ ਕੁਮਾਰ ਅਤੇ ਧੀ ਮਮਤੀ ਰਾਨੀ ਦੀ ਮੌਤ ਹੋ ਗਈ। ਤਿੰਨਾਂ ਮ੍ਰਿਤਕਾਂ ਨੂੰ ਪੋਸਟਮਾਰਟਮ ਲਈ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ‘ਚ ਲਿਜਾਇਆ ਗਿਆ ਹੈ। ਮ੍ਰਿਤਕਾ ਸੁਨੀਤਾ ਦੇਵੀ ਦੇ ਪਤੀ ਦੀ ਇਕ ਸਾਲ ਪਹਿਲੇ ਹੀ ਮੌਤ ਹੋ ਚੁੱਕੀ ਸੀ।
8 ਮਾਰਚ ਨੂੰ ਸੰਗਰੂਰ ‘ਚ ਵੀ ਇਕ ਮਜ਼ਦੂਰ ਪਰਿਵਾਰ ਦੇ ਘਰ ਦੀ ਛੱਤ ਡਿੱਗਣ ਕਾਰਨ ਪਤੀ-ਪਤਨੀ ਸਮੇਤ ਦੋ ਬੱਚਿਆਂ ਦੀ ਮੌਤ ਹੋ ਗਈ ਸੀ ਅਤੇ ਪਰਿਵਾਰ ਦੇ ਤਿੰਨ ਜੀਅ ਜ਼ਖ਼ਮੀ ਹੋ ਗਏ ਸਨ। ਸੁਨਾਮ ਰੇਲਵੇ ਸਟੇਸ਼ਨ ਦੇ ਸਾਹਮਣੇ ਇੰਦਰਾ ਬਸਤੀ ‘ਚ ਬਲਵੀਰ ਕੁਮਾਰ ਨਾਂ ਦਾ ਇਕ ਮਜ਼ਦੂਰ ਆਪਣੇ ਪਰਿਵਾਰ ਸਮੇਤ ਇਕੋਂ ਕਮਰੇ ‘ਚ ਰਹਿ ਰਿਹਾ ਸੀ। ਘਰ ਦੀ ਛੱਤ ਪੁਰਾਣੀ ਹੋਣ ਕਾਰਨ ਛੱਤ ਅਚਾਨਕ ਡਿੱਗ ਗਈ ਸੀ।
ਇਸ ਤੋਂ ਪਹਿਲਾਂ ਭਾਈ ਵੀਰ ਸਿੰਘ ਕਾਲੋਨੀ ਪਿੰਡ ਮੂਲੇਚੱਕ 5 ਮਾਰਚ ਨੂੰ ਰਾਤ 2 ਵਜੇ ਦੇ ਕਰੀਬ ਭਾਰੀ ਮੀਂਹ ਇਕ ਪਰਿਵਾਰ ‘ਤੇ ਕਹਿਰ ਬਣ ਕੇ ਟੁੱਟ ਪਿਆ, ਜਿਸ ਨਾਲ ਬੱਚਿਆਂ ਸਮੇਤ 4 ਦੀ ਮੌਤ ਅਤੇ ਇਕ 6 ਸਾਲ ਦੀ ਬੱਚੀ ਜ਼ਖਮੀ ਹੋ ਗਈ ਸੀ।
ਵੀਰਵਾਰ ਰਾਤ ਨੂੰ ਅਜੇ ਕੁਮਾਰ, ਪਤਨੀ ਮਾਨਵੀ, 6 ਸਾਲਾ ਬੇਟੀ ਨੈਨਾ ਅਤੇ 2 ਜੌੜੇ 6 ਮਹੀਨਿਆਂ ਦੇ ਬੱਚੇ ਯੁਗਰਾਜ ਅਤੇ ਮੰਨਤ ਸੁੱਤੇ ਪਏ ਸਨ। ਅਚਾਨਕ ਮੀਂਹ ‘ਚ ਘਰ ਦੀ ਕੱਚੀ ਛੱਤ ਡਿੱਗਣ ਨਾਲ ਜੌੜੇ ਬੱਚਿਆਂ ਸਮੇਤ ਮਾਤਾ-ਪਿਤਾ ਦੀ ਮੌਤ ਹੋ ਗਈ ਅਤੇ 6 ਸਾਲਾ ਬੱਚੀ ਗੰਭੀਰ ਜ਼ਖ਼ਮੀ ਹੋ ਗਈ। ਛੱਤ ਡਿੱਗਣ ‘ਤੇ ਗੁਆਂਢੀਆਂ ਨੇ ਮ੍ਰਿਤਕ ਦੇਹਾਂ ਅਤੇ ਜ਼ਖ਼ਮੀ ਬੱਚੀ ਨੂੰ ਬਾਹਰ ਕੱਢ ਕੇ 108 ਐਂਬੂਲੈਂਸ ਰਾਹੀਂ ਹਸਪਤਾਲ ਭੇਜਿਆ ਸੀ।