The Khalas Tv Blog India ਦਿੱਲੀ ‘ਚ ਹਿੰਸਾ,ਮਾਨਸਾ ਵਾਲੇ ਵੀ ਕਾਲੇ ਕਾਨੂੰਨ ਦੇ ਵਿਰੋਧ ‘ਚ,14 ਦਿਨਾਂ ਤੋਂ ਧਰਨੇ ‘ਤੇ
India Punjab

ਦਿੱਲੀ ‘ਚ ਹਿੰਸਾ,ਮਾਨਸਾ ਵਾਲੇ ਵੀ ਕਾਲੇ ਕਾਨੂੰਨ ਦੇ ਵਿਰੋਧ ‘ਚ,14 ਦਿਨਾਂ ਤੋਂ ਧਰਨੇ ‘ਤੇ

ਚੰਡੀਗੜ੍ਹ- ਮਾਨਸਾ ਦੇ ਲੋਕ ਸੀਏਏ ਦੇ ਵਿਰੋਧ ਵਿੱਚ 14 ਦਿਨ ਤੋਂ ਧਰਨੇ ‘ਤੇ ਬੈਠੇ ਹੋਏ ਹਨ। ਮਾਨਸਾ ਦੇ ਸੱਦੇ ’ਤੇ ਜ਼ਿਲ੍ਹਾ ਕਚਹਿਰੀਆਂ ਵਿੱਚ ਨਾਗਰਿਕਤਾ ਸੋਧ ਕਾਨੂੰਨ, ਐੱਨਆਰਸੀ ਅਤੇ ਐੱਨਪੀਆਰ ਖ਼ਿਲਾਫ਼ ਚੱਲ ਰਹੇ ਪੱਕੇ ਧਰਨੇ ਵਾਲੀ ਥਾਂ ’ਤੇ ‘ਸੰਵਿਧਾਨ ਬਚਾਓ ਮੰਚ ਪੰਜਾਬ’ ਵੱਲੋਂ ਰੋਸ ਰੈਲੀ ਕੀਤੀ ਗਈ ਹੈ।
ਇਸ ਮੌਕੇ ਬੁਲਾਰਿਆਂ ਨੇ ਸੰਘ-ਭਾਜਪਾ ਦੇ ਗੁੰਡਾ ਬ੍ਰਿਗੇਡ ਵੱਲੋਂ ਸੀਏਏ ਵਿਰੋਧੀ ਪ੍ਰਦਰਸ਼ਨਕਾਰੀਆਂ ਅਤੇ ਮੁਸਲਿਮ ਭਾਈਚਾਰੇ ਖ਼ਿਲਾਫ਼ ਸ਼ੁਰੂ ਕੀਤੀ ਸਾੜ-ਫੂਕ ਅਤੇ ਕਾਤਲਾਨਾ ਮੁਹਿੰਮ ਦੀ ਨਿੰਦਾ ਕੀਤੀ ਹੈ। ਉਨ੍ਹਾਂ ਇਸ ਹਾਲਾਤ ਲਈ ਜ਼ਿੰਮੇਵਾਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਹੁਦੇ ਤੋਂ ਲਾਹੁਣ ਦੀ ਮੰਗ ਕੀਤੀ ਹੈ। ਉਨ੍ਹਾਂ ਅੰਦੋਲਨ ਨੂੰ ਹੋਰ ਤਿੱਖਾ ਕਰਦਿਆਂ ਧਰਨੇ ਨੂੰ ਦਿਨ-ਰਾਤ ਲਗਾਤਾਰ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਇਸ ਮੌਕੇ ਪਾਸ ਕੀਤੇ ਮਤਿਆਂ ਵਿੱਚ ਦਿੱਲੀ ’ਚ ਜਾਰੀ ਫ਼ਿਰਕੂ ਹਿੰਸਾ ਅਤੇ ਸਾੜ-ਫੂਕ ਨੂੰ ਰੋਕਣ ਅਤੇ ਜ਼ਹਿਰੀਲੀ ਤੇ ਭੜਕਾਊ ਬਿਆਨਬਾਜ਼ੀ ਕਰਨ ਵਾਲੇ ਭਾਜਪਾ ਦੇ ਕਪਿਲ ਮਿਸ਼ਰਾ, ਅਨੁਰਾਗ ਠਾਕੁਰ, ਗਿਰੀਰਾਜ ਸਿੰਘ ਵਰਗੇ ਆਗੂਆਂ ਨੂੰ ਸੰਵਿਧਾਨ ਦੀ ਧਾਰਾ 295 ਏ, ਦੇਸ਼ਧ੍ਰੋਹ ਆਦਿ ਤਹਿਤ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਗਈ ਹੈ। ਧਰਨੇ ਨੂੰ ਕੁੱਲ ਹਿੰਦ ਕਿਸਾਨ ਮਹਾਂ ਸਭਾ ਦੇ ਕੇਂਦਰੀ ਆਗੂ ਪ੍ਰਸ਼ੋਤਮ ਸ਼ਰਮਾ, ਸੀਪੀਆਈ ਦੇ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ, ਸੀਪੀਆਈ (ਐੱਮ.ਐੱਲ) ਲਿਬਰੇਸ਼ਨ ਦੇ ਭਗਵੰਤ ਸਿੰਘ ਸਮਾਉਂ, ਸਿਰਾਜ ਅਹਿਮਦ ਮਲੇਰਕੋਟਲਾ, ਹੰਸ ਰਾਜ ਮੋਫਰ ਆਦਿ ਨੇ ਸੰਬੋਧਨ ਕੀਤਾ ਹੈ।
ਮੰਚ ਦੇ ਆਗੂ ਰਾਜਵਿੰਦਰ ਸਿੰਘ ਰਾਣਾ, ਗੁਰਲਾਭ ਸਿੰਘ ਮਾਹਲ ਐਡਵੋਕੇਟ ਅਤੇ ਜਸਵੀਰ ਕੌਰ ਨੱਤ ਨੇ ਐਲਾਨ ਕੀਤਾ ਕਿ ਇਸ ਸੰਘਰਸ਼ ਨੂੰ ਅੱਗੇ ਵਧਾਉਂਦਿਆਂ ਕੌਮਾਂਤਰੀ ਇਸਤਰੀ ਦਿਵਸ ਮੌਕੇ 8 ਮਾਰਚ ਨੂੰ ਮਾਨਸਾ ਵਿਚ ਸਿਰਫ਼ ਔਰਤਾਂ ਦਾ ਇਕੱਠ ਕੀਤਾ ਜਾਵੇਗਾ।

Exit mobile version