‘ਦ ਖ਼ਾਲਸ ਬਿਊਰੋ :- ਕਿਸਾਨ ਖ਼ਰੀਦ ਕੇਂਦਰ ‘ਚ ਮੁਸ਼ਕਲਾਂ ਦੇ ਢੇਰ ‘ਤੇ ਬੈਠੇ ਹਨ ਜਦੋਂ ਕਿ ਵੱਡੇ ਅਫ਼ਸਰ ਕੋਰੋਨਾ ਦੇ ਡਰੋਂ ਪੰਜਾਬ ਦੀ ਜੂਹ ‘ਚ ਪੈਰ ਨਹੀਂ ਧਰ ਰਹੇ। ਮੁੱਖ ਮੰਤਰੀ ਪੰਜਾਬ ਦੀ ਟੀਮ ਵਿੱਚ ਕਰੀਬ ਦਰਜਨ ਸਿਆਸੀ ਸਲਾਹਕਾਰ, 10 ਓਐਸਡੀਜ਼ ਅਤੇ ਚਾਰ ਸਿਆਸੀ ਸਕੱਤਰ ਸ਼ਾਮਲ ਹਨ, ਜੋ ਚੰਡੀਗੜ੍ਹ ਡੇਰੇ ਲਈ ਬੈਠੇ ਹਨ ਤੇ ਕੋਈ ਵੀ ਮੰਡੀਆਂ ‘ਚ ਨਹੀਂ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਕਈ ਵਿਧਾਇਕ ਅਤੇ ਵਜ਼ੀਰ ਮੰਡੀਆਂ ਵਿੱਚ ਘੁੰਮ ਰਹੇ ਹਨ। ਕਿਸਾਨ ਧਿਰਾਂ ਇਸ ਗੱਲੋਂ ਔਖੀਆਂ ਹਨ ਕਿ ਪੰਜਾਬ ਦੇ ਟੈਕਸਾਂ ‘ਚੋਂ ਸੁੱਖ ਸਹੂਲਤਾਂ ਲੈਣ ਵਾਲੇ ਅਧਿਕਾਰੀ ਸੰਕਟ ਦੇ ਸਮੇਂ ਮੂੰਹ ਮੋੜ ਗਏ ਹਨ। 15 ਅਪ੍ਰੈਲ ਤੋਂ ਕਣਕ ਦੀ ਖ਼ਰੀਦ ਸ਼ੁਰੂ ਹੈ ਪਰ ਖੁਰਾਕ ਤੇ ਸਪਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਕੇ.ਏ.ਪੀ ਸਿਨਹਾ ਅਤੇ ਵਿਭਾਗ ਦੇ ਡਾਇਰੈਕਟਰ (ਜਿਨ੍ਹਾਂ ਜਿੰਮੇ ਖ਼ਰੀਦ ਪ੍ਰਬੰਧ ਹਨ) ਹਫ਼ਤੇ ਮਗਰੋਂ ਵੀ ਪੰਜਾਬ ਵਿੱਚ ਕਿਧਰੇ ਦੇਖੇ ਨਹੀਂ ਗਏ। ਵੀਡੀਓ ਕਾਨਫਰੰਸਿੰਗ ਜ਼ਰੀਏ ਹੀ ਕੰਮ ਚਲਾਇਆ ਜਾ ਰਿਹਾ ਹੈ। ਸਰਕਾਰ ਵੱਲੋਂ ਖ਼ਰੀਦ ਏਜੰਸੀਆਂ ਦੇ ਫੀਲਡ ਸਟਾਫ਼ ਨੂੰ ਹਦਾਇਤ ਕੀਤੀ ਗਈ ਹੈ ਕਿ ਫ਼ਸਲ ਵੇਚਣ ਆਉਂਦੇ ਕਿਸਾਨਾਂ ਦੀ ਸਭ ਅੱਛਾ ਹੈ ਦੀ ਵੀਡੀਓ ਕਲਿੱਪ ਬਣਾ ਕੇ ਸਰਕਾਰ ਨੂੰ ਘੱਲੀ ਜਾਵੇ ਤਾਂ ਜੋ ਸੁਨੇਹਾ ਦਿੱਤਾ ਜਾ ਸਕੇ ਮੰਡੀਆਂ ‘ਚ ਕੋਈ ਮੁਸ਼ਕਲ ਨਹੀਂ ਹੈ। ਵਧੀਕ ਮੁੱਖ ਸਕੱਤਰ ਵਿਸ਼ਵਾਜੀਤ ਖੰਨਾ ਦਾ ਕਹਿਣਾ ਹੈ ਕਿ ਪੰਜਾਬ ਭਰ ‘ਚ ਹੁਣ ਤੱਕ ਕਿਸਾਨਾਂ ਦੀਆਂ 2257 ਸ਼ਿਕਾਇਤਾਂ ਆਈਆਂ ਹਨ ਜਿਨ੍ਹਾਂ ‘ਚੋਂ 2046 ਸ਼ਿਕਾਇਤਾਂ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ।
ਭਾਰਤੀ ਕਿਸਾਨ ਯੂਨੀਅਨ ( ਡਕੌਂਦਾ ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਦਾ ਕਹਿਣਾ ਸੀ ਕਿ ਸਰਕਾਰ ਫੌਰੀ ਅਧਿਕਾਰੀਆਂ ਨੂੰ ਖ਼ਰੀਦ ਕੇਂਦਰਾਂ ਵਿੱਚ ਭੇਜੇ। ਦੱਸਣਯੋਗ ਹੈ ਕਿ ਪਾਸਾਂ ਦੇ ਮਾਮਲੇ ਤੋਂ ਇਲਾਵਾ ਹੁਣ ਜਿੱਥੇ ਵੀ ਬਾਰਸ਼ ਪਈ ਹੈ, ਨਮੀ ਦਾ ਵੱਡਾ ਮਸਲਾ ਬਣ ਗਿਆ ਹੈ। ਪਿੰਡ ਬਾਡੀ ( ਬਠਿੰਡਾ ) ਦੇ ਕਿਸਾਨ ਲਖਵੀਰ ਸਿੰਘ ਨੇ ਦੱਸਿਆ ਕਿ ਉਹ 15 ਅਪ੍ਰੈਲ ਤੋਂ ਮੰਡੀ ਵਿੱਚ ਬੈਠਾ ਹੈ, ਹਾਲੇ ਤੱਕ ਬੋਲੀ ਨਹੀਂ ਲੱਗੀ। ਨਮੀ ਦੀ ਗੱਲ ਆਖ ਕੇ ਖੱਜਲ ਕੀਤਾ ਜਾ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਆਖਦੇ ਹਨ ਕਿ ਬਾਰਸ਼ ਕਰਕੇ ਮੰਡੀਆਂ ਵਿੱਚ ਕਿਸਾਨੀ ਤਕਲੀਫ਼ਾ ਵਿੱਚ ਪਖਾਨਿਆਂ, ਪਾਣੀ, ਤਰਪਾਲਾਂ ਅਤੇ ਹੋਰ ਕਾਫੀ ਘਾਟਾਂ ਹਨ ਪ੍ਰੰਤੂ ਕਿਸਾਨ ਕਿਸ ਨੂੰ ਦੱਸਣ।