ਚੰਡੀਗੜ੍ਹ- (ਪੁਨੀਤ ਕੌਰ) ਪੰਜਾਬ ਸਰਕਾਰ ਨੇ ਕੋਰੋਨਾਵਾਇਰਸ ਨੂੰ ਰੋਕਣ ਲਈ ਇੱਕ ਵੱਡਾ ਐਲਾਨ ਕੀਤਾ ਹੈ। ਪੰਜਾਬ ਸਰਕਾਰ ਨੇ ਸ਼ੁੱਕਰਵਾਰ ਰਾਤ 12 ਵਜੇ ਤੋਂ ਬਾਅਦ ਸੂਬੇ ਭਰ ‘ਚ ਨਿੱਜੀ ਅਤੇ ਸਰਕਾਰੀ ਬੱਸਾਂ ਦੀ ਆਵਾਜਾਈ ‘ਤੇ ਰੋਕ ਲਗਾ ਦਿੱਤੀ ਹੈ। 20 ਮਾਰਚ ਤੋਂ ਸਾਰੀਆਂ ਬੱਸਾਂ ਬੰਦ ਹੋ ਜਾਣਗੀਆਂ ਅਤੇ ਸਰਕਾਰ ਦੇ ਅਗਲੇ ਹੁਕਮਾਂ ਤੱਕ ਪੰਜਾਬ ਵਿੱਚ ਬੱਸਾਂ ਨਹੀਂ ਚੱਲਣਗੀਆਂ। ਇਸ ਦੇ ਨਾਲ ਹੀ ਸੂਬੇ ‘ਚ ਆਟੋ, ਟੈਕਸੀਆਂ ਤੇ ਹੋਰ ਸਵਾਰੀਆਂ ਨੂੰ ਢੋਹਣ ਵਾਲੇ ਵਾਹਨਾਂ ਦੀ ਮਨਾਹੀ ਰਹੇਗੀ। ਇਹ ਫ਼ੈਸਲਾ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਕਮੇਟੀ ਨੇ ਇੱਕ ਮੀਟਿੰਗ ਕਰਕੇ ਲਿਆ ਹੈ। ਇਹ ਜਾਣਕਾਰੀ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੇ ਇਕੱਠ ਦੀ ਗਿਣਤੀ 50 ਤੋਂ ਘਟਾ ਕੇ 20 ਲੋਕਾਂ ਤੱਕ ਕਰ ਦਿੱਤੀ ਹੈ।
ਇਸ ਤੋਂ ਇਲਾਵਾ ਮੈਰਿਜ ਪੈਲੇਸ, ਹੋਟਲ, ਰੈਸਟੋਰੈਂਟ, ਬੈਂਕਵੇਟ ਹਾਲ ਆਦਿ ਵੀ ਬੰਦ ਰਹਿਣਗੇ। ਉਨ੍ਹਾਂ ਦੱਸਿਆ ਕਿ ਸਾਰੇ ਸਰਕਾਰੀ ਦਫ਼ਤਰਾਂ ਅਤੇ ਜਨਤਕ ਦਫ਼ਤਰਾਂ ‘ਚ ਲੋਕਾਂ ਨਾਲ ਸੰਬੰਧਿਤ ਕੰਮਾਂ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ। ਸਿਰਫ਼ ਜ਼ਰੂਰੀ ਕੰਮ ਹੀ ਕੀਤੇ ਜਾਣਗੇ। ਕਮਿਸ਼ਨਰਾਂ, ਐੱਸਐੱਸਪੀ ਅਤੇ ਡੀਸੀ ਨੂੰ ਆਪਣੇ ਹਲਕਿਆਂ ‘ਚ ਤਾਇਨਾਤ ਰਹਿਣ ਦੇ ਆਦੇਸ਼ ਦਿੱਤੇ ਗਏ ਹਨ। ਪੰਜਾਬ ਬੋਰਡ ਦੀਆਂ 10ਵੀਂ, 12ਵੀਂ ਜਮਾਤ ਤੇ ਹੋਰ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ।