ਚੰਡੀਗੜ੍ਹ- ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਪੂਰੇ ਸੂਬੇ ਵਿੱਚ ਸੰਕਟਕਾਲ ਦਾ ਐਲਾਨ ਕਰ ਦਿੱਤਾ ਹੈ। ਕੋਰੋਨਾਵਾਇਰਸ ਦੇ ਚੱਲਦਿਆਂ ਸੂਬੇ ਦੇ ਲੋਕਾਂ ਨੂੰ ਕਰਿਆਨਾ ਅਤੇ ਹੋਰ ਲੋੜੀਂਦੀਆਂ ਚੀਜ਼ਾਂ ਪਹੁੰਚਾਉਣ ਵਾਲੀਆਂ ਸਪਲਾਈ ਚੇਨਾਂ ‘ਤੇ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਹੈ। ਹੁਣ ਪ੍ਰਸ਼ਾਸਨ ਵੱਲੋਂ ਲੋਕਾਂ ਦੇ ਘਰੋ-ਘਰੀ ਜ਼ਰੂਰੀ ਤੇ ਲੋੜੀਂਦਾ ਸਮਾਨ ਪਹੁੰਚਾਇਆ ਜਾ ਰਿਹਾ ਹੈ।
ਜਨਤਕ ਸੁਰੱਖਿਆ ਮੰਤਰੀ ਮਾਈਕ ਫਰਨਵਰਥ ਨੇ ਬੁੱਧਵਾਰ ਨੂੰ ਇਹ ਐਲਾਨ ਕਰਦਿਆਂ ਕਿਹਾ ਕਿ ਇਹ ਐਲਾਨ ਸੁਨਿਸ਼ਚਿਤ ਕਰਦਾ ਹੈ ਕਿ ਕੋਰੋਨਾਵਾਇਰਸ ਫੈਲਣ ਸਮੇਂ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਨੂੰ ਇਸ ਤੋਂ ਬਚਾਉਣ ਲਈ ਸੰਘੀ, ਸੂਬਾਈ ਅਤੇ ਸਥਾਨਕ ਸਰੋਤਾਂ ਨੂੰ ਤੁਰੰਤ ਸਾਂਝੇ ਤਾਲਮੇਲ ਤਰੀਕੇ ਨਾਲ ਲੋੜੀਂਦਾ ਸਮਾਨ ਪ੍ਰਦਾਨ ਕੀਤਾ ਜਾਵੇ।
ਸੂਬੇ ਨੂੰ ਕਿਸੇ ਸੰਕਟਕਾਲੀ ਸਥਿਤੀ ਦੇ ਪ੍ਰਭਾਵ ਤੋਂ ਘਟਾਉਣ ਲਈ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ ਜਾਂਦਾ ਹੈ। ਫਿਲਹਾਲ ਸਿਰਫ 14 ਦਿਨਾਂ ਲਈ ਐਮਰਜੈਂਸੀ ਲਾਗੂ ਕੀਤੀ ਗਈ ਹੈ, ਪਰ ਲੋੜ ਪੈਣ ‘ਤੇ ਇਸਨੂੰ ਵਧਾਇਆ ਜਾ ਸਕਦਾ ਹੈ।
ਬੁੱਧਵਾਰ ਨੂੰ ਐਲਾਨ ਕਰਨ ਦੌਰਾਨ ਫਰਨਵਰਥ ਨੇ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਨੂੰ ਲੋੜੀਂਦੀਆਂ ਚੀਜ਼ਾਂ ਅਤੇ ਸੇਵਾਵਾਂ ਪਹੁੰਚਾਉਣ ਲਈ ਨਾਜ਼ੁਕ ਸਪਲਾਈ ਚੇਨਾਂ ਨੂੰ ਸੁਰੱਖਿਅਤ ਕੀਤਾ ਗਿਆ ਹੈ ਅਤੇ ਕਿਸੇ ਵੀ ਬੁਨਿਆਦੀ ਢਾਂਚੇ ਲਈ ਕੋਵਿਡ -19 ਦੇ ਸੰਬੰਧਿਤ ਸਰਕਾਰੀ ਜਵਾਬ ਆਸਾਨੀ ਨਾਲ ਉਪਲਬਧ ਹਨ।