‘ਦ ਖ਼ਾਲਸ ਬਿਊਰੋ:- ਬਲਾਤਕਾਰੀ ਤੇ ਕਾਤਲ ਡੇਰਾ ਮੁਖੀ ਰਾਮ ਰਹੀਮ ਵੱਲੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਉਣ ਲਈ ਪਾਈ ਗਈ ਪੁਸ਼ਾਕ ਸੁਖਬੀਰ ਸਿੰਘ ਬਾਦਲ ਵੱਲੋਂ ਭਿਜਵਾਉਣ ਦੇ ਲੱਗ ਰਹੇ ਕਥਿਤ ਦੋਸ਼ਾਂ ਕਾਰਨ ਸੁਖਬੀਰ ਬਾਦਲ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਹੁਣ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਇਸ ਮਾਮਲੇ ਬਾਰੇ ਆਪਣਾ ਪੱਖ ਜਨਤਕ ਕਰਕੇ ਸਥਿਤੀ ਸਪੱਸ਼ਟ ਕਰਨ ਬਾਰੇ ਕਿਹਾ ਹੈ। ਸੁਖਬੀਰ ਬਾਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਤਲਬ ਕਰਨ ਦੀ ਉੱਠੀ ਮੰਗ ਬਾਰੇ ਉਨ੍ਹਾਂ ਕਿਹਾ ਕਿ ਜੇ ਕੋਈ ਸਾਫ ਤੌਰ ’ਤੇ ਦੋਸ਼ੀ ਸਿੱਧ ਹੋਵੇਗਾ ਤਾਂ ਉਸ ਨੂੰ ਤਲਬ ਵੀ ਕੀਤਾ ਜਾਵੇਗਾ ਤੇ ਉਸ ਖ਼ਿਲਾਫ਼ ਕਾਰਵਾਈ ਲਈ ਵਿਚਾਰਾਂ ਵੀ ਹੋਣਗੀਆਂ। ਪਰ ਫਿਲਹਾਲ ਕੋਈ ਦੋਸ਼ ਸਿੱਧ ਨਹੀਂ ਹੋਇਆ ਹੈ।
ਜਥੇਦਾਰ ਸਾਹਿਬ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵਿੱਚ ਜਾਂਚ ਚੱਲ ਰਹੀ ਹੈ ਅਤੇ ਸੰਗਤ ਦੇ ਸਾਹਮਣੇ ਸੱਚ ਆਉਣਾ ਚਾਹੀਦਾ ਹੈ।
ਡੇਰੇ ਦੀ ਹਮਾਇਤ ਹੁੰਦੀ ਤਾਂ ਅਕਾਲੀ ਦਲ ਦਾ ਇਹ ਹਸ਼ਰ ਨਾ ਹੁੰਦਾ: ਚਾਵਲਾ
ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਡੇਰਾ ਸਿਰਸਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਹਮਾਇਤ ਕਰਨ ਦੇ ਲੱਗ ਰਹੇ ਦੋਸ਼ਾਂ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਕਿਹਾ ਕਿ ਜੇ ਪਾਰਟੀ ਨੂੰ ਡੇਰੇ ਦੀਆਂ ਵੋਟਾਂ ਪਈਆਂ ਹੁੰਦੀਆਂ ਤਾਂ ਅਕਾਲੀ ਦਲ ਦਾ ਏਨਾ ਮਾੜਾ ਹਾਲ ਨਾ ਹੁੰਦਾ। ਉਹਨਾਂ ਪਲਟਵਾਰ ਕਰਦਿਆਂ ਕਿਹਾ ਕਿ ਡੇਰੇ ਨੇ ਕਾਂਗਰਸ ਨੂੰ ਵੋਟਾਂ ਪਾਈਆਂ ਹਨ, ਨਾ ਕਿ ਅਕਾਲੀ ਦਲ ਨੂੰ।
ਡੇਰਾ ਮੁਖੀ ਨੂੰ ਪੁਸ਼ਾਕ ਭੇਜਣਾ ਸੁਖਬੀਰ ਦਾ ਫ਼ੈਸਲਾ ਨਿੱਜੀ ਹੋ ਸਕਦੈ: ਢੀਂਡਸਾ