ਚੰਡੀਗੜ੍ਹ- ਅਸਟ੍ਰੇਲੀਆ ਦੇ ਜੰਗਲਾਂ ਵਿੱਚ ਅੱਗ ਲੱਗਣ ਦੇ ਸੰਕਟ ਦੌਰਾਨ ਹਜ਼ਾਰਾਂ ਲੋੜਵੰਦ ਲੋਕਾਂ ਨੂੰ ਭੋਜਨ ਦੇਣ ਵਾਲੇ ਸਿੱਖ ਵਲੰਟੀਅਰਾਂ ਦੀ ਇੱਕ ਜਥੇਬੰਦੀ ਨੇ ਕੋਰੋਨਵਾਇਰਸ ਦੀ ਔਖੀ ਘੜੀ ਵਿਚਕਾਰ ਇੱਕ ਮੁਫ਼ਤ ਭੋਜਨ ਹੋਮ ਡਲਿਵਰੀ ਸੇਵਾ ਸ਼ੁਰੂ ਕੀਤੀ ਹੈ। ਵਲੰਟੀਅਰਾਂ ਨੇ ਐਲਾਨ ਕੀਤਾ ਹੈ ਕਿ ਉਹ ਅਗਲੇ ਦੋ ਹਫ਼ਤਿਆਂ ਲਈ ਮੈਲਬੌਰਨ ਦੇ ਦੱਖਣ-ਪੂਰਬ ਵਿੱਚ ਇਕੱਲੇ ਰਹਿ ਰਹੇ ਆਈਸੋਲੇਟਿਡ ਲੋਕਾਂ ਨੂੰ ਮੁਫ਼ਤ ਭੋਜਨ ਪ੍ਰਦਾਨ ਕਰਨਗੇ।
ਗੈਰ-ਮੁਨਾਫ਼ਾ ਸੰਗਠਨ ਦੀ ਸਥਾਪਨਾ 2017 ਵਿੱਚ ਕੀਤੀ ਗਈ ਸੀ ਅਤੇ ਇਸ ਵਿੱਚ 103 ਮੈਂਬਰਾਂ ਦੀ ਇੱਕ ਟੀਮ ਹੈ ਜੋ ਆਪਣੀ ਸਵੈ-ਇੱਛਾ ਨਾਲ ਕੰਮ ਕਰਨ ਦੇ ਨਾਲ-ਨਾਲ ਨਿਯਮਤ ਤੌਰ ‘ਤੇ ਨੌਕਰੀ ਵੀ ਕਰਦੇ ਹਨ। ਇਸ ਸੰਗਠਨ ਦੇ ਇੱਕ ਮੈਂਬਰ ਨੇ ਕਿਹਾ ਕਿ ‘ਅਸੀਂ ਆਮ ਤੌਰ ‘ਤੇ ਹਫ਼ਤੇ ਵਿੱਚ ਦੋ ਵਾਰ ਖੇਤਰ ਦੇ ਉਪ-ਨਗਰਾਂ ਲਈ ਮੁਫ਼ਤ ਭੋਜਨ ਮੁਹੱਈਆ ਕਰਦੇ ਹਾਂ। ਪਿਛਲੀ ਵਾਰ ਅਸੀਂ ਅਸਟ੍ਰੇਲੀਆ ਦੇ ਜੰਗਲਾਂ ਵਿੱਚ ਲੱਗੀ ਅੱਗ ਦੌਰਾਨ ਜ਼ਰੂਰਤਮੰਦ ਵਿਅਕਤੀਆਂ ਲਈ ਆਪਣੀ ਨਿਯਮਤ ਸੇਵਾ ਵਧਾ ਦਿੱਤੀ ਸੀ ਅਤੇ ਹੁਣ ਫਿਰ ਅਸੀਂ ਇਹ ਸੇਵਾ ਕੋਰੋਨਾਵਾਇਰਸ ਦੇ ਸੰਕਟ ਦੌਰਾਨ ਜ਼ਰੂਰਤਮੰਦ ਲੋਕਾਂ ਲਈ ਦੁਬਾਰਾ ਕਰ ਰਹੇ ਹਾਂ।
ਸਿੰਘ ਨੇ ਕਿਹਾ ਕਿ ਇਨ੍ਹਾਂ ਵਿੱਚੋਂ ਕੁੱਝ ਆਰਡਰ ਬਿਮਾਰ ਜਾਂ ਅਪਾਹਜ ਲੋਕਾਂ ਲਈ ਹਨ ਅਤੇ ਸਾਡੇ ਕੋਲ ਉਨ੍ਹਾਂ ਲੋਕਾਂ ਦੇ ਕੁੱਝ ਸੰਦੇਸ਼ ਹਨ ਜੋ ਤਣਾਅ ਵਿੱਚ ਹਨ ਅਤੇ ਆਪਣੇ ਆਪ ਨੂੰ ਅਲੱਗ ਰੱਖਦੇ ਹਨ। ਸਿੰਘ ਨੇ ਕਿਹਾ ਕਿ ਇਹ ਸੇਵਾ ਸ਼ਾਕਾਹਾਰੀ ਭੋਜਨ ਮੁਹੱਈਆ ਕਰਵਾਉਂਦੀ ਹੈ ਅਤੇ ਲੋਕ ਸਾਡੇ ਫੇਸਬੁੱਕ ਪੇਜ ਦੇ ਮੇਨਿਊ ਤੋਂ ਜੋ ਵੀ ਲੋੜੀਂਦਾ ਹੈ,ਉਹ ਮੰਗਵਾ ਸਕਦੇ ਹਨ। ਫੇਸਬੁੱਕ ਇਸ਼ਤਿਹਾਰ ਵਿੱਚ ਕਿਹਾ ਗਿਆ ਹੈ ਕਿ ਡਿਲਿਵਰੀ ਸ਼ਾਮ 6 ਵਜੇ ਤੋਂ 8 ਵਜੇ ਦੇ ਵਿੱਚ ਕੀਤੀ ਜਾਵੇਗੀ।
ਸਿੱਖ ਵਲੰਟੀਅਰ ਪਹਿਲਾਂ ਹੀ ਕੌਮ ਵਿੱਚ ਅਸਟ੍ਰੇਲੀਆ ਦੇ ਜੰਗਲਾਂ ਵਿੱਚ ਲੱਗੀ ਅੱਗ ਦੇ ਸੰਕਟ ਦੌਰਾਨ ਆਪਣੀ ਨਿਸ਼ਕਾਮ ਸੇਵਾ ਲਈ ਪ੍ਰਸਿੱਧ ਹਨ।
ਸਿੰਘ ਨੇ ਕਿਹਾ ਕਿ ਸਿੱਖ ਵਲੰਟੀਅਰ ਜਥੇਬੰਦੀ ਪ੍ਰਭਾਵਿਤ ਲੋਕਾਂ ਨੂੰ ਮੁਫ਼ਤ ਖਾਣਾ ਪ੍ਰਦਾਨ ਕਰਾਉਣ ਲਈ ਇੱਕ ਸਿੱਖ ਜੋੜਾ ਕੰਵਲਜੀਤ ਸਿੰਘ ਅਤੇ ਉਸਦੀ ਪਤਨੀ ਕਮਲਜੀਤ ਕੌਰ ਦੇ ਨਾਲ ਮਿਲ ਕੇ ਕੰਮ ਕਰਦਾ ਹੈ,ਜੋ ਇੱਕ ਭਾਰਤੀ ਰੈਸਟੋਰੈਂਟ ਦੇ ਮਾਲਕ ਹਨ। ਸਿੱਖ ਵਲੰਟੀਅਰ ਜਥੇਬੰਦੀ ਨੇ ਅਸਥਾਈ ਪਨਾਹਘਰਾਂ ਵਿੱਚ ਰਹਿ ਰਹੇ ਹਜ਼ਾਰਾਂ ਵਿਕਟੋਰੀਅਨਾਂ ਨੂੰ ਕੜੀ ਅਤੇ ਚੌਲ ਦਿੱਤੇ ਸਨ।