The Khalas Tv Blog Punjab ਸ਼੍ਰੋਮਣੀ ਕਮੇਟੀ ਕੋਲ ਗੁਰੂ ਗ੍ਰੰਥ ਸਾਹਿਬ ਦੀ ਹਰ ਬੀੜ ਦਾ ਰਿਕਾਰਡ ਮੌਜੂਦ ਹੁੰਦਾ ਹੈ, ਲੌਂਗੋਵਾਲ ਨੂੰ ਦੱਸਣਾ ਪਵੇਗਾ ਕਿ ਪਾਵਨ ਸਰੂਪ ਆਖਰ ਗਏ ਕਿੱਥੇ
Punjab

ਸ਼੍ਰੋਮਣੀ ਕਮੇਟੀ ਕੋਲ ਗੁਰੂ ਗ੍ਰੰਥ ਸਾਹਿਬ ਦੀ ਹਰ ਬੀੜ ਦਾ ਰਿਕਾਰਡ ਮੌਜੂਦ ਹੁੰਦਾ ਹੈ, ਲੌਂਗੋਵਾਲ ਨੂੰ ਦੱਸਣਾ ਪਵੇਗਾ ਕਿ ਪਾਵਨ ਸਰੂਪ ਆਖਰ ਗਏ ਕਿੱਥੇ

‘ਦ ਖ਼ਾਲਸ ਬਿਊਰੋ ( ਅੰਮ੍ਰਿਤਸਰ ) :-  ਪਾਵਨ ਸਰੂਪਾਂ ਦੇ ਲਾਪਤਾ ਹੋਣ ਦੇ ਮਾਮਲੇ ‘ਤੇ SGPC ਦੀ ਸਾਬਕਾ ਜਨਰਲ ਸਕੱਤਰ ਬੀਬੀ ਕਿਰਨਜੋਤ ਕੌਰ ਨੇ SGPC ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੇ ਅੰਤ੍ਰਿਗ ਕਮੇਟੀ ਉੱਪਰ ਵੱਡੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਿਰਫ ਮੁੱਖ ਸਕੱਤਰ ਜਾਂ ਹੋਰ ਅਹੁਦੇਦਾਰਾਂ ਦੇ ਅਸਤੀਫ਼ੇ ਨਾਲ ਗੱਲ ਨਹੀਂ ਬਣਨੀ, ਪਾਵਨ ਸਰੂਪਾਂ ਦੇ ਲਾਪਤਾ ਹੋਣ ਦੇ ਮਾਮਲੇ ‘ਚ ਪ੍ਰਧਾਨ ਲੌਂਗੋਵਾਲ ਤੇ ਅੰਤ੍ਰਿਗ ਕਮੇਟੀ ਦੀ ਜ਼ਿੰਮੇਵਾਰੀ ਵੀ ਬਣਦੀ ਹੈ। ਉਨ੍ਹਾਂ ਨੂੰ ਸੰਗਤ ਸਾਹਮਣੇ ਆ ਕੇ ਇਸ ਮੁੱਦੇ ‘ਤੇ ਜਵਾਬ ਦੇਣਾ ਪਵੇਗਾ।

ਬੀਬੀ ਕਿਰਨਜੋਤ ਕੌਰ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਫ਼ਤਰ ਸਿਆਸੀ ਦਖਲਅੰਦਾਜ਼ੀ ਕਰਕੇ ਤਹਿਤ-ਨਹਿਸ਼ ਹੋ ਗਿਆ ਹੈ। ਇਸ ‘ਚ ਬੇਲੋੜੀ ਸਿਆਸੀ ਦਖਲਅੰਦਾਜ਼ੀ ਹੋ ਰਹੀ ਹੈ ਤੇ ਹੁਣ ਪਾਵਨ ਸਰੂਪਾਂ ਦੇ ਮਾਮਲੇ ‘ਤੇ ਜੋ ਕਾਰਵਾਈ ਹੋ ਰਹੀ ਹੈ, ਇਸ ਵਿੱਚ ਵੀ ਪ੍ਰਧਾਨ ਲੌਂਗੋਵਾਲ ਨੇ ਤਾਂ ਸਿਰਫ ਇੱਕ ਮਖੌਟਾ ਪਾਇਆ ਹੈ, ਬਾਕੀ ਸਭ ਪਰਦੇ ਦੇ ਪਿੱਛੋਂ ਹੀ ਕਾਰਵਾਈ ਚੱਲ ਰਹੀ ਹੈ।

ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵਿੱਚ ਹਰ ਫ਼ੈਸਲਾ ਲੌਂਗੋਵਾਲ ਦੇ ਹੁਕਮ ਨਾਲ ਹੁੰਦਾ ਹੈ ਜਦਕਿ ਮੁੱਖ ਸਕੱਤਰ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਹੁਕਮ ਨੂੰ ਲਾਗੂ ਕਰਵਾਉਂਦੇ ਹਨ। ਅਜਿਹੇ ਵਿੱਚ ਮੁੱਖ ਸਕੱਤਰ ‘ਤੇ ਕਾਰਵਾਈ ਕਰਕੇ ਪ੍ਰਧਾਨ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੇ। ਸ਼੍ਰੋਮਣੀ ਕਮੇਟੀ ਕੋਲ ਗੁਰੂ ਗ੍ਰੰਥ ਸਾਹਿਬ ਦੀ ਹਰ ਬੀੜ ਦਾ ਰਿਕਾਰਡ ਮੌਜੂਦ ਹੁੰਦਾ ਹੈ। ਪ੍ਰਧਾਨ ਨੂੰ ਸੰਗਤ ਨੂੰ ਇਹ ਗੱਲ ਦੱਸਣੀ ਪਵੇਗੀ ਕਿ ਇਹ ਪਾਵਨ ਸਰੂਪ ਆਖਰ ਗਏ ਕਿੱਥੇ।

ਬੀਬੀ ਕਿਰਨਜੋਤ ਕੌਰ ਨੇ ਮੁੱਖ ਸਕੱਤਰ ਦਾ ਅਸਤੀਫ਼ਾ ਪ੍ਰਵਾਨ ਕੀਤੇ ਜਾਣ ‘ਤੇ ਵੀ ਇਤਰਾਜ਼ ਜਤਾਉਂਦਿਆਂ ਕਿਹਾ ਕਿ ਜੇਕਰ ਮੁੱਖ ਸਕੱਤਰ ਜ਼ਿੰਮੇਵਾਰ ਹਨ, ਤਾਂ ਉਨ੍ਹਾਂ ਨੂੰ ਚਾਰਜਸ਼ੀਟ ਕਿਉਂ ਨਹੀਂ ਦਿੱਤਾ ਗਿਆ। ਇਸ ਮਾਮਲੇ ‘ਤੇ ਸਿਰਫ ਅਸਤੀਫ਼ਾ ਲੈ ਕੇ ਹੀ ਛੱਡ ਦੇਣਾ ਸਹੀ ਗੱਲ ਨਹੀਂ। ਸ਼੍ਰੋਮਣੀ ਕਮੇਟੀ ਵੱਲੋਂ ਲਏ ਗਏ ਯੂ-ਟਰਨ ‘ਤੇ ਬੋਲਦੇ ਬੀਬੀ ਕਿਰਨਜੋਤ ਕੌਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਇਸ ਮਾਮਲੇ ਦੇ ਲਗਾਤਾਰ ਵੱਧ ਰਹੇ ਦਬਾਅ ਕਾਰਨ ਪਹਿਲਾਂ ਕਾਹਲੀ ਵਿੱਚ ਇਹ ਫ਼ੈਸਲਾ ਲੈ ਲਿਆ ਤੇ ਹੁਣ ਜਦੋਂ ਠੰਢੇ ਦਿਮਾਗ ਨਾਲ ਇਨ੍ਹਾਂ ਸੋਚਿਆ ਤਾਂ ਕਾਨੂੰਨੀ ਕਾਰਵਾਈ ਦਾ ਫੈਸਲਾ ਵਾਪਸ ਲੈ ਲਿਆ।

Exit mobile version