‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਹਰਿਆਣਾ ਦਾ ਨਾਰਨੌਂਦ ਵਿਚ ਸੰਸਦ ਮੈਂਬਰ ਰਾਮਚੰਦਰ ਜਾਂਗੜਾ ਉੱਤੇ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਦੀ ਗੱਡੀ ਉੱਤੇ ਪਥਰਾਅ ਕਰ ਦਿੱਤਾ ਤੇ ਗੱਡੀ ਦੇ ਸ਼ੀਸ਼ੇ ਭੰਨ ਦਿੱਤੇ। ਉਹ ਨਾਰਨੌਦ ਵਿਖੇ ਇਕ ਧਰਮਸ਼ਾਲਾ ਦਾ ਉਦਘਾਟਨ ਕਰਨ ਆਏ ਸਨ। ਇਸ ਮੌਕੇ ਪਹਿਲਾਂ ਤੋਂ ਹੀ ਕਿਸਾਨ ਮੌਜੂਦ ਸਨ।
ਜਾਂਗੜ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਕਾਨੂੰਨਾਂ ਉੱਤੇ ਰੋਕ ਲਗਾਈ ਗਈ ਹੈ। ਕਿਸਾਨ ਭਾਜਪਾ ਵਿਰੋਧ ਮੋਦੀ ਵਿਰੋਧ ਕਰ ਰਹੇ ਹਨ। ਭਗਵਾਨ ਇਨ੍ਹਾਂ ਨੂੰ ਸਦਬੁੱਧੀ ਦੇਵੇ ਤੇ ਇਨ੍ਹਾਂ ਨੂੰ ਅਕਲ ਆਵੇ। ਇਸ ਘਟਨਾ ਨੂੰ ਪ੍ਰਸ਼ਾਸਨ ਦੇਖ ਰਿਹਾ ਹੈ ਤੇ ਜੋ ਦੋਸ਼ੀ ਹੋਵੇਗਾ ਉਹ ਸਾਹਮਣੇ ਆ ਜਾਵੇਗਾ। ਕੁੱਝ ਕਿਸਾਨ ਪੁਲਿਸ ਨੇ ਹਿਰਾਸਤ ਵਿਚ ਲਏ ਗਏ ਹਨ। ਉਨ੍ਹਾਂ ਕਿਹਾ ਕਿ ਪੁਲਿਸ ਕਿਸਾਨਾਂ ਨੂੰ ਕੰਟਰੋਲ ਨਹੀਂ ਕਰ ਸਕੀ ਹੈ। ਦੋ ਲੜਕਿਆਂ ਨੂੰ ਲਾਠੀਆਂ ਸਣੇ ਗ੍ਰਿਫਤਾਰ ਕੀਤਾ ਗਿਆ ਹੈ। ਮੇਰੀ ਗੱਡੀ ਉੱਤੇ ਲਾਠੀ ਮਾਰੀ ਗਈ। 100-150 ਲੋਕ ਲਾਠੀਆਂ ਲੈ ਕੇ ਪਹੁੰਚੇ ਹਨ। ਇਹ ਸੁਰੱਖਿਆ ਪ੍ਰਬੰਧਾਂ ਦੀ ਅਸਫਲਤਾ ਹੈ।
ਇਸ ਘਟਨਾ ਉੱਤੇ ਕਿਸਾਨ ਲੀਡਰਾਂ ਦਾ ਕਹਿਣਾ ਹੈ ਕਿ ਪ੍ਰਦਰਸ਼ਨ ਵਿਚ ਕੁੱਝ ਗਲਤ ਲੋਕ ਵੜ ਜਾਂਦੇ ਹਨ। ਕਿਸਾਨ ਇਹ ਨਹੀਂ ਕਰ ਰਹੇ ਹਨ। ਜਾਣਕਾਰੀ ਮੁਤਾਬਿਕ ਕਿਸਾਨਾਂ ਨੇ ਹਿਰਾਸਤ ਵਿਚ ਲਏ ਕਿਸਾਨਾਂ ਨੂੰ ਛੁੜਾਉਣ ਲਈ ਹਾਈਵੇ ਜਾਮ ਕਰ ਦਿੱਤਾ ਹੈ।