ਕੋਰੋਨਾਵਾਇਰਸ ਦੀ ਮਹਾਂਮਾਰੀ ਨੇ ਪੂਰੀ ਦੁਨੀਆ ਨੂੰ ਡਰਾ ਕੇ ਰੱਖਿਆ ਹੋਇਆ ਹੈ। ਹਰ ਕੋਈ ਆਪਣੇ-ਆਪ ਨੂੰ ਇਸ ਵਾਇਰਸ ਤੋਂ ਬਚਾਉਣ ਲਈ ਕੋਈ ਨਾ ਕੋਈ ਉਪਾਅ ਕਰ ਰਿਹਾ ਹੈ। ਇਸਦੇ ਚੱਲਦਿਆਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੂਰੇ ਭਾਰਤ ਨੂੰ 22 ਮਾਰਚ ਨੂੰ ਜਨਤਾ ਕਰਫਿਊ ਦਾ ਸੱਦਾ ਦਿੱਤਾ ਸੀ। ਅੱਜ ਸਵੇਰ ਦੇ 7 ਵਜੇ ਤੋਂ ਸ਼ੁਰੂ ਹੋਇਆ ਜਨਤਾ ਕਰਫ਼ਿਊ ਰਾਤ 9 ਵਜੇ ਤੱਕ ਜਾਰੀ ਰਿਹਾ। ਜਨਤਾ ਕਰਫਿਊ ਦੌਰਾਨ ਦੇਸ਼ ਦੇ ਸਾਰੇ ਲੋਕਾਂ ਨੂੰ ਆਪੋ-ਆਪਣੇ ਘਰਾਂ ਵਿੱਚ ਰਹਿਣ ਲਈ ਕਿਹਾ ਗਿਆ, ਕਰਫਿਊ ਦਾ ਮਤਲਬ ਵੀ ਇਹੀ ਹੁੰਦਾ ਹੈ ਕਿ ਲੋਕ ਆਪਣੇ ਘਰਾਂ ਵਿੱਚੋਂ ਬਾਹਰ ਨਹੀਂ ਆ ਸਕਦੇ ਬਸ਼ਰਤੇ ਕਿ ਕੋਈ ਸਿਹਤ ਜਾਂ ਖਾਣ-ਪੀਣ ਦੀ ਐਮਰਜੈਂਸੀ ਨਾ ਹੋਵੇ। ਕਰਫਿਊ ਦਾ ਅਸਰ ਪੂਰੇ ਮੁਲਕ ਵਿੱਚ ਰਲਵਾਂ-ਮਿਲਵਾਂ ਦਿਸਿਆ। ਸ਼ਹਿਰਾਂ ਵਿੱਚ ਜ਼ਿਆਦਾਤਰ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲੇ ਪਰ ਪਿੰਡਾਂ ਵਿੱਚ ਅਤੇ ਪੁਲਿਸ ਦੀ ਘੱਟ ਨਫਰੀ ਵਾਲੀਆਂ ਥਾਵਾਂ ‘ਤੇ ਲੋਕ ਆਮ ਵਾਂਗੂ ਘੁੰਮਦੇ ਰਹੇ। ਪੰਜਾਬ ਦੇ ਪਿੰਡਾਂ ਵਿੱਚ ਇਸਦਾ ਅਸਰ ਕਰੀਬ 40 ਫੀਸਦ ਦੇਖਣ ਨੂੰ ਮਿਲਿਆ।
ਸਾਡੀ ਟੀਮ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ਦਾ ਰਿਐਲਿਟੀ ਚੈੱਕ ਕੀਤਾ, ਇੱਥੇ ਸਵੇਰੇ 7 ਵਜੇ ਤੋਂ ਦੁਪਹਿਰ 4 ਵਜੇ ਤੱਕ ਸੜਕਾਂ ਤਕਰੀਬਨ ਸੁੰਨੀਆਂ ਸਨ, ਇੱਕਾ ਦੁੱਕਾ ਵਾਹਨ ਅਤੇ ਵਿਅਕਤੀ ਸੜਕਾਂ ‘ਤੇ ਚਲਦੇ ਰਹੇ, ਪੁਲਿਸ ਦੀਆਂ ਕਾਰਾਂ ਇਲਾਕਿਆਂ ‘ਚ ਗਸ਼ਤ ਕਰ ਰਹੀਆਂ ਸਨ, ਅਵਾਰਾ ਪਸ਼ੂ ਸੜਕਾਂ ‘ਤੇ ਚੱਲ ਰਹੇ ਸੀ, ਪੰਛੀਆਂ ਦੇ ਚਹਿਕਣ ਦੀ ਆਵਾਜ਼ ਪੂਰਾ ਦਿਨ ਸੁਣਦੀ ਰਹੀ। ਪਰ ਬਾਅਦ ਦੁਪਿਹਰ ਲੋਕਾਂ ਦੀ ਆਵਾਜਾਈ ਥੋੜੀ ਵਧਣ ਲੱਗੀ, ਹੌਲੀ ਹੌਲੀ ਟਰੈਫਿਕ ਵਧਣ ਲੱਗਿਆ ਸੀ, ਹਨ੍ਹੇਰਾ ਹੁੰਦੇ ਲੋਕ ਆਮ ਵਾਂਗੂੰ ਵਾਹਨ ਲੈ ਕੇ ਘੁੰਮਣ ਲੱਗੇ ਪਏ ਸਨ, ਇਸ ਦੌਰਾਨ ਏਟੀਐੱਮ,ਮੈਡੀਕਲ ਸਟੋਰਾਂ ਤੋਂ ਇਲਾਵਾ ਸ਼ਰਾਬ ਦੇ ਠੇਕੇ ਵੀ ਖੁੱਲ੍ਹੇ ਹੋਏ ਸਨ ਜਿੱਥੇ ਲੋਕ ਇਕੱਠੇ ਦੇਖੇ ਗਏ। 3-ਬੀ2 ਦੇ ਇੱਕ ਠੇਕੇ ਤੇ ਇਕੱਠੇ ਹੋਏ ਲੋਕਾਂ ਦੇ ਨੇੜੇ ਪੁਲਿਸ ਦੀ ਕਾਰ ਵੀ ਮੌਜੂਦ ਸੀ ਪਰ ਇਨ੍ਹਾਂ ਲੋਕਾਂ ਦੇ ਇਕੱਠ ਨੂੰ ਪੁਲਿਸ ਚੁੱਪ-ਚਾਪ ਦੇਖਦੀ ਰਹੀ। ਕਿਤੇ ਕਿਤੇ ਦਵਾਈਆਂ ਦੀਆਂ ਦੁਕਾਨਾਂ ਵੀ ਖੁੱਲ੍ਹੀਆਂ ਸਨ। ਕਹਿ ਸਕਦੇ ਹਾਂ ਕਿ 100 ਫੀਸਦ ਲੋਕਾਂ ਵਿੱਚੋਂ 10 ਫੀਸਦ ਲੋਕ ਤਾਂ ਖੁੱਲ੍ਹੇਆਮ ਹੀ ਘੁੰਮ ਰਹੇ ਹਨ। ਹਾਲਾਂਕਿ ਬਾਕੀ ਬਜ਼ਾਰ ਸਾਰੇ ਬੰਦ ਸਨ, ਲੋਕ ਆਪੋ-ਆਪਣੀਆਂ ਦੁਕਾਨਾਂ ਬੰਦ ਕਰਕੇ ਆਪਣੇ ਘਰਾਂ ਵਿੱਚ ਬੈਠੇ ਹੋਏ ਹਨ। ਪਰ ਪਰਹੇਜ਼ ਅਤੇ ਬਚਾਅ ਇਸੇ ਗੱਲ ਵਿੱਚ ਹੈ ਕਿ ਲੋਕ ਸਰਕਾਰ ਦੇ ਕਹੇ ਤੋਂ ਬਿਨਾਂ ਵੀ ਆਪਣੇ ਘਰਾਂ ਵਿੱਚ ਬੈਠਣ ਤਾਂ ਹੀ ਇਸ ਮਹਾਂਮਾਰੀ ਤੋਂ ਬਚਿਆ ਜਾ ਸਕਦਾ ਹੈ।