The Khalas Tv Blog Punjab ਪੁਲਿਸ ਮੁਲਾਜ਼ਮਾਂ ਤੋਂ ਤੰਗ ਆ ਕੇ ਨੌਜਵਾਨ ਨੇ ਆ ਕੀ ਕਰ ਲਿਆ…
Punjab

ਪੁਲਿਸ ਮੁਲਾਜ਼ਮਾਂ ਤੋਂ ਤੰਗ ਆ ਕੇ ਨੌਜਵਾਨ ਨੇ ਆ ਕੀ ਕਰ ਲਿਆ…

ਮੋਹਾਲੀ ਦੇ ਖਰੜ ‘ਚ ਪੁਲਿਸ ਮੁਲਾਜ਼ਮਾਂ ਤੋਂ ਤੰਗ ਆ ਕੇ ਇਕ ਨੌਜਵਾਨ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਦੋ ਪੁਲਿਸ ਮੁਲਾਜ਼ਮਾਂ ਨੇ ਨੌਜਵਾਨ ਤੋਂ 20 ਹਜ਼ਾਰ ਰੁਪਏ ਮੰਗੇ ਸਨ। ਪੈਸੇ ਨਾ ਦੇਣ ’ਤੇ ਉਸ ਨੂੰ ਝੂਠੇ ਕੇਸ ਵਿੱਚ ਫਸਾਉਣ ਦੀ ਧਮਕੀ ਵੀ ਦਿੱਤੀ ਸੀ। ਪੀੜਤ ਨੇ ਫਾਹਾ ਲਾਉਣ ਤੋਂ ਪਹਿਲਾਂ ਆਪਣੇ ਸੁਸਾਈਡ ਨੋਟ ‘ਚ ਦੋਵਾਂ ਪੁਲਿਸ ਮੁਲਾਜ਼ਮਾਂ ਦੇ ਨਾਂ ਵੀ ਲਿਖੇ ਹਨ।ਮ੍ਰਿਤਕ ਦੀ ਪਛਾਣ ਤੇਗ ਬਹਾਦਰ ਵਜੋਂ ਹੋਈ ਹੈ।

ਉਸ ਨੇ ਖਰੜ ਸਿਟੀ ਪੁਲਿਸ ਸਟੇਸ਼ਨ ਵਿੱਚ ਤਾਇਨਾਤ ਹੈੱਡ ਕਾਂਸਟੇਬਲ ਸੁਰਜੀਤ ਸਿੰਘ ਅਤੇ ਕਾਂਸਟੇਬਲ ਹੁਸਨਪ੍ਰੀਤ ਸਿੰਘ ’ਤੇ ਦੋਸ਼ ਲਾਏ ਹਨ। ਪੀੜਤ ਨੌਜਵਾਨ ਆਪਣੇ ਦੋਸਤ ਦੇ ਮੋਟਰਸਾਈਕਲ ‘ਤੇ ਬਾਜ਼ਾਰ ਗਿਆ ਸੀ। ਪੁਲਿਸ ਨੇ ਜਾਂਚ ਲਈ ਉਸ ਦਾ ਮੋਟਰਸਾਈਕਲ ਰੋਕ ਕੇ ਕਾਗ਼ਜ਼ਾਤ ਚੈੱਕ ਕੀਤੇ ਪਰ ਦੋਸਤ ਦੇ ਮੋਟਰਸਾਈਕਲ ਵਿੱਚ ਵੱਖਰੇ ਨੰਬਰ ਦੀ ਆਰਸੀ ਰੱਖੀ ਹੋਈ ਸੀ। ਬਾਅਦ ‘ਚ ਪੀੜਤ ਨੇ ਥਾਣੇ ਜਾ ਕੇ ਦੋਸ਼ੀ ਪੁਲਿਸ ਵਾਲਿਆਂ ਨੂੰ ਮੋਟਰਸਾਈਕਲ ਦੀ ਅਸਲੀ ਆਰਸੀ ਵੀ ਦਿਖਾ ਦਿੱਤੀ ਸੀ।

ਮ੍ਰਿਤਕ ਤੇਗ਼ ਬਹਾਦਰ ਨੇ ਸੁਸਾਈਡ ਨੋਟ ਵਿੱਚ ਲਿਖਿਆ ਕਿ ਉਹ ਹਰ ਮਹੀਨੇ ਪੰਜ ਤੋਂ ਛੇ ਹਜ਼ਾਰ ਰੁਪਏ ਕਮਾਉਂਦਾ ਹੈ। ਉਸ ਲਈ ਪੁਲਿਸ ਵਾਲਿਆਂ ਨੂੰ 20 ਹਜ਼ਾਰ ਰੁਪਏ ਦੇਣਾ ਔਖਾ ਹੈ। ਉਹ ਵਾਰ-ਵਾਰ ਮੈਨੂੰ ਝੂਠੇ ਕੇਸ ਵਿੱਚ ਫਸਾਉਣ ਦੀਆਂ ਧਮਕੀਆਂ ਦੇ ਰਹੇ ਹਨ। ਜਿਸ ਕਾਰਨ ਉਹ ਖ਼ੁਦਕੁਸ਼ੀ ਕਰ ਰਿਹਾ ਹੈ।

ਇਸ ਦੇ ਨਾਲ ਹੀ ਉਸ ਨੇ ਖ਼ੁਦਕੁਸ਼ੀ ਨੋਟ ਵਿੱਚ ਮੰਗ ਕੀਤੀ ਹੈ ਕਿ ਰਿਸ਼ਵਤ ਮੰਗਣ ਵਾਲੇ ਦੋਵੇਂ ਪੁਲਿਸ ਮੁਲਾਜ਼ਮਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ, ਤਾਂ ਜੋ ਕੋਈ ਵੀ ਪੁਲਿਸ ਮੁਲਾਜ਼ਮ ਕਿਸੇ ਹੋਰ ਗ਼ਰੀਬ ਵਿਅਕਤੀ ਨੂੰ ਤੰਗ ਨਾ ਕਰੇ।ਮ੍ਰਿਤਕ ਦੇ ਪਿਤਾ ਸਰਬਜੀਤ ਸਿੰਘ ਨੇ ਦੱਸਿਆ ਕਿ ਤੇਗ਼ ਬਹਾਦਰ ਨੇ ਪੁਲਿਸ ਮੁਲਾਜ਼ਮਾਂ ਤੋਂ ਤੰਗ ਆ ਕੇ ਖ਼ੁਦਕੁਸ਼ੀ ਕੀਤੀ ਹੈ।

ਉਸ ਦਾ ਅੱਜ ਖਰੜ ਹਸਪਤਾਲ ਵਿੱਚ ਪੋਸਟਮਾਰਟਮ ਕੀਤਾ ਜਾਵੇਗਾ। ਮ੍ਰਿਤਕ ਦੇ ਮੋਬਾਈਲ ਫ਼ੋਨ ਤੋਂ ਵੀਡੀਓ ਮਿਲੀ ਹੈ। ਜਿਸ ‘ਚ ਉਹ ਸਪਸ਼ਟ ਤੌਰ ‘ਤੇ ਦੋਵਾਂ ਪੁਲਿਸ ਵਾਲਿਆਂ ‘ਤੇ ਦੋਸ਼ ਲਗਾ ਰਿਹਾ ਹੈ। ਉਹ ਆਪਣੇ ਬੇਟੇ ਦਾ ਅੰਤਿਮ ਸਸਕਾਰ ਉਦੋਂ ਤੱਕ ਨਹੀਂ ਕਰਨਗੇ ਜਦੋਂ ਤੱਕ ਉਨ੍ਹਾਂ ਦੇ ਬੇਟੇ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ।

Exit mobile version