ਚੰਡੀਗੜ੍ਹ- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਨਾਗਰਿਕਾਂ ਨੂੰ ਕੋਰੋਨਾਵਾਇਰਸ ਦੇ ਮੱਦੇਨਜ਼ਰ ਵੱਡੀ ਰਾਹਤ ਦਿੱਤੀ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਕਿਸੇ ਹੋਰ ਬੈਂਕ ਦੇ ਏਟੀਐੱਮ ਤੋਂ ਪੈਸੇ ਕਢਵਾਉਣ ਲਈ ਕਾਰਡ ਧਾਰਕਾਂ ਨੂੰ ਕੋਈ ਫੀਸ ਨਹੀਂ ਦੇਣੀ ਪਵੇਗੀ। ਵਿੱਤ ਮੰਤਰੀ ਨੇ ਕਿਹਾ ਕਿ ਭਾਵੇਂ ਕੋਈ ਵੀ ਏਟੀਐੱਮ,ਡੈਬਿਟ ਕਾਰਡ ਧਾਰਕ ਨੂੰ ਏਟੀਐੱਮ ਚੋਂ ਪੈਸੇ ਕਢਵਾਉਣ ਸਮੇਂ ਕੋਈ ਚਾਰਜ ਨਹੀਂ ਦੇਣਾ ਪਏਗਾ।
ਬੈਂਕ ਹਰ ਮਹੀਨੇ ਆਪਣੇ ਗਾਹਕਾਂ ਨੂੰ ਕੁੱਝ ਹੀ ਗਿਣਤੀ ‘ਚ ਏਟੀਐੱਮ ਦੀ ਮੁਫਤ ਟ੍ਰਾਂਜੈਕਸ਼ਨ ਦੀ ਪੇਸ਼ਕਸ਼ ਕਰਦੇ ਹਨ ਪਰ ਜਿਵੇਂ ਹੀ ਮੁਫ਼ਤ ਟ੍ਰਾਂਜੈਕਸ਼ਨ ਖ਼ਤਮ ਹੋ ਜਾਂਦੀ ਹੈ, ਬੈਂਕ ਅਗਲੇ ਟ੍ਰਾਂਜੈਕਸ਼ਨਾਂ ਲਈ ਪੈਸੇ ਕੱਟਣਾ ਸ਼ੁਰੂ ਕਰ ਦਿੰਦੇ ਹਨ। ਜ਼ਿਆਦਾਤਰ ਬੈਂਕ 5 ਤੋਂ 8 ਮੁਫ਼ਤ ਏਟੀਐੱਮ ਟ੍ਰਾਂਜੈਕਸ਼ਨਾਂ ਦੀ ਪੇਸ਼ਕਸ਼ ਕਰਦੇ ਹਨ। ਇਸ ਤੋਂ ਬਾਅਦ ਬੈਂਕ ਚਾਰਜ ਵਸੂਲਦਾ ਹੈ। ਵਿੱਤ ਮੰਤਰੀ ਨੇ ਇਨਕਮ ਟੈਕਸ ਰਿਟਰਨ ਦੀ ਤਾਰੀਕ 30 ਜੂਨ ਤੱਕ ਕਰ ਦਿੱਤੀ ਹੈ। ਪਹਿਲਾਂ ਰਿਟਰਨ ਭਰਨ ਦੀ ਤਾਰੀਕ 31 ਮਾਰਚ ਸੀ। ਰਿਟਰਨ ਵਿੱਚ ਦੇਰੀ ਕਾਰਨ 12% ਦੀ ਥਾਂ 9% ਚਾਰਜ ਲੱਗੇਗਾ। TDS ’ਤੇ ਵਿਆਜ 18% ਦੀ ਥਾਂ 9% ਹੀ ਲੱਗੇਗਾ। ਆਧਾਰ-ਪੈਨ ਕਾਰਡ ਲਿੰਕ ਕਰਨ ਦੀ ਤਾਰੀਕ ਵੀ 20 ਜੂਨ ਤੱਕ ਵਧਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਮਾਰਚ-ਅਪ੍ਰੈਲ-ਮਈ ਮਹੀਨਿਆਂ ਦੀ GST ਦੀ ਤਾਰੀਕ 30 ਜੂਨ ਤੱਕ ਵਧਾਈ ਗਈ ਹੈ। ਨਿਰਮਲਾ ਸੀਤਾਰਮਨ ਨੇ ਕਿਹਾ ਕਿ ਜਲਦੀ ਹੀ ਆਰਥਿਕ ਪੈਕੇਜ ਦਾ ਵੀ ਐਲਾਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਨੇ ਲਾਕਡਾਊਨ ਨੂੰ ਜ਼ਰੂਰੀ ਦੱਸਿਆ ਹੈ।