The Khalas Tv Blog Punjab ਕੋਰੋਨਾਵਾਇਰਸ:- ਵਿਦਿਆਰਥੀਆਂ ਵੱਲ ਵੀ ਧਿਆਨ ਦਿਉ ਸਰਕਾਰੋ, ਇੱਧਰ ਕਿਸੇ ਦਾ ਧਿਆਨ ਹੀ ਨਹੀਂ
Punjab

ਕੋਰੋਨਾਵਾਇਰਸ:- ਵਿਦਿਆਰਥੀਆਂ ਵੱਲ ਵੀ ਧਿਆਨ ਦਿਉ ਸਰਕਾਰੋ, ਇੱਧਰ ਕਿਸੇ ਦਾ ਧਿਆਨ ਹੀ ਨਹੀਂ

ਚੰਡੀਗੜ੍ਹ- (ਪੁਨੀਤ ਕੌਰ) ਕੋਰੋਨਾਵਾਇਰਸ ਕਰਕੇ ਜਿੱਥੇ ਸਭ ਲੋਕਾਂ ਦਾ ਜਨ-ਜੀਵਨ ਪ੍ਰਭਾਵਿਤ ਹੋਇਆ ਪਿਆ ਹੈ,ਉੱਥੇ ਹੀ ਵਿਦਿਆਰਥੀ ਵੀ ਇਸਦੀ ਆੜ ਵਿੱਚ ਪਿਸ ਰਹੇ ਹਨ। ਪੰਜਾਬ ਦੀਆਂ ਤਕਰੀਬਨ ਸਾਰੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਮੂਹਰੇ ਇਸ ਵਕਤ ਦਾਖਲਿਆਂ ਦੀ ਮੁਸ਼ਕਿਲ ਖੜੀ ਹੋਈ ਹੈ। ਕੋਰੋਨਾਵਾਇਰਸ ਕਰਕੇ ਪੰਜਾਬ ‘ਚ ਲੱਗੇ ਕਰਫਿਊ ਕਾਰਨ ਕੋਈ ਵੀ ਘਰਾਂ ਤੋਂ ਬਾਹਰ ਨਹੀਂ ਜਾ ਸਕਦਾ ਅਤੇ ਹਰ ਕਿਸੀ ਵਿਦਿਆਰਥੀ ਕੋਲ ਅਜਿਹੇ ਸਾਧਨ ਵੀ ਨਹੀਂ ਹਨ ਕਿ ਉਹ ਆਨਲਾਈਨ ਦਾਖਲਾ ਕਰਵਾ ਸਕਣ। ਅਜਿਹੇ ਵਿੱਚ ਵਿਦਿਆਰਥੀਆਂ ਨੂੰ ਲੇਟ ਫੀਸ ਦਾ ਡਰ ਸਤਾ ਰਿਹਾ ਹੈ ਕਿਉਂਕਿ ਲੇਟ ਫੀਸ 250 ਤੋਂ ਵਧਾ ਕੇ 500 ਰੁਪਏ ਕਰ ਦਿੱਤੀ ਗਈ ਹੈ। ਹਾਲਾਂਕਿ,30 ਮਾਰਚ ਨੂੰ ਇੱਕ ਯੂਨੀਵਰਸਿਟੀ ਵੱਲੋਂ ਇਹ ਵੀ ਰਾਹਤ ਭਰਿਆ ਐਲਾਨ ਕੀਤਾ ਗਿਆ ਹੈ ਕਿ ਲੇਟ ਫੀਸ ‘ਚ 500 ਰੁਪਏ ਦਾ ਵਾਧਾ 6 ਅਪ੍ਰੈਲ ਤੱਕ ਰਹੇਗਾ ਜਿਹੜਾ ਕਿ ਹੁਣ ਤੱਕ ਇੱਕ ਹਜਾਰ ਰੁਪਏ ਹੋ ਜਾਣਾ ਸੀ ਪਰ 6 ਅਪ੍ਰੈਲ ਤੋਂ ਬਾਅਦ ਇੱਕ ਹਜਾਰ ਰੁਪਏ ਲੇਟ ਫੀਸ ਲੱਗੇਗੀ। ਦੂਜੇ ਪਾਸੇ ਪੰਜਾਬ ਵਿੱਚ 14 ਅਪ੍ਰੈਲ ਤੱਕ ਕਰਫਿਊ ਹੈ,ਕੋਈ ਘਰਾਂ ਵਿੱਚੋਂ ਬਾਹਰ ਨਹੀਂ ਜਾ ਸਕਦਾ,ਅਜਿਹੇ ਵਿੱਚ ਸਰਕਾਰ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ।

‘ਦ ਖਾਲਸ ਟੀਵੀ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਹੈ ਕਿ ਯੂਨੀਵਰਸਿਟੀਆਂ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਲਈ ਦਾਖਲੇ ਦੀ ਤਰੀਕ ਵਧਾਈ ਜਾਵੇ ਅਤੇ ਜਿੰਨੀ ਲੇਟ ਫੀਸ 20 ਤਰੀਕ ਤੱਕ ਸੀ,ਉਨੀ ਹੀ ਰੱਖੀ ਜਾਵੇ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਉਹ ਆਮ ਲੋਕਾਂ ਦੀ ਸਮੱਸਿਆ ਦਾ ਧਿਆਨ ਰੱਖਣ ਦੇ ਨਾਲ-ਨਾਲ ਇਨ੍ਹਾਂ ਵਿਦਿਆਰਥੀਆਂ ਦੀ ਸਮੱਸਿਆ ਦਾ ਵੀ ਧਿਆਨ ਰੱਖਣ। ਪੰਜਾਬ ਸਰਕਾਰ ਵਿੱਦਿਅਕ ਅਦਾਰਿਆਂ ਨੂੰ ਵਿਦਿਆਰਥੀਆਂ ‘ਤੇ ਲਾਈ ਜਾ ਰਹੀ ਲੇਟ ਫੀਸ ਨੂੰ ਨਾ ਲਾਉਣ ਦੇ ਹੁਕਮ ਜਾਰੀ ਕਰੇ। ਜਿੰਨਾ ਚਿਰ ਕਰਫਿਊ ਜਾਰੀ ਰਹੇਗਾ,ਉਦੋਂ ਤੱਕ ਆਮ ਵਾਂਗ ਬਿਨਾਂ ਲੇਟ ਫੀਸ ਲਏ ਵਿਦਿਆਰਥੀਆਂ ਤੋਂ ਦਾਖਲੇ ਭਰਵਾਏ ਜਾਣ ਅਤੇ ਕਰਫਿਊ ਖੁੱਲ੍ਹਣ ‘ਤੇ ਵੀ ਵਿਦਿਆਰਥੀਆਂ ਨੂੰ ਦਾਖਲੇ ਭਰਨ ਦੀ ਇੱਕ ਨਿਸ਼ਚਿੰਤ ਤਰੀਕ ਦਿੱਤੀ ਜਾਵੇ।

Exit mobile version