ਚੰਡੀਗੜ੍ਹ ( ਹਿਨਾ ) ਪੰਜਾਬ ਸੂਚਨਾ ਤੇ ਲੋਕ ਸੰਪਰਕ ਵਿਭਾਗ ਨੇ ਕੋਰੋਨਾ ਵਾਇਰਸ ਦੀਆਂ ਸੋਸ਼ਲ ਮੀਡੀਆ ਰਾਹੀਂ ਗਲਤ ਅਫ਼ਵਾਹਾਂ ਨੂੰ ਰੋਕਣ ਲਈ ਸ਼ਿਕੰਜਾ ਕੱਸਿਆ। ਡੀਜੀਪੀ ਦਿਨਕਰ ਗੁਪਤਾ ਦੀ ਅਗਵਾਈ ਹੇਠ ਪੰਜਾਬ ਪੁਲਿਸ ਅਜਿਹੀਆ ਅਫ਼ਵਾਹਾਂ ਉਡਾਨ ਵਾਲਿਆ ਤੇ ਸਖ਼ਤ ਕਾਰਵਾਈ ਕਰੇਗੀ, ਤੇ ਇਸ ਨਾਲ ਸੰਬਧਤ ਫੇਸਬੁੱਕ ਤੇ ਵਟਸਐਪ ਤੇ ਜਾਅਲੀ ਅਤੇ ਅਫਵਾਹਕੁੰਨ ਪੋਸਟਾਂ ਪਾਉਣ ਲਈ 34 ਮਾਮਲੇ ਦਰਜ ਤੇ 4 ਗ੍ਰਿਫ਼ਤਾਰ ਮਾਮਲੇ ਦਰਜ ਹੋਏ। ਕੋਵਿਡ -19 ਸੰਕਟ ਦੇ ਮੱਦੇਨਜ਼ਰ ਸੋਸ਼ਲ ਮੀਡੀਆ ‘ਤੇ ਅਫਵਾਹਾਂ ਫੈਲਾਉਣ ਅਤੇ, ਜਾਅਲੀ ਖ਼ਬਰਾਂ ਕਾਰਨ ਪੈਦਾ ਹੋਣ ਵਾਲੇ ਦਹਿਸ਼ਤ ਦੇ ਮਾਹੌਲ ਨਾਲ ਨਜਿੱਠਣ ਲਈ ਸਖ਼ਤ ਕਾਰਵਾਈ ਕਰਦਿਆਂ 34 ਕੇਸ ਦਰਜ ਕੀਤੇ ਹਨ। ਜਦਕਿ ਰਾਜ ਦੀ ਸ਼ਾਂਤੀ ਭੰਗ ਕਰਨ ਲਈ ਇੱਕ ਵਿਸ਼ੇਸ਼ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਵਾਲਿਆਂ ਵਿਰੁੱਧ ਵੀ ਸਖ਼ਤ ਕਾਰਵਾਈ ਕੀਤੀ ਹੈ।
ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ 21 ਮਾਰਚ ਤੋਂ 6 ਅਪ੍ਰੈਲ, 2020 ਦਰਮਿਆਨ ਦਰਜ 34 ਕੇਸਾਂ ਵਿੱਚੋਂ 27 ਮਾਮਲੇ ਵਟਸਐਪ ਸੰਦੇਸ਼ਾਂ ਅਤੇ ਗਲਤ ਜਾਣਕਾਰੀ ਪ੍ਰਚਾਰਨ ਨਾਲ ਸਬੰਧਤ ਹਨ। ਸੋਸ਼ਲ ਮੀਡੀਆ ਦੀ ਵਰਤੋਂ ਨਾਲ ਫਿਰਕੂ ਹਿੰਸਾ ਫੈਲਾਉਣ ਦੀਆਂ ਕੋਸ਼ਿਸ਼ਾ ਕਰਨ ਵਾਲਿਆਂ ਖਿਲਾਫ਼ ਵੀ ਪੁਲਿਸ ਵਲੋਂ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਨੂੰ ਇੱਕ ਲੁਧਿਆਣਾ ਵਾਸੀ ਵਿਰੁੱਧ ਦੇਸ਼ ਧ੍ਰੋਹ ਦਾ ਕੇਸ ਦਰਜ ਕੀਤਾ ਗਿਆ ਸੀ। ਜੋ ਫੇਸਬੁੱਕ ਦੀ ਪੋਸਟ ਰਾਹੀਂ ਲੋਕਾਂ ਨੂੰ ਗੰਭੀਰ ਡਾਕਟਰੀ ਉਪਕਰਣਾਂ ਦੀ ਉਪਲਬਧਤਾ ਬਾਰੇ ਗੁੰਮਰਾਹ ਕਰਨ ਅਤੇ ਰਾਜ ਸਰਕਾਰ ਵਿਰੁੱਧ ਭੜਕਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਕਤ ਵਿਅਕਤੀ ਖਿਲਾਫ ਦੇਸ਼ ਧ੍ਰੋਹ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਨਕਲੀ ‘ਟਿੱਕ ਟੌਕ ਵੀਡੀਓ, ਨਿਰਾਰਥਕ ਆਡੀਓ ਸੰਦੇਸ਼, ਭੜਕਾਊ ਅਤੇ ਝੂਠੀਆਂ ਖ਼ਬਰਾਂ ਦੀਆਂ ਕੋਸ਼ਿਸ਼ਾਂ ਉੱਤੇ ਪੰਜਾਬ ਪੁਲਿਸ ਵਲੋਂ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਡੀਜੀਪੀ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਏਡੀਜੀਪੀ ਰੈਂਕ ਦੇ ਅਧਿਕਾਰੀ ਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਸੀ ਤਾਂ ਜੋ ਲਾਕਡਾਊਨ ਦੌਰਾਨ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਝੂਠੀਆਂ ਖ਼ਬਰਾਂ ਜਾਂ ਅਫਵਾਹਾਂ ਸਬੰਧੀ ਜਾਂਚ ਕਰਨ ਲਈ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਨਿਗਰਾਨੀ ਕੀਤੀ ਜਾ ਸਕੇ।
ਪਿਛਲੇ 17 ਦਿਨਾਂ ਦੌਰਾਨ ਦਰਜ ਕੀਤੇ ਕੁੱਝ ਪ੍ਰਮੁੱਖ ਮਾਮਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਡੀਜੀਪੀ ਨੇ ਦੱਸਿਆ ਕਿ ਜਾਅਲੀ ਵੀਡੀਓ ਅਤੇ ਕੋਰੋਨਾ ਵਾਇਰਸ ਕਾਰਨ ਕਿਸੇ ਵਿਅਕਤੀ ਦੀ ਮੌਤ ਦੀ ਸਬੰਧੀ ਝੂਠੇ ਆਡੀਓ ਸੰਦੇਸ਼ ਫੈਲਾਉਣ ਅਤੇ ਗੈਰ-ਕਾਨੂੰਨੀ ਖ਼ਬਰਾਂ ਫੈਲਾ ਕੇ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਵਾਲਿਆਂ ਵਿਰੁੱਧ ਸੰਗਰੂਰ ਵਿੱਚ 5 ਅਤੇ ਬਠਿੰਡਾ ਵਿੱਚ 4 ਮਾਮਲੇ ਦਰਜ ਕੀਤੇ ਗਏ ਹਨ।
ਡੀਜੀਪੀ ਨੇ ਕਿਹਾ ਕਿ ਪਟਿਆਲਾ ਵਿੱਚ, ਫੌਜ ਦੀ ਤਾਇਨਾਤੀ ਸਬੰਧੀ ਝੂਠੀਆਂ ਖ਼ਬਰਾਂ ਫੈਲਾਉਣ ਲਈ ਇੱਕ ਐਫਆਈਆਰ ਦਰਜ ਕੀਤੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਇੱਕ ਸ਼ਿਵ ਸੈਨਾ ਆਗੂ ਨੂੰ ਆਪਣੀ ਫੇਸਬੁੱਕ ਪੋਸਟ ਰਾਹੀਂ ਫਿਰਕੂ ਭਾਵਨਾਵਾਂ ਭੜਕਾਉਣ ਦੀ ਕੋਸ਼ਿਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਗੁੱਜਰ ਭਾਈਚਾਰੇ ਤੋਂ ਦੁੱਧ ਨਾ ਖਰੀਦਣ ਦੀ ਘੋਸ਼ਣਾ ਕਰਨ ਸਬੰਧੀ ਪਿੰਡ ਦਾਲਮ ਦੇ ਗ੍ਰੰਥੀ ਖਿਲਾਫ਼ ਪੁਲੀਸ ਥਾਣਾ ਕਿਲਾ ਲਾਲ ਸਿੰਘ, ਜ਼ਿਲ੍ਹਾ ਬਟਾਲਾ ਵਿਖੇ ਐਫਆਈਆਰ ਦਰਜ ਕੀਤੀ ਗਈ ਹੈ। ਇਸੇ ਤਰ੍ਹਾਂ ਆਦਮਪੁਰ ਵਿੱਚ ਇੱਕ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਜਿਸਨੇ ਕੋਵਿਡ 19 ਤੋਂ ਸੁਰੱਖਿਅਤ ਹੋਣ ਦਾ ਦਾਅਵਾ ਕੀਤਾ ਹੈ ਅਤੇ ਲੋਕਾਂ ਨੂੰ ਇਸ ਜਾਨਲੇਵਾ ਬਿਮਾਰੀ ਦੇ ਇਲਾਜ ਲਈ ਪਿਆਜ਼ ਨਾਲ ਪਾਣੀ ਪੀਣ ਲਈ ਕਿਹਾ ਹੈ।
ਇਸ ਤਰ੍ਹਾਂ ਦੀ ਅਫਵਾਹਾਂ ਫੈਲਾਉਣ ਸਬੰਧੀ ਤਿੰਨ ਮਾਮਲੇ ਲੁਧਿਆਣਾ, ਸ਼੍ਰੀ ਮੁਕਤਸਰ ਸਾਹਿਬ ਅਤੇ ਜਲੰਧਰ ਵਿੱਚ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ ਹੁਸ਼ਿਆਰਪੁਰ, ਮੋਗਾ, ਫਰੀਦਕੋਟ, ਮੁਹਾਲੀ ਅਤੇ ਸ਼ਹੀਦ ਭਗਤ ਸਿੰਘ ਨਗਰ ਵਿੱਚ ਵੀ ਇੱਕ-ਇੱਕ ਮਾਮਲਾ ਦਰਜ ਕੀਤਾ ਗਿਆ ਹੈ। ਅਤੇ ਫਤਹਿਗੜ੍ਹ ਸਾਹਿਬ ਅਤੇ ਅੰਮ੍ਰਿਤਸਰ ਵਿਖੇ ਦੋ-ਦੋ ਮਾਮਲੇ ਦਰਜ ਕੀਤੇ ਗਏ ਹਨ। ਜੋ ਲੋਕਾਂ ਵਿੱਚ ਗਲਤ ਤੇ ਬੇਲੋੜੀ ਘਬਰਾਹਟ ਅਤੇ ਮੁਸ਼ਕਿਲਾਂ ਪੈਦਾ ਕਰ ਸਕਦੀ ਹੈ, ਅਤੇ ਮੌਜੂਦਾ ਹਾਲਾਤਾਂ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਵਿਰੁੱਧ ਆਪਣੀ ਚੇਤਾਵਨੀ ਨੂੰ ਦੁਹਰਾਉਂਦਿਆਂ ਡੀਜੀਪੀ ਨੇ ਕਿਹਾ ਕਿ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਗਲਤ ਜਾਣਕਾਰੀ ਅਤੇ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਘਬਰਾਹਟ ਜਾਂ ਬੇਚੈਨੀ ਪੈਦਾ ਨਾ ਕਰਨ।