‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਮਿਆਂਮਾਰ ਵਿੱਚ ਸੁਰੱਖਿਆ ਬਲਾਂ ਨੇ ਯੰਗੂਨ ਸ਼ਹਿਰ ਨੇੜੇ ਪ੍ਰਦਰਸ਼ਨਕਾਰੀਆਂ ‘ਤੇ ਰਾਈਫਲ ਗ੍ਰਨੇਡਾਂ ਨਾਲ ਫਾਇਰਿੰਗ ਕੀਤੀ ਹੈ। ਇਸ ਹਮਲੇ ਵਿੱਚ 82 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਮਿਆਂਮਾਰ ਵਿੱਚ ਇਕ ਨਿਊਜ਼ ਆਊਟਲੈੱਟ ਅਤੇ ‘ਅਸਿਸਟੈਂਸ ਐਸੋਸੀਏਸ਼ਨ ਫ਼ਾਰ ਪੋਲੀਟਿਕਲ ਪ੍ਰੀਜ਼ਨਰਜ਼’ (ਏਏਪੀਪੀ) ਨਾਮ ਦੀ ਇਕ ਸੰਸਥਾ ਤੋਂ ਮਿਲੀ ਜਾਣਕਾਰੀ ਅਨੁਸਾਰ ਮਿਆਂਮਾਰ ਵਿੱਚ ਚਸ਼ਮਦੀਦਾਂ ਦਾ ਕਹਿਣਾ ਹੈ ਕਿ ਸ਼ੁਰੂ ਵਿੱਚ ਯੰਗੂਨ ਦੇ ਉੱਤਰ-ਪੂਰਬ ਵਿੱਚ ਬਗੋ ਸ਼ਹਿਰ ‘ਚ ਸੁਰੱਖਿਆ ਬਲਾਂ ਦੇ ਹਮਲੇ ਵਿੱਚ ਮਾਰੇ ਗਏ ਲੋਕਾਂ ਦੀ ਗਿਣਤੀ ਦਾ ਅੰਦਾਜ਼ਾ ਨਹੀਂ ਲੱਗ ਪਾ ਰਿਹਾ ਸੀ।
ਚਸ਼ਮਦੀਦਾਂ ਦਾ ਕਹਿਣਾ ਹੈ ਕਿ ਸੁਰੱਖਿਆ ਬਲਾਂ ਨੇ ਲਾਸ਼ਾਂ ਨੂੰ ਜ਼ਿਆਰ ਮੁਨੀ ਪਗੋਡਾ (ਇੱਕ ਬੋਧੀ ਇਮਾਰਤ) ਦੇ ਪਰਿਸਰ ਵਿੱਚ ਇੱਕ ਦੇ ਉੱਪਰ ਰੱਖਿਆ ਅਤੇ ਇਲਾਕੇ ਨੂੰ ਚਾਰੋਂ ਪਾਸਿਓ ਘੇਰ ਲਿਆ। ਸਥਾਨਕ ਨਿਊਜ਼ ਏਜੰਸੀ ‘ਮਿਆਂਮਾਰ ਨਾਓ’ ਅਤੇ ‘ਏਏਪੀਪੀ’ ਨੇ ਸ਼ਨੀਵਾਰ ਨੂੰ ਦੱਸਿਆ ਕਿ ਸੁਰੱਖਿਆ ਬਲਾਂ ਨੇ ਫੌਜੀ ਤਖ਼ਤਾਪਲਟ ਦਾ ਵਿਰੋਧ ਕਰ ਰਹੇ 82 ਲੋਕਾਂ ਨੂੰ ਮਾਰ ਦਿੱਤਾ ਹੈ।
ਮਿਆਂਮਾਰ ਨਾਓ ਦੇ ਅਨੁਸਾਰ ਫੌਜ ਨੇ ਸਵੇਰ ਤੋਂ ਪਹਿਲਾਂ ਹੀ ਫਾਇਰਿੰਗ ਸ਼ੁਰੂ ਕਰ ਦਿੱਤੀ ਸੀ ਅਤੇ ਫਾਇਰਿੰਗ ਦਾ ਇਹ ਸਿਲਸਿਲਾ ਦੁਪਹਿਰ ਤੱਕ ਜਾਰੀ ਰਿਹਾ।
ਇੱਕ ਪ੍ਰਦਰਸ਼ਨ ਆਯੋਜਕ ਯੇ ਹੂਤੂਤ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਇਹ ਇਕ ਕਤਲੇਆਮ ਦੀ ਤਰ੍ਹਾਂ ਹੈ। ਉਹ ਸਾਰਿਆਂ ਨੂੰ ਗੋਲੀ ਮਾਰ ਰਹੇ ਹਨ। ਇੱਥੋਂ ਤੱਕ ਕਿ ਉਹ ਪਰਛਾਵੇਂ ‘ਤੇ ਵੀ ਗੋਲੀਆਂ ਚਲਾ ਰਹੇ ਹਨ।