The Khalas Tv Blog India ਭਾਰਤ ਸਰਕਾਰ ਨੇ ਵੀ ਪੰਜਾਬ ਪਿੱਛੇ ਲੱਗ ਕੇ 17 ਮਈ ਤੱਕ ਵਧਾਇਆ ਲਾਕਡਾਊਨ
India

ਭਾਰਤ ਸਰਕਾਰ ਨੇ ਵੀ ਪੰਜਾਬ ਪਿੱਛੇ ਲੱਗ ਕੇ 17 ਮਈ ਤੱਕ ਵਧਾਇਆ ਲਾਕਡਾਊਨ

‘ਦ ਖ਼ਾਲਸ ਬਿਊਰੋ :- ਕੋਵਿਡ-19 ਦੀ ਮਹਾਂਮਾਰੀ ਤੋਂ ਫੈਲਾਅ ਨੂੰ ਰੋਕਣ ਲਈ ਦੇਸ਼ ਭਰ ਵਿੱਚ ਲਾਈਆਂ ਪਾਬੰਦੀਆਂ ਦਾ ‘ਬਹੁਤ ਫ਼ਾਇਦਾ’ ਹੋਣ ਦਾ ਹਵਾਲਾ ਦਿੰਦਿਆਂ ਕੇਂਦਰੀ ਗ੍ਰਹਿ ਮੰਤਰਾਲੇ ਨੇ ਦੇਸ਼ਵਿਆਪੀ ਲਾਕਡਾਊਨ ਵਿੱਚ 4 ਮਈ ਤੋਂ ਦੋ ਹੋਰ ਹਫ਼ਤਿਆਂ ਦਾ ਵਾਧਾ ਕਰ ਦਿੱਤਾ ਹੈ। ਤੀਜੇ ਪੜਾਅ ਦਾ ਇਹ ਲੌਕਡਾਊਨ 17 ਮਈ ਤੱਕ ਚੱਲੇਗਾ। ਇਸ ਦਾ ਐਲਾਨ ਲਾਕਡਾਊਨ 2.0 ਮੁੱਕਣ ਤੋਂ ਦੋ ਦਿਨ ਪਹਿਲਾਂ ਕਰ ਦਿੱਤਾ ਗਿਆ ਹੈ। ਇਸ ਦੌਰਾਨ ਹਵਾਈ, ਰੇਲ, ਅੰਤਰਰਾਜੀ ਸੜਕ ਆਵਾਜਾਈ ਤੋਂ ਇਲਾਵਾ ਵਿਦਿਅਕ ਅਦਾਰੇ ਦੇਸ਼ ਭਰ ਵਿੱਚ ਮੁਕੰਮਲ ਤੌਰ ’ਤੇ ਬੰਦ ਰਹਿਣਗੇ। ਲਾਕਡਾਊਨ ਦਾ ਤੀਜਾ ਪੜਾਅ ਸ਼ੁਰੂ ਹੋਣ ਤੋਂ ਪਹਿਲਾਂ ਕੇਂਦਰ ਸਰਕਾਰ ਵਲੋਂ ਦੇਸ਼ ਦੇ 319 ਜ਼ਿਲ੍ਹਿਆਂ ਨੂੰ ਹਰੀ ਜ਼ੋਨ, 284 ਜ਼ਿਲ੍ਹਿਆਂ ਨੂੰ ਸੰਤਰੀ ਜ਼ੋਨ ਅਤੇ 130 ਜ਼ਿਲ੍ਹਿਆਂ ਨੂੰ ਲਾਲ ਜ਼ੋਨ ਵਿੱਚ ਸ਼ਾਮਲ ਕਰਨ ਸਬੰਧੀ ਸੂਚੀ ਜਾਰੀ ਕੀਤੀ ਗਈ ਹੈ।

ਮੰਤਰਾਲੇ ਨੇ ਦੱਸਿਆ ਕਿ ਸਰਕਾਰ ਨੇ ਲਾਕਡਾਊਨ ਵਧਾਉਣ ਦਾ ਫ਼ੈਸਲਾ ਦੇਸ਼ ਵਿੱਚ ਕੋਵਿਡ-19 ਸਬੰਧੀ ਪੂਰੀ ਸਥਿਤੀ ਦਾ ਜਾਇਜ਼ਾ ਲੈਣ ਅਤੇ ਲਾਕਡਾਊਨ ਦਾ ਕਦਮ ਕਾਰਗਰ ਸਾਬਤ ਹੋਣ ਦੇ ਮੱਦੇਨਜ਼ਰ ਲਿਆ ਗਿਆ ਹੈ। ਮੰਤਰਾਲੇ ਵਲੋਂ ਆਫ਼ਤ ਪ੍ਰਬੰਧਨ ਐਕਟ, 2005 ਤਹਿਤ ਜਾਰੀ ਆਦੇਸ਼ ਵਿੱਚ ਕਿਹਾ ਗਿਆ ਹੈ ‘‘4 ਮਈ ਤੋਂ ਬਾਅਦ ਲਾਕਡਾਊਨ ਵਿੱਚ ਅਗਲੇ ਦੋ ਹਫ਼ਤਿਆਂ ਦਾ ਵਾਧਾ ਕੀਤਾ ਜਾਂਦਾ ਹੈ।’’ ਮੰਤਰਾਲੇ ਵਲੋਂ ਇਸ ਸਮੇਂ ਦੌਰਾਨ ਦੇਸ਼ ਵਿੱਚ ਵੱਖ-ਵੱਖ ਜ਼ੋਨਾਂ ’ਤੇ ਆਧਾਰ ’ਤੇ ਗਤੀਵਿਧੀਆਂ ਬਾਰੇ ਨਵੇਂ ਨਿਰਦੇਸ਼ ਵੀ ਜਾਰੀ ਕੀਤੇ ਹਨ। ਹਰੀ ਅਤੇ ਸੰਤਰੀ ਜ਼ੋਨਾਂ ਵਾਲੇ ਜ਼ਿਲ੍ਹਿਆਂ ਨੂੰ ਕੁਝ ਢਿੱਲਾਂ ਦਿੱਤੀਆਂ ਗਈਆਂ ਹਨ ਜਦਕਿ ਕੰਟੇਨਮੈਂਟ ਜ਼ੋਨ ਵਿੱਚ ਕੋਈ ਵੀ ਗਤੀਵਿਧੀ ਨਾ ਹੋਣ ਦੇ ਆਦੇਸ਼ ਹਨ। ਕੋਰੋਨਾਵਾਇਰਸ ਦੇ ਫੈਲਾਅ ਦੇ ਮੱਦੇਨਜ਼ਰ ਕੀਤੀ ਗਈ ਜ਼ੋਨਾਂ ਦੀ ਇਹ ਵੰਡ 3 ਮਈ ਤੋਂ ਬਾਅਦ ਇੱਕ ਹਫ਼ਤੇ ਲਈ ਚੱਲੇਗੀ। ਇਹ ਵੰਡ ਕੇਸਾਂ ਦੀ ਗਿਣਤੀ, ਕੇਸਾਂ ਦੇ ਦੁੱਗਣੀ ਹੋਣ ਦੀ ਦਰ, ਟੈਸਟ ਦਰ ਅਤੇ ਜਾਗਰੂਕਤਾ ਦੇ ਪੱਖ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਗਈ ਹੈ। ਸਭ ਤੋਂ ਵੱਧ ਕੇਸਾਂ ਅਤੇ ਮੌਤਾਂ ਵਾਲੇ ਸੂਬੇ ਮਹਾਰਾਸ਼ਟਰ ਵਿੱਚ 14 ਲਾਲ ਜ਼ੋਨਾਂ ਹਨ।

ਉੱਤਰ ਪ੍ਰਦੇਸ਼ ਵਿੱਚ 19, ਤਾਮਿਲਨਾਡੂ ਵਿੱਚ 12 ਅਤੇ ਦਿੱਲੀ ਵਿੱਚ 11 ਲਾਲ ਜ਼ੋਨਾਂ ਹਨ। ਕੌਮੀ ਰਾਜਧਾਨੀ ਵਿੱਚ ਕੋਈ ਸੰਤਰੀ ਅਤੇ ਹਰੀ ਜ਼ੋਨ ਨਹੀਂ ਹੈ ਅਤੇ ਕੇਵਲ ਲਾਲ ਜ਼ੋਨਾਂ ਹਨ। ਕੇਰਲਾ ਵਿੱਚ ਦੋ ਲਾਲ ਜ਼ੋਨਾਂ ਅਤੇ 10 ਸੰਤਰੀ ਜ਼ੋਨਾਂ ਹਨ। ਉੁੱਤਰ ਪ੍ਰਦੇਸ਼ ਵਿੱਚ 36 ਸੰਤਰੀ, ਤਾਮਿਲ ਨਾਡੂ ਵਿੱਚ 24, ਬਿਹਾਰ ਵਿੱਚ 20 ਅਤੇ ਰਾਜਸਥਾਨ, ਮੱਧ ਪ੍ਰੇਦਸ਼ ਅਤੇ ਗੁਜਰਾਤ ਵਿੱਚ 19-19 ਸੰਤਰੀ ਜ਼ੋਨਾਂ ਹਨ। ਅਸਾਮ ਵਿੱਚ ਸਭ ਤੋਂ ਵੱਧ ਹਰੀਆਂ ਜ਼ੋਨਾਂ ਹਨ, ਉਸ ਤੋਂ ਬਾਅਦ ਅਰੁਣਾਂਚਲ ਪ੍ਰਦੇਸ਼, ਛੱਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਦਾ ਨੰਬਰ ਆਉਂਦਾ ਹੈ। ਕਿਸੇ ਵੀ ਜ਼ਿਲ੍ਹੇ ਨੂੰ ਹਰੀ ਜ਼ੋਨ ਵਿੱਚ ਮੰਨਿਆ ਜਾਵੇਗਾ ਜੇਕਰ ਉੱਥੇ ਕਿਸੇ ਵੀ ਕੇਸ ਦੀ ਪੁਸ਼ਟੀ ਨਹੀਂ ਹੋਈ ਜਾਂ ਪਿਛਲੇ 21 ਦਿਨਾਂ ਵਿੱਚ ਕੋਈ ਵੀ ਨਵਾਂ ਕੇਸ ਸਾਹਮਣੇ ਨਹੀਂ ਆਇਆ। ਕੇਂਦਰੀ ਸਿਹਤ ਸਕੱਤਰ ਪ੍ਰੀਤੀ ਸੂਦਨ ਵਲੋਂ ਸਾਰੇ ਸੂਬਿਆਂ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਨੂੰ ਲਿਖੇ ਪੱਤਰ ਅਨੁਸਾਰ ਸਾਰੇ ਸੂਬਿਆਂ ਵਲੋਂ ਆਪਣੇ ਲਾਲ ਅਤੇ ਹਰੀਆਂ ਜ਼ੋਨਾਂ ਵਾਲੇ ਜ਼ਿਲ੍ਹਿਆਂ ਵਿਚ ਕੰਟੇਨਮੈਂਟ ਜ਼ੋਨਾਂ ਅਤੇ ਬੱਫਰ ਜ਼ੋਨਾਂ ਬਾਰੇ ਸਪੱਸ਼ਟ ਵੇਰਵੇ ਇਕੱਤਰ ਕਰਕੇ ਪੂਰੀ ਜਾਣਕਾਰੀ ਦਿੱਤੀ ਜਾਵੇ।

ਮੰਤਰਾਲੇ ਨੇ ਕਿਹਾ ਕਿ ਕੰਟੇਨਮੈਂਟ ਜ਼ੋਨਾਂ ਵਿੱਚ ਸਖ਼ਤ ਘੇਰਾਬੰਦੀ ਕੀਤੀ ਜਾਵੇ, ਵਿਸ਼ੇਸ਼ ਟੀਮਾਂ ਬਣਾ ਕੇ ਘਰ-ਘਰ ਜਾ ਕੇ ਕੇਸ ਲੱਭੇ ਜਾਣ, ਸੈਂਪਲਿੰਗ ਹਦਾਇਤਾਂ ਅਨੁਸਾਰ ਸਾਰੇ ਕੇਸਾਂ ਦੇ ਟੈਸਟ ਹੋਣ ਅਤੇ ਸਾਰੇ ਕੇਸਾਂ ਦੇ ਸੰਪਰਕ ਟਰੇਸ ਕਰਕੇ ਇਲਾਜ ਸਬੰਧੀ ਪ੍ਰਬੰਧ ਕੀਤੇ ਜਾਣ। ਸਿਹਤ ਸਕੱਤਰ ਨੇ ਦੱਸਿਆ ਕਿ ਇਹ ਸੂਚੀ ਹਫ਼ਤਾਵਰੀ ਆਧਾਰ ’ਤੇ ਜਾਂ ਇਸ ਤੋਂ ਪਹਿਲਾਂ ਨਵਿਆਈ ਜਾਇਆ ਕਰੇਗੀ ਅਤੇ ਸੂਬਿਆਂ ਨੂੰ ਜਾਣਕਾਰੀ ਦੇਣ ਦੇ ਨਾਲ-ਨਾਲ ਆਦੇਸ਼ ਵੀ ਦਿੱਤੇ ਜਾਣਗੇ। ਇਸ ਤੋਂ ਇਲਾਵਾ ਸੂਬਾ ਪੱਧਰ ’ਤੇ ਪ੍ਰਾਪਤ ਹੋ ਰਹੀਆਂ ਜਾਣਕਾਰੀਆਂ ਜਾਂ ਵਿਸ਼ਲੇਸ਼ਣਾਂ ਦੇ ਆਧਾਰ ’ਤੇ ਸੂਬੇ ਖ਼ੁਦ ਵੀ ਹੋਰ ਲਾਲ ਜਾਂ ਸੰਤਰੀ ਜ਼ੋਨਾਂ ਐਲਾਨ ਸਕਦੇ ਹਨ ਪਰ ਉਹ ਕਿਸੇ ਵੀ ਜ਼ਿਲ੍ਹੇ ਨੂੰ ਮੰਤਰਾਲੇ ਵਲੋਂ ਐਲਾਨੇ ਲਾਲ ਜਾਂ ਸੰਤਰੀ ਜ਼ੋਨ ਵਿੱਚ ਢਿੱਲ ਨਾ ਦੇਣ। ਲਾਕਡਾਊਨ ਸਬੰਧੀ ਨਵੇਂ ਨਿਰਦੇਸ਼ਾਂ ਅਨੁਸਾਰ ਕੁੱਝ ਗਤੀਵਿਧੀਆਂ ਦੇਸ਼ ਭਰ ਵਿੱਚ ਬੰਦ ਰਹਿਣਗੀਆਂ।

ਇਨ੍ਹਾਂ ਵਿੱਚ ਹਵਾਬਾਜ਼ੀ, ਰੇਲ ਆਵਾਜਾਈ, ਅੰਤਰਰਾਜੀ ਸੜਕੀ ਆਵਾਜਾਈ, ਸਕੂਲ, ਕਾਲਜ ਅਤੇ ਹੋਰ ਵਿਦਿਅਕ ਤੇ ਟਰੇਨਿੰਗ ਅਤੇ ਕੋਚਿੰਗ ਅਦਾਰੇ, ਪ੍ਰਾਹੁਣਚਾਰੀ ਸੇਵਾਵਾਂ ਜਿਨ੍ਹਾਂ ਵਿੱਚ ਹੋਟਲ ਤੇ ਰੇਸਤਰਾਂ ਸ਼ਾਮਲ ਹਨ, ਜਨਤਕ ਇਕੱਠਾਂ ਵਾਲੀਆਂ ਥਾਵਾਂ ਜਿਵੇਂ ਸਿਨੇਮਾ ਹਾਲ, ਸ਼ਾਪਿੰਗ ਮਾਲਜ਼, ਜਿਮਨੇਜ਼ੀਅਮ, ਸਪੋਰਟਸ ਕੰਪਲੈਕਸ ਆਦਿ ਪੂਰੀ ਤਰ੍ਹਾਂ ਬੰਦ ਰਹਿਣਗੇ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੀ ਸਮਾਜਿਕ, ਸਿਆਸੀ, ਸਭਿਆਚਾਰ ਜਾਂ ਕੋਈ ਹੋਰ ਇਕੱਠ ਅਤੇ ਧਾਰਮਿਕ ਸਥਾਨਾਂ ’ਤੇ ਇਕੱਠ ਉੱਪਰ ਪਾਬੰਦੀ ਰਹੇਗੀ। ਕੇਵਲ ਮੰਤਰਾਲੇ ਵਲੋਂ ਪ੍ਰਵਾਨ ਕੀਤੇ ਕੁੱਝ ਵਿਸ਼ੇਸ਼ ਕਾਰਨਾਂ ਸਬੰਧੀ ਹਵਾਈ, ਰੇਲ ਅਤੇ ਸੜਕੀ ਆਵਾਜਾਈ ਦੀ ਆਗਿਆ ਦਿੱਤੀ ਜਾਵੇਗੀ। ਨਵੇਂ ਨਿਰਦੇਸ਼ਾਂ ਅਨੁਸਾਰ ਸ਼ਾਮ 7 ਵਜੇ ਤੋਂ ਸਵੇਰੇ ਸੱਤ ਵਜੇ ਤੱਕ ਕਿਸੇ ਵੀ ਗੈਰ-ਜ਼ਰੂਰੀ ਕੰਮ ਲਈ ਲੋਕਾਂ ਦੀ ਆਵਾਜਾਈ ਮੁਕੰਮਲ ਤੌਰ ’ਤੇ ਬੰਦ ਰਹੇਗੀ।

Exit mobile version