The Khalas Tv Blog International ਅੱਤਵਾਦੀਆਂ ਦੀ ਮਦਦ ਕਰਨ ਵਾਲੇ ਕੈਨੇਡੀਅਨ ਨੂੰ ਅਮਰੀਕਾ ’ਚ 20 ਸਾਲ ਕੈਦ
International

ਅੱਤਵਾਦੀਆਂ ਦੀ ਮਦਦ ਕਰਨ ਵਾਲੇ ਕੈਨੇਡੀਅਨ ਨੂੰ ਅਮਰੀਕਾ ’ਚ 20 ਸਾਲ ਕੈਦ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਸੀਰੀਆ ਦੇ ਅੱਤਵਾਦੀਆਂ ਨੂੰ ਫੰਡਿੰਗ ਮੁਹੱਈਆ ਕਰਵਾਉਣ ਵਾਲੇ ਇੱਕ ਕੈਨੇਡੀਅਨ ਨਾਗਰਿਕ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ, ਜਿਸ ਨੂੰ ਅਮਰੀਕੀ ਅਦਾਲਤ ਨੇ ਦੋਸ਼ੀ ਕਰਾਰ ਦਿੰਦੇ ਹੋਏ 20 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਯੂਐਸ ਡਿਪਾਰਟਮੈਂਟ ਆਫ਼ ਜਸਟਿਸ ਮੁਤਾਬਕ ਐਡਮਿੰਟਨ ਦੇ ਸਾਬਕਾ ਵਾਸੀ ਅਬਦੁਲਾਹੀ ਅਹਿਮਦ ਅਬਦੁਲਾਹੀ ਨੇ ਨਵੰਬਰ 2013 ਅਤੇ ਮਾਰਚ 2014 ਵਿਚਾਲੇ ਆਪਣੇ ਚਾਰ ਰਿਸ਼ਤੇਦਾਰਾਂ ਦੀ ਵਿੱਤੀ ਸਹਾਇਤਾ ਕੀਤੀ ਸੀ, ਜਿਹੜੇ ਕਿ ਕਈ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਸਨ। ਇਨ੍ਹਾਂ ਵਿੱਚ ਸੈਨ ਡਿਏਗੋ ਦਾ ਵਾਸੀ ਡਗਲਜ਼ ਮੈਕੇਨ ਵੀ ਸ਼ਾਮਲ ਸੀ, ਜਿਸ ਨੂੰ ਅਬਦੁਲਾਹੀ ਅਹਿਮਦ ਨੇ ਜਹਾਜ਼ ਦੇ ਟਿਕਟ ਤੋਂ ਲੈ ਕੇ ਰਿਹਾਇਸ਼ ਤੱਕ ਦੇ ਖਰਚੇ ਲਈ ਫੰਡ ਮੁਹੱਈਆ ਕਰਵਾਇਆ ਸੀ। ਮੈਕੇਨ ਅੱਤਵਾਦੀ ਸੰਗਠਨ ਆਈਐਸਆਈਐਸ ਲਈ ਮਾਰਿਆ ਗਿਆ ਪਹਿਲਾ ਅਮਰੀਕੀ ਸ਼ਖਸ ਸੀ।

ਮੈਕੇਨ ਸਣੇ ਅਬਦੁਲਾਹੀ ਦੇ ਪੰਜ ਰਿਸ਼ਤੇਦਾਰ ਜਾਂ ਦੋਸਤ ਸਨ, ਜੋ ਸੈਨ ਡਿਏਗੋ, ਮਿਨੀਆਪੋਲਿਸ ਅਤੇ ਐਡਮਿੰਟਨ ਤੋਂ ਸੀਰੀਆ ਗਏ ਸੀ, ਜਿੱਥੇ ਅੱਤਵਾਦੀ ਸਮੂਹ ਲਈ ਲੜਦੇ ਹੋਏ ਇਨ੍ਹਾਂ ਸਾਰਿਆਂ ਦੀ ਜਾਨ ਚਲੀ ਗਈ। ਅਮਰੀਕਾ ਦੇ ਨਿਆਂ ਵਿਭਾਗ ਦਾ ਕਹਿਣਾ ਹੈ ਕਿ ਅਬਦੁਲਾਹੀ ਨੇ ਸੀਰੀਆ ਦੀ ਸਰਹੱਦ ਤੋਂ 65 ਕਿਲੋਮੀਟਰ ਦੂਰ ਸਥਿਤ ਤੁਰਕੀ ਦੇ ਗਾਜ਼ੀਅਨਟੇਪ ਸ਼ਹਿਰ ਦੇ ਵਿਚੋਲਿਆਂ ਨੂੰ ਵੀ ਫੰਡ ਭੇਜਿਆ ਸੀ। ਇੱਥੋਂ ਦੇ ਇਹ ਵਿਚੋਲੀਆ ਸਮੂਹ ਅੱਤਵਾਦੀਆਂ ਦੀ ਮਦਦ ਕਰਨ ਲਈ ਜਾਣੇ ਜਾਂਦੇ ਹਨ। ਇਸ ਤੋਂ ਇਲਾਵਾ ਅਬਦੁਲਾਹੀ ਕੈਨੇਡਾ ’ਚ ਡਕੈਤੀ ਦੇ ਦੋਸ਼ਾਂ ਦਾ ਵੀ ਸਾਹਮਣਾ ਕਰ ਰਿਹਾ ਹੈ, ਉਸ ’ਤੇ ਦੋਸ਼ ਹੈ ਕਿ ਉਸ ਨੇ ਅੱਤਵਾਦੀਆਂ ਦੀ ਮਦਦ ਲਈ ਫੰਡ ਇਕੱਠਾ ਕਰਨ ਵਾਸਤੇ ਐਡਮਿੰਟਨ ਸ਼ਹਿਰ ਵਿੱਚ ਹਥਿਆਰਾਂ ਦੀ ਨੋਕ ’ਤੇ ਇੱਕ ਜਵੈਲਰੀ ਸ਼ੌਪ ਲੁੱਟ ਲਈ ਸੀ।

Exit mobile version