‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਬਿਹਾਰ ਦੇ ਸਾਰਣ ਵਿੱਚ ਬੀਜੇਪੀ ਸੰਸਦ ਮੈਂਬਰ ਰਾਜੀਵ ਪ੍ਰਤਾਪ ਰੂੜੀ ਦੇ ਦਫਤਰੋਂ ਮਿਲੀਆਂ ਐਂਬੂਲੈਂਸਾਂ ਦਾ ਮਾਮਲੇ ਵਿੱਚ ਇਕ ਹੋਰ ਸਨਸਨੀਖੇਜ ਵੀਡਿਓ ਸਾਹਮਣੇ ਆ ਗਈ। ਆਪਣੇ ਟਵਿੱਟਰ ਹੈਂਡਲ ‘ਤੇ ਸਾਬਕਾ ਲੋਕ ਸਭਾ ਮੈਂਬਰ ਰਾਜੇਸ਼ ਰੰਜਨ ਉਰਫ ਪੱਪੂ ਯਾਦਵ ਨੇ ਇਕ ਵੀਡਿਓ ਜਾਰੀ ਕੀਤੀ ਹੈ। ਇਸ ਵਿੱਚ ਉਨ੍ਹਾਂ ਦਿਖਾਇਆ ਹੈ ਕਿ ਕਿਵੇਂ ਇੱਕ ਐਂਬੂਲੈਂਸ ਵਿੱਚ ਰੇਤੇ ਦੀਆਂ ਬੋਰੀਆਂ ਲੱਦੀਆਂ ਜਾ ਰਹੀਆਂ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਰਾਜੀਵ ਪ੍ਰਤਾਪ ਰੂੜੀ ਇਨ੍ਹਾਂ ਐਂਬੂਲੈਂਸਾਂ ਦਾ ਬਹੁਤ ਚੰਗਾ ਪ੍ਰਯੋਗ ਕਰ ਰਹੇ ਹਨ। ਇਸ ਵਿਚ ਰੇਤੇ ਦੀਆਂ ਬੋਰੀਆਂ ਢੋਹੀਆਂ ਜਾ ਰਹੀਆਂ ਹਨ। ਹੁਣ ਇਨ੍ਹਾਂ ਕੋਲ ਡਰਾਇਵਰ ਵੀ ਹੈ। ਪਰ ਬੀਮਾਰਾਂ ਦੀ ਮਦਦ ਕਰਨੀ ਹੋਵੇ ਤਾਂ ਐਂਬੂਲੈਂਸ ਚਲਾਉਣ ਲਈ ਡਰਾਇਵਰ ਨਹੀਂ ਸੀ।
ਜ਼ਿਕਰਯੋਗ ਹੈ ਕਿ ਬੀਜੇਪੀ ਦੇ ਸੰਸਦ ਮੈਂਬਰ ਰਾਜੀਵ ਪ੍ਰਤਾਪ ਰੂ਼ਡੀ ਦੇ ਘਰ ਕਈ ਐਂਬੂਲੈਂਸ ਗੱਡੀਆਂ ਕੱਪੜੇ ਨਾਲ ਢਕੀਆਂ ਖੜ੍ਹੀਆਂ ਮਿਲੀਆਂ ਸਨ। ਇਸਦਾ ਵੀਡਿਓ ਸਾਹਮਣੇ ਆਇਆ ਤਾਂ ਰੂੜੀ ਨੇ ਪੱਪੂ ਯਾਦਵ ਨੂੰ ਡਰਾਇਵਰ ਲੈ ਕੇ ਆਉਣ ਦੀ ਚੁਣੌਤੀ ਦਿੱਤੀ ਸੀ। ਇਸਦੇ ਜਵਾਬ ਵਿਚ ਪੱਪੂ ਯਾਦਵ ਆਪਣੀ ਪੂਰੀ ਟੀਮ ਨਾਲ ਪਹੁੰਚ ਗਏ ਤੇ ਦਾਅਵਾ ਕੀਤਾ ਕਿ ਇਹ 40 ਡਰਾਇਵਰ ਐਂਬੂਲੈਂਸ ਚਲਾਉਣ ਲਈ ਤਿਆਰ ਹਨ। ਡਰਾਇਵਰਾਂ ਦੀ ਟੀਮ ਲੈ ਕੇ ਮੀਡੀਆ ਅੱਗੇ ਆ ਕੇ ਉਨ੍ਹਾਂ ਦਾਅਵਾ ਕੀਤਾ ਸੀ ਕਿ ਉਨ੍ਹਾਂ ਕੋਲ 40 ਡਰਾਇਵਰ ਹਨ। ਇਨ੍ਹਾਂ ਸਾਰਿਆਂ ਦਾ ਨਾਂ ਲਿਖ ਕੇ ਸਰਕਾਰ ਨੂੰ ਭੇਜੇ ਜਾਣਗੇ।