The Khalas Tv Blog India ਚੰਡੀਗੜ੍ਹ ਮੇਅਰ ਚੋਣਾਂ ‘ਤੇ ‘AAP’ ਵੱਲੋਂ ਦਿੱਲੀ ‘ਚ ਪ੍ਰਦਰਸ਼ਨ ! ਕੇਜਰੀਵਾਲ ਨੇ ਵੋਟਾਂ ਦੀ ਗਿਣਤੀ ‘ਤੇ ਨਵਾਂ ਵੱਡਾ ਖੁਲਾਸਾ
India Punjab

ਚੰਡੀਗੜ੍ਹ ਮੇਅਰ ਚੋਣਾਂ ‘ਤੇ ‘AAP’ ਵੱਲੋਂ ਦਿੱਲੀ ‘ਚ ਪ੍ਰਦਰਸ਼ਨ ! ਕੇਜਰੀਵਾਲ ਨੇ ਵੋਟਾਂ ਦੀ ਗਿਣਤੀ ‘ਤੇ ਨਵਾਂ ਵੱਡਾ ਖੁਲਾਸਾ

ਬਿਉਰੋ ਰਿਪੋਰਟ : ਚੰਡੀਗੜ੍ਹ ਦੀ ਮੇਅਰ ਦੀ ਜੰਗ ਹੁਣ ਦਿੱਲੀ ਦੀਆਂ ਸੜਕਾਂ ਅਤੇ ਸੁਪਰੀਮ ਕੋਰਟ ਪਹੁੰਚ ਗਈ ਹੈ । ਸ਼ੁੱਕਰਵਾਰ ਨੂੰ ਆਮ ਆਦਮੀ ਪਾਰਟੀ ਵਲੋਂ ਚੰਡੀਗੜ੍ਹ ਮੇਅਰ ਚੋਣਾਂ ਵਿਚ ਬੇਨਿਯਮੀਆਂ ਦਾ ਇਲਜ਼ਾਮ ਲਗਾਉਂਦਿਆਂ ਦਿੱਲੀ ਵਿਚ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਬੀਜੇਪੀ ਦੇ ਹੈੱਡਕੁਆਰਟਰ ਵੱਲ ਮਾਰਚ ਕੀਤਾ ਪਰ ਪੁਲਿਸ ਨੇ ਉਨ੍ਹਾਂ ਨੂੰ ਰਸਤੇ ਵਿਚ ਬੈਰੀਕੇਡ ਲਾ ਕੇ ਰੋਕ ਲਿਆ। ਇਸ ਦੌਰਾਨ ਵਰਕਰਾਂ ਅਤੇ ਦਿੱਲੀ ਪੁਲਿਸ ਵਿਚਾਲੇ ਧੱਕਾਮੁੱਕੀ ਹੋਈ।

ਇਸ ਤੋਂ ਪਹਿਲਾਂ ਵਰਕਰਾਂ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਬੀਜੇਪੀ ਤੇ ਇੱਕ ਤੋਂ ਬਾਅਦ ਇੱਕ ਗੰਭੀਰ ਇਲਜ਼ਾਮ ਲਗਾਏ,ਉਨ੍ਹਾਂ ਕਿਹਾ ਬੀਜੇਪੀ ਚੰਡੀਗੜ੍ਹ ਵਿਚ ਵੋਟਾਂ ਚੋਰੀ ਕਰਦੀ ਰੰਗੇ ਹੱਥੀ ਫੜੀ ਗਈ ਹੈ। ਇਸ ਦੌਰਾਨ ਕੇਜਰੀਵਾਲ ਨੇ ਪਾਰਟੀ ਵਰਕਰਾਂ ਨਾਲ ਗਲੀ-ਗਲੀ ‘ਚ ਸ਼ੋਰ ਹੈ, ਭਾਜਪਾ ਵੋਟ ਚੋਰ ਹੈ ਵਰਗੇ ਨਾਅਰੇ ਲਾਏ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਮੇਅਰ ਚੋਣਾਂ ਵਿਚ ਭਾਜਪਾ ਦੇ ਇਕ ਵਰਕਰ ਨੂੰ ਚੋਣ ਅਧਿਕਾਰੀ ਬਣਾਇਆ ਗਿਆ ਸੀ।ਕੇਜਰੀਵਾਲ ਨੇ ਕਿਹਾ ਕਿ ਹੁਣ ਤਕ ਉਨ੍ਹਾਂ ਸੁਣਿਆ ਸੀ ਕਿ ਭਾਜਪਾ ਮਸ਼ੀਨ ‘ਚ ਗੜਬੜੀ ਕਰਦੀ ਹੈ ਪਰ ਅੱਜ ਤਕ ਇਸ ਦਾ ਕੋਈ ਸਬੂਤ ਨਹੀਂ ਮਿਲਿਆ। ਬੀਜੇਪੀ ਵਾਲਿਆਂ ਦੀ ਕਿਸਮਤ ਮਾੜੀ ਸੀ ਕਿ ਉਹ ਚੰਡੀਗੜ੍ਹ ਵਿਚ ਰੰਗੇ ਹੱਥੀਂ ਫੜੇ ਗਏ। ਉਸ ਦੀ ਵੀਡੀਉ ਬਣਾਈ ਗਈ ਅਤੇ ਉਹ ਵੀਡੀਉ ਹਰ ਪਾਸੇ ਵਾਇਰਲ ਹੋ ਗਈ। ਕੇਜਰੀਵਾਲ ਨੇ ਦਾਅਵਾ ਕੀਤਾ ਕਿ ਬੀਜੇਪੀ ਨੂੰ ਸਿਰਫ 13 ਵੋਟ ਹੀ ਪਏ ਸਨ । ਪਰ ਹੁਣ ਦੁਨੀਆਂ ਦੀ ਸੱਭ ਤੋਂ ਵੱਡੀ ਪਾਰਟੀ ਹੋਣ ਦਾ ਦਾਅਵਾ ਕਰਨ ਵਾਲੀ ਭਾਜਪਾ ਦਾ ਪਰਦਾਫਾਸ਼ ਹੋ ਗਿਆ ਹੈ ਹੁਣ ਰੱਬ ਅਸਮਾਨ ਤੋਂ ਝਾੜੂ ਚਲਾਏਗਾ।

ਉਧਰ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਥੇ ਇਕੱਠੀ ਹੋਈ ਭੀੜ ਦਰਸਾਉਂਦੀ ਹੈ ਕਿ ਇਹ ਦੇਸ਼ ਕਿਸੇ ਦੇ ਪਿਉ ਦੀ ਜਾਗੀਰ ਨਹੀਂ ਹੈ। ਜੇਕਰ ਭਾਜਪਾ ਦਾ ਵਸ ਚੱਲੇ ਤਾਂ ਉਹ ਚੋਣਾਂ ਹੀ ਨਾ ਕਰਵਾਏ। ਜੇਕਰ ਅਦਾਲਤ ਦੇ ਹੁਕਮਾਂ ‘ਤੇ ਚੋਣਾਂ ਕਰਵਾਈਆਂ ਜਾਂਦੀਆਂ ਹਨ ਤਾਂ ਵੀ ਨਤੀਜੇ ਉਹੀ ਹੋਣਗੇ ਜੋ ਚੰਡੀਗੜ੍ਹ ‘ਚ ਦੇਖਣ ਨੂੰ ਮਿਲੇ ਹਨ। ਹੁਣ ਤਕ ਲੋਕ ਸਭਾ ਅਤੇ ਰਾਜ ਸਭਾ ਵਿਚ ਵੀ ਇਸੇ ਤਰ੍ਹਾਂ ਬਿੱਲ ਪਾਸ ਕਰਵਾਏ ਜਾਂਦੇ ਰਹੇ। ਉਨ੍ਹਾਂ ਕਿਹਾ ਕਿ ਜੇਕਰ 2024 ‘ਚ ਨਰਿੰਦਰ ਮੋਦੀ ਜਿੱਤ ਜਾਂਦੇ ਹਨ ਤਾਂ ਉਨ੍ਹਾਂ ਦਾ ਨਾਂ ਨਰਿੰਦਰ ਮੋਦੀ ਨਹੀਂ ਸਗੋਂ ਨਰਿੰਦਰ ਪੁਤਿਨ ਬਣ ਜਾਵੇਗਾ। ਮਾਨ ਨੇ ਕਿਹਾ ਕਿ ਵੋਟ ਕਿਸੇ ਨੂੰ ਵੀ ਪਾਓ ਪਰ ਪਵੇਗੀ ਬੀਜੇਪੀ ਨੂੰ ਹੀ,ਅੱਜ ਲੋਕਤੰਤਰ ਅੱਜ ਖਤਰੇ ਵਿੱਚ ਹੈ ।

ਉਧਰ ਚੰਡੀਗੜ੍ਹ ਮੇਅਰ ਦੀ ਚੋਣ ਦਾ ਮਸਲਾ ਹੁਣ ਸੁਪਰੀਮ ਕੋਰਟ ਪਹੁੰਚ ਗਿਆ ਹੈ । ਆਪ ਦੇ ਮੇਅਰ ਅਹੁਦੇ ਦੇ ਉਮੀਦਵਾਰ ਨੇ ਹਾਈਕੋਰਟ ਵੱਲੋਂ 3 ਹਫਤੇ ਅੰਦਰ ਚੰਡੀਗੜ੍ਹ ਪ੍ਰਸ਼ਾਸਨ ਨੂੰ ਜਵਾਬ ਦੇਣ ਦੇ ਨਿਰਦੇਸ਼ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਹੈ। ਆਮ ਆਦਮੀ ਪਾਰਟੀ ਦੀ ਮੰਗ ਹੈ ਇਸ ਮਸਲੇ ਦੀ ਸੁਣਵਾਈ ਜਲਦ ਹੋਏ,ਇਸ ਪਟੀਸ਼ਨ ਨੂੰ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਮਨਜ਼ੂਰ ਕਰ ਲਿਆ ਹੈ ਅਤੇ ਹੁਣ ਇਸ ਤੇ ਬਹਿਸ ਹੋਵੇਗੀ

Exit mobile version