ਬਿਉਰੋ ਰਿਪੋਰਟ : ਪੰਜਾਬ ਦੀ ਸਭ ਤੋਂ ਵੱਡੀ ਕਿਸਾਨ ਜਥੇਬੰਦੀ BKU ਏਕਤਾ ਉਗਰਾਹਾਂ ਨੇ ਹੁਣ ਖੁੱਲ ਕੇ ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਸੰਘਰਸ਼ ਕਰ ਰਹੀ SKM ਗੈਰ ਰਾਜਨੀਤਿਕ ਦੀ ਹਮਾਇਤ ਵਿੱਚ ਅੱਗੇ ਆ ਗਈ ਹੈ । ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਜਥੇਬੰਦੀ ਦੇ ਨਾਲ ਮੀਟਿੰਗ ਕਰਕੇ 2 ਦਿਨਾਂ ਦੇ ਲਈ 2 ਵੱਡੇ ਪ੍ਰੋਗਰਾਮ ਉਲੀਕੇ ਹਨ ਨਾਲ ਹੀ ਸੰਘਰਸ਼ੀਲ ਕਿਸਾਨ ਜਥੇਬੰਦੀਆਂ ਨਾਲ ਥੋੜੀ ਨਰਾਜ਼ਗੀ ਵੀ ਜ਼ਾਹਿਰ ਕੀਤੀ ਹੈ।
ਵੀਰਵਾਰ ਨੂੰ 4 ਘੰਟੇ ਲਈ BKU ਉਗਰਾਹਾਂ ਵੱਲੋਂ ਟੋਲ ਫ੍ਰੀ ਕਰਨ ਦੇ ਐਲਾਨ ਤੋਂ ਬਾਅਦ ਹੁਣ ਅਗਲੇ 2 ਦਿਨ ਯਾਨੀ ਸ਼ਨਿੱਰਵਾਰ ਅਤੇ ਐਤਵਾਰ 17 ਅਤੇ 18 ਫਰਵਰੀ ਨੂੰ ਪੰਜਾਬ ਦੇ ਸਾਰੇ ਟੋਲ ਫ੍ਰੀ ਕਰਨ ਦਾ ਐਲਾਨ ਕਰ ਦਿੱਤਾ ਹੈ । ਮਾਲਵੇ ਦੀ ਸਭ ਤੋਂ ਵੱਡੀ ਜਥੇਬੰਦੀ ਹੋਣ ਦੇ ਨਾਤੇ ਇਸ ਦਾ ਅਸਰ ਪੂਰੇ ਪੰਜਾਬ ਵਿੱਚ ਨਜ਼ਰ ਆਉਣਾ ਤੈਅ ਹੈ । ਇਸ ਤੋਂ ਇਲਾਵਾ ਬੀਜੇਪੀ ਦੇ ਤਿੰਨ ਆਗੂ ਸੂਬਾ ਪ੍ਰਧਾਨ ਸੁਨੀਲ ਜਾਖੜ,ਕੈਪਟਨ ਅਮਰਿੰਦਰ ਸਿੰਘ ਅਤੇ ਕੇਵਲ ਸਿੰਘ ਢਿੱਲੋਂ ਦੇ ਘਰਾਂ ਦੇ ਬਾਹਰ ਪ੍ਰਦਰਸ਼ਨ ਕੀਤਾ ਜਾਵੇਗਾ । ਇਸ ਦੇ ਨਾਲ ਹੀ BKU ਉਗਰਾਹਾਂ ਨੇ 24 ਫਰਵਰੀ ਦਾ ਚੰਡੀਗੜ੍ਹ ਮੋਰਚਾ ਰੱਦ ਕਰ ਦਿੱਤਾ ਹੈ ।
SKM ਗੈਰ ਰਾਜਨੀਤਿਕ ਨਾਲ ਨਰਾਜ਼ਗੀ
BKU ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਨੇ ਕਿਹਾ ਜੇਕਰ SKM ਗੈਰ ਰਾਜਨੀਤਿਕ ਨੇ ਸਾਡੇ ਨਾਲ ਮੋਰਚਾ ਸ਼ੁਰੂ ਕਰਨ ਤੋਂ ਪਹਿਲਾਂ ਗੱਲ ਕੀਤੀ ਹੁੰਦੀ ਤਾਂ ਅਸੀਂ ਪੂਰੀ ਤਾਕਤ ਦੇ ਨਾਲ ਅੱਗੇ ਵੱਧ ਦੇ ਪਰ ਸਾਡੇ ਨਾਲ ਗੱਲ ਨਹੀ ਕੀਤੀ ਗਈ,ਸਾਰਿਆਂ ਨੇ ਆਪੋ ਆਪਣੇ ਪ੍ਰੋਗਰਾਮ ਦੇ ਦਿੱਤੇ । ਪਰ ਪ੍ਰਧਾਨ ਉਗਰਾਹਾਂ ਨੇ ਕਿਹਾ ਹੁਣ ਵੀ ਕੁਝ ਨਹੀਂ ਵਿਗੜਿਆ ਹੈ ਜੇਕਰ ਅਗਲੇ 2 ਦਿਨਾਂ ਦੇ ਅੰਦਰ ਹੱਲ ਨਹੀਂ ਹੁੰਦਾ ਤਾਂ ਅਸੀਂ ਪੂਰੀ ਤਰ੍ਹਾਂ ਨਾਲ ਖੁੱਲ ਕੇ ਨਾਲ ਆ ਜਾਵਾਂਗੇ । ਜੋਗਿੰਦਰ ਸਿੰਘ ਉਗਰਾਹਾਂ ਨੂੰ ਜਦੋਂ ਐਤਵਾਰ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਦੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਮੈਂਨੂੰ ਸੱਦਾ ਨਹੀਂ ਦਿੱਤਾ ਹੈ,ਪਰ ਉਨ੍ਹਾਂ ਇਸ ਗੱਲਬਾਤ ਤੋਂ ਘੱਟ ਹੀ ਉਮੀਦ ਹੈ ।