The Khalas Tv Blog India ਕਰਤਾਰਪੁਰ ਲਾਂਘਾ ਬੰਦ ਕਰਨ ਨਾਲ ਜਥੇਦਾਰ ਹਰਪ੍ਰੀਤ ਸਿੰਘ ਸਹਿਮਤ, ਕੇਸਗੜ੍ਹ ਸਾਹਿਬ ਦੇ ਜਥੇਦਾਰ ਹੋਏ ਗਰਮ
India Punjab

ਕਰਤਾਰਪੁਰ ਲਾਂਘਾ ਬੰਦ ਕਰਨ ਨਾਲ ਜਥੇਦਾਰ ਹਰਪ੍ਰੀਤ ਸਿੰਘ ਸਹਿਮਤ, ਕੇਸਗੜ੍ਹ ਸਾਹਿਬ ਦੇ ਜਥੇਦਾਰ ਹੋਏ ਗਰਮ

ਚੰਡੀਗੜ੍ ਬਿਊਰੋ:- ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਭਾਰਤ ਸਰਕਾਰ ਵੱਲੋਂ ਕਰੋਨਾਵਾਇਰਸ ਕਾਰਨ ਬੰਦ ਕਰਨ ਦੇ ਫ਼ੈਸਲੇ ਕਾਰਨ ਦੋ ਤਖਤਾਂ ਦੇ ਜਥੇਦਾਰ ਆਹਮੋ-ਸਾਹਮਣੇ ਆ ਗਏ ਹਨ। ਇਸ ਸਬੰਧੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਨੇ ਖੁੱਲ੍ਹ ਕੇ ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ ਦੇ ਬਿਆਨ ਦਾ ਵਿਰੋਧ ਕਰਦੇ ਹੋਏ ਅਸਹਿਮਤੀ ਪ੍ਰਗਟ ਕੀਤੀ ਹੈ। ਜਥੇਦਾਰ ਰਘਬੀਰ ਸਿੰਘ ਵੱਲੋਂ ਸਖ਼ਤ ਲਹਿਜ਼ੇ ’ਚ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਦਾ ਵਿਰੋਧ ਕੀਤਾ ਗਿਆ ਹੈ।

 

ਦੋਵਾਂ ਜਥੇਦਾਰਾਂ ਵਿਚਕਾਰਾਂ ਪਹਿਲੀ ਵਾਰ ਅਜਿਹੀ ਖਟਾਸ ਦੇਖਣ ਨੂੰ ਮਿਲੀ ਹੈ। ਹਾਂਲਾਕਿ ਇਹ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਲੈ ਕੇ ਦੋਵੇਂ ਜਥੇਦਾਰਾਂ ਦੀ ਨਿੱਜੀ ਰਾਏ ਹੋ ਸਕਦੀ ਹੈ ਪਰ ਜਿਸ ਤਰ੍ਹਾਂ ਨਾਲ ਦੋਵਾਂ ਦੀ ਰਾਏ ਇੱਕ ਦੂਸਰੇ ਦੇ ਬਿਲਕੁਲ ਉਲਟ ਸਾਹਮਣੇ ਆਈ ਹੈ ਉਸ ਤੋਂ ਜਾਪ ਰਿਹਾ ਹੈ ਕਿ ਤਖਤਾਂ ਦੇ ਜਥੇਦਾਰਾਂ ’ਚ ਸਭ ਕੁਝ ਠੀਕ ਨਹੀਂ ਹੈ। ਮੀਡੀਆ ’ਚ ਆਈਆਂ ਰਿਪੋਰਟਾਂ ਅਨੁਸਾਰ ਜਿੱਥੇ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ ਨੇ ਕਰੋਨਾਵਾਇਰਸ ਕਰਕੇ ਭਾਰਤ ਸਰਕਾਰ ਵੱਲੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਬੰਦ ਕਰਨ ਦੇ ਫੈਸਲੇ ਨੂੰ ਸਹੀ ਕਰਾਰ ਦਿੱਤਾ ਹੈ ਉੱਥੇ ਹੀ ਅੱਜ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੇ ਦਲੀਲ ਨਾਲ ਜਥੇਦਾਰ ਹਰਪ੍ਰੀਤ ਸਿੰਘ ਦੇ ਬਿਆਨ ਨਾਲ ਅਸਹਿਮਤੀ ਪ੍ਰਗਟਾਉਂਦਿਆਂ ਕਿਹਾ ਹੈ ਕਿ ਸਿੱਖ ਗੁਰੂ ਸਾਹਿਬਾਨ ਦੇ ਸਮੇਂ ਤੋਂ ਹੀ ਇਹ ਰਵਾਇਤ ਹੈ ਕਿ ਜਦੋਂ ਕਦੇ ਵੀ ਕੋਈ ਮਹਾਮਾਰੀ ਫੈਲਦੀ ਹੈ ਜਾਂ ਕਿਸੇ ’ਤੇ ਭੀੜ ਪੈਂਦੀ ਹੈ ਤਾਂ ਸਿੱਖ ਕੌਮ ਅੱਗੇ ਹੋ ਕੇ ਪਹਿਰਾ ਦਿੰਦੀ ਹੈ ਤੇ ਸਭ ਨੂੰ ਗੁਰੂ ਘਰਾਂ ’ਚ ਸ਼ਰਨ ਦਿੰਦੀ ਹੈ ਪਰ ਸਰਕਾਰ ਵੱਲੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਬੰਦ ਕਰਕੇ ਸ਼ਰਧਾਲੂਆਂ ਨੂੰ ਗੁਰੂ ਘਰ ਵਿਖੇ ਨਤਮਸਤਕ ਹੋਣ ਤੋਂ ਹੀ ਰੋਕ ਦੇਣਾ ਬਿਲਕੁਲ ਗ਼ਲਤ ਹੈ। ਕਰਤਾਰਪੁਰ ਸਾਹਿਬ ਦਾ ਲਾਂਘਾ ਭਾਰਤ ਸਰਕਾਰ ਵੱਲੋਂ ਅਣਮਿਥੇ ਸਮੇਂ ਲਈ ਬੰਦ ਕੀਤਾ ਗਿਆ ਹੈ।

Exit mobile version