The Khalas Tv Blog Punjab ਕੋਰੋਨਾਵਾਇਰਸ ਨਾਲ ਗਈ ਪੰਜਾਬ ਦੇ ਇੱਕ ਹੋਰ ਵਿਅਕਤੀ ਦੀ ਜਾਨ
Punjab

ਕੋਰੋਨਾਵਾਇਰਸ ਨਾਲ ਗਈ ਪੰਜਾਬ ਦੇ ਇੱਕ ਹੋਰ ਵਿਅਕਤੀ ਦੀ ਜਾਨ

ਚੰਡੀਗੜ੍ਹ- ਕੋਰੋਨਾਵਾਇਰਸ ਤੇਜ਼ੀ ਨਾਲ ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿੱਚ ਲੈ ਰਿਹਾ ਹੈ। ਇਸ ਦੌਰਾਨ ਪੰਜਾਬ ਵਿੱਚ ਕੋਰੋਨਾਵਾਇਰਸ ਕਾਰਨ ਇੱਕ ਹੋਰ ਮੌਤ ਹੋ ਗਈ ਹੈ। ਇਸ ਨਾਲ ਪੰਜਾਬ ਵਿੱਚ ਮੌਤਾਂ ਦੀ ਗਿਣਤੀ 4 ਹੋ ਗਈ ਹੈ। ਬੀਤੇ ਦਿਨੀਂ ਚੰਡੀਗੜ੍ਹ ਦੀ ਹੱਦ ਕੋਲ ਵਸੇ ਹੋਏ ਪੰਜਾਬ ਦੇ ਕਸਬਾਨੁਮਾ ਪਿੰਡ ਨਵਾਂਗਾਉਂ ਦੇ 65 ਸਾਲਾ ਵਿਅਕਤੀ ਦੀ ਕੋਰੋਨਾਵਾਇਰਸ ਦੀ ਰਿਪੋਰਟ ਪਾਜੀਟਿਵ ਪਾਈ ਗਈ ਸੀ। ਅੱਜ ਇਲਾਜ ਦੌਰਾਨ ਇਸ ਬਜ਼ੁਰਗ ਨੇ ਦਮ ਤੋੜ ਦਿੱਤਾ। ਬਜ਼ੁਰਗ ਦੀ ਮੌਤ ਤੋਂ ਬਾਅਦ ਨਵਾਂਗਾਉਂ ‘ਚ ਪੈਂਦੇ ਦਸ਼ਮੇਸ਼ ਨਗਰ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਬਜ਼ੁਰਗ ਦੇ ਸੰਪਰਕ ‘ਚ ਆਏ ਲੋਕਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ। ਬਜ਼ੁਰਗ ਵੱਲੋਂ ਕੋਈ ਵੀ ਵਿਦੇਸ਼ ਯਾਤਰਾ ਨਹੀਂ ਕੀਤੀ ਗਈ ਸੀ।

ਪੰਜਾਬ ਵਿੱਚ ਸਭ ਤੋਂ ਪਹਿਲੀ ਮੌਤ 19 ਮਾਰਚ ਨੂੰ ਜ਼ਿਲ੍ਹਾ ਬੰਗਾ ਦੇ ਅਧੀਨ ਪੈਂਦੇ ਪਿੰਡ ਪਠਲਾਵਾ ਵਿੱਚ 70 ਸਾਲਾ ਬਜ਼ੁਰਗ ਬਲਦੇਵ ਸਿੰਘ ਦੀ ਹੋਈ ਸੀ। ਦੂਜੀ ਮੌਤ ਬਲਦੇਵ ਸਿੰਘ ਦੇ ਸੰਪਰਕ ਵਿੱਚ ਆਏ ਹੁਸ਼ਿਆਰਪੁਰ ਦੇ ਪਿੰਡ ਮੋਰਾਂਵਾਲੀ ਦੇ 62 ਸਾਲਾ ਬਜ਼ੁਰਗ ਹਰਭਜਨ ਸਿੰਘ ਦੀ 29 ਮਾਰਚ ਨੂੰ ਹੋਈ ਸੀ। ਤੀਜੀ ਮੌਤ ਲੁਧਿਆਣਾ ਵਾਸੀ 42 ਸਾਲਾ ਇੱਕ ਔਰਤ ਦੀ ਪਟਿਆਲਾ ਦੇ ਰਜਿੰਦਰਾ ਹਸਪਤਾਲ ‘ਚ ਬੀਤੀ 30 ਮਾਰਚ ਦੀ ਰਾਤ ਨੂੰ ਹੋ ਗਈ ਸੀ।

Exit mobile version