The Khalas Tv Blog India ਸਰਹੱਦੀ ਵਿਵਾਦ ਨੂੰ ਲੈ ਕੇ ਲੈਫ਼ਟੀਨੈਂਟ ਜਨਰਲ ਹਰਿੰਦਰ ਸਿੰਘ ਅਤੇ ਚੀਨੀ ਵਫ਼ਦ ਵਿਚਕਾਰ ਹੋਈ ਗੱਲਬਾਤ
India International

ਸਰਹੱਦੀ ਵਿਵਾਦ ਨੂੰ ਲੈ ਕੇ ਲੈਫ਼ਟੀਨੈਂਟ ਜਨਰਲ ਹਰਿੰਦਰ ਸਿੰਘ ਅਤੇ ਚੀਨੀ ਵਫ਼ਦ ਵਿਚਕਾਰ ਹੋਈ ਗੱਲਬਾਤ

‘ਦ ਖ਼ਾਲਸ ਬਿਊਰੋ:- ਭਾਰਤ ਤੇ ਚੀਨ ਵਿਚਕਾਰ ਪਿਛਲੇ ਲਗਭੱਗ ਇੱਕ ਮਹੀਨੇ ਤੋਂ ਸਰਹੱਦੀ ਵਿਵਾਦ ਚੱਲ ਰਿਹਾ ਹੈ। ਇਹ ਵਿਵਾਦ ਪੂਰਬੀ ਲੱਦਾਖ ਦੇ ਸਰਹੱਦੀ ਇਲਾਕੇ ‘ਚ ਹੈ। ਇਸ ਨੂੰ ‘ਹਾਂ-ਪੱਖੀ’ ਰੂਪ ਵਿੱਚ ਸੁਲਝਾਉਣ ਲਈ ਦੋਵੇਂ ਦੇਸ਼ਾਂ ਵੱਲੋਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਤਾਜਾ ਜਾਣਕਾਰੀ ਮੁਤਾਬਕ ਇਸ ਮਸਲੇ ਨੂੰ ਸੁਲਝਾਉਣ ਲਈ ਦੋਵਾਂ ਦੇਸ਼ਾਂ ਦੀਆਂ ਫੌਜਾਂ ਵਿਚਕਾਰ ਲੈਫ਼ਟੀਨੈਂਟ ਜਨਰਲ ਪੱਧਰ ਦੀ ਵਾਰਤਾ ਹੋਈ।

ਇਸ ਵਾਰਤਾਲਾਪ ਵਿੱਚ ਭਾਰਤੀ ਵਫ਼ਦ ਦੀ ਅਗਵਾਈ ਲੇਹ ਆਧਾਰਿਤ 14 ਕੋਰ ਦੇ ਲੈਫ਼ਟੀਨੈਂਟ ਜਨਰਲ ਹਰਿੰਦਰ ਸਿੰਘ ਅਤੇ ਚੀਨੀ ਵਫ਼ਦ ਦੀ ਅਗਵਾਈ ਮੇਜਰ ਜਨਰਲ ਲਿਊ ਲਿਨ ਨੇ ਕੀਤੀ। ਫੌਜ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਗੱਲਬਾਤ ਸੁਖਾਵੇਂ ਮਾਹੌਲ ਵਿੱਚ ਹੋਈ, ਅਤੇ ਦੋਵੇਂ ਮੁਲਕਾਂ ਦਾ ਨਜ਼ਰੀਆ ਹਾਂ-ਪੱਖੀ ਰਿਹਾ। ਗੱਲਬਾਤ ਸ਼ੁਰੂ ਹੋਣ ਤੋਂ ਪਹਿਲਾਂ ਭਾਰਤੀ ਵਫ਼ਦ ਦਾ ਚੀਨੀ ਫੌਜ ਦੇ ਸੀਨੀਅਰ ਅਧਿਕਾਰੀਆਂ ਨੇ ਨਿੱਘਾ ਸਵਾਗਤ ਕੀਤਾ। ਫੌਜ ਅਤੇ ਵਿਦੇਸ਼ ਮੰਤਰਾਲੇ ਨੇ ਗੱਲਬਾਤ ਦੇ ਵੇਰਵੇ ਨਹੀਂ ਦਿੱਤੇ।

ਦੋਵੇਂ ਫੌਜਾਂ ਦੇ ਸਥਾਨਕ ਕਮਾਂਡਰਾਂ ਵਿਚਕਾਰ 12 ਗੇੜ ਅਤੇ ਮੇਜਰ ਜਨਰਲ ਰੈਂਕ ਦੇ ਅਧਿਕਾਰੀਆਂ ਵਿਚਕਾਰ 3 ਗੇੜ ਦੀ ਵਾਰਤਾਲਾਪ ਤੋਂ ਬਾਅਦ ਵੀ ਕੋਈ ਸਿੱਟਾ ਨਾ ਨਿਕਲਣ ਕਾਰਨ ਸ਼ਨੀਵਾਰ ਨੂੰ ਲੈਫ਼ਟੀਨੈਂਟ ਜਨਰਲ ਰੈਂਕ ਦੇ ਅਧਿਕਾਰੀਆਂ ਵਿਚਕਾਰ ਗੱਲਬਾਤ ਹੋਈ।

ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਭਾਰਤੀ ਵਫ਼ਦ ਨੇ ਪੂਰਬੀ ਲੱਦਾਖ ‘ਚ ਗਲਵਾਨ ਵਾਦੀ, ਪੈਂਗੌਂਗ ਤਸੋ ਅਤੇ ਗੋਗਰਾ ‘ਚ ਪੁਰਾਣੀ ਸਥਿਤੀ ਬਹਾਲ ਕਰਨ ‘ਤੇ ਜੋਰ ਪਾਇਆ ਹੈ। ਸੂਤਰਾਂ ਮੁਤਾਬਿਕ ਗੱਲਬਾਤ ਦਾ ਇਹ ਦੌਰ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ ਉੱਤੇ ਚੀਨੀ ਇਲਾਕੇ ‘ਮਾਲਡੋ’ ‘ਚ ‘ਸਰਹੱਦੀ ਮੀਟਿੰਗ ਪਰਸੋਨਲ ਪੁਆਇੰਟ’ ਉੱਤੇ ਸਵੇਰੇ 8 ਵਜੇ ਸ਼ੁਰੂ ਹੋਣਾ ਸੀ, ਪਰ ਮੌਸਮ ਖ਼ਰਾਬ ਹੋਣ ਕਰਕੇ ਗੱਲਬਾਤ ਤਿੰਨ ਘੰਟਿਆਂ ਤੱਕ ਮੁਲਤਵੀ ਕਰ ਦਿੱਤੀ ਗਈ।

ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਕੂਟਨੀਤਿਕ ਪੱਧਰ ‘ਤੇ ਦੋਵੇਂ ਮੁਲਕਾਂ ਨੇ ਸਹਿਮਤੀ ਪ੍ਰਗਟਾਈ ਸੀ ਕਿ ਉਹ ‘ਮੱਤਭੇਦਾਂ’ ਦਾ ਹੱਲ ‘ਸ਼ਾਂਤਮਈ ਗੱਲਬਾਤ’ ਦੁਆਰਾ ਕੱਢਣਗੇ। ਜਾਣਕਾਰੀ ਮੁਤਾਬਿਕ ਚੀਨ ਨੇ ਗਲਵਾਨ ਵਾਦੀ ਅਤੇ ਪੈਂਗੌਂਗ ਤਸੋ ਵਿੱਚ ਕਰੀਬ 2500 ਜਵਾਨ ਤਾਇਨਾਤ ਕੀਤੇ ਹੋਏ ਹਨ। ਸੂਤਰਾਂ ਮੁਤਾਬਿਕ ਉਪਗ੍ਰਹਿ ਤੋਂ ਲਈਆਂ ਤਸਵੀਰਾਂ ਤੋਂ ਦਿਖਾਈ ਦੇ ਰਿਹਾ ਹੈ ਕਿ ਚੀਨ ਨੇ ਅਸਲ ਕੰਟਰੋਲ ਰੇਖਾ ‘ਤੇ ਵੱਡੀ ਗਿਣਤੀ ਵਿੱਚ ਰੱਖਿਆ ਸਾਜੋ-ਸਮਾਨ ਜਮ੍ਹਾ ਕੀਤਾ ਹੋਇਆ ਹੈ।

Exit mobile version