ਚੰਡੀਗੜ੍ਹ (ਕਮਲਪ੍ਰੀਤ ਕੌਰ) – 8 ਮਾਰਚ ਦਾ ਦਿਨ ਦੁਨੀਆ ਭਰ ਵਿੱਚ ਮਹਿਲਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦੀ ਸ਼ੁਰੁਆਤ ਸਭ ਤੋਂ ਪਹਿਲਾਂ ਜਰਮਨੀ ‘ਚ 1975 ਈ. ਵਿੱਚ ਹੋਈ ਸੀ। ਇਹ ਦਿਨ ਇਸ ਲਈ ਮਨਾਇਆ ਜਾਂਦਾ ਹੈ ਤਾਂ ਜੋ ਲੋਕਾਂ ਨੂੰ ਔਰਤਾਂ ਦੇ ਹੱਕਾਂ ਅਤੇ ਸਨਮਾਨ ਬਾਰੇ ਜਾਗਰੂਕ ਕੀਤਾ ਜਾ ਸਕੇ। ਵੇਖਿਆ ਜਾਵੇ ਤਾਂ ਕਿਸੇ ਵੀ ਕੰਮ ਵਿੱਚ ਔਰਤਾਂ ਦਾ ਯੋਗਦਾਨ ਆਦਮੀਆਂ ਨਾਲੋਂ ਘੱਟ ਨਹੀ ਹੈ। ਔਰਤਾਂ ਵੀ ਪੂਰੀ ਦੁਨੀਆ ‘ਚ ਆਪਣਾ ਨਾਮ ਕਮਾ ਰਹੀਆਂ ਹਨ ਤੇ ਬਹੁਤ ਸਾਰੀਆਂ ਆਪਣਾ ਨਾਮ ਕਮਾਂ ਚੁੱਕੀਆਂ ਹਨ। ਔਰਤਾਂ ਆਪਣੀ ਹਿੰਮਤ ਅਤੇ ਜਜ਼ਬੇ ਨਾਲ ਆਪਣੇ ਹੱਕਾਂ ਲਈ ਲੜ ਕੇ ਅੱਗੇ ਵਧੀਆਂ ਹਨ।
ਮਾਤਾ ਸਾਹਿਬ ਕੌਰ ਜੀ ਦਸਵੇ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਹਿਲ ਅਤੇ ਖਾਲਸੇ ਦੇ ਮਾਤਾ ਜੀ ਸਨ। ਆਪ ਜੀ ਦਾ ਜਨਮ ਭਾਈ ਰਾਮਾ ਜੀ ਦੇ ਘਰ ਮਾਤਾ ਜੱਸ ਦੇਵੀ ਜੀ ਦੀ ਕੁੱਖੋਂ 1 ਨਵੰਬਰ 1681 ਈ. ਨੂੰ ਰੋਹਤਾਸ ਵਿਖੇ ਹੋਇਆ। ਮਾਤਾ ਸਾਹਿਬ ਕੌਰ ਜੀ ਨੂੰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਪੰਥ ਦੀ ਮਾਤਾ ਦਾ ਗੋਰਵ ਬਖਸ਼ਿਆ, ਮਾਤਾ ਸਾਹਿਬ ਕੌਰ ਜੀ ਨੇ ਆਪਣੀ ਸਾਰੀ ਜਿੰਦਗੀ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾ ‘ਚ ਧਿਆਨ ਧਰ ਕੇ ਗੁਜਾਰੀ, ਗੁਰੂ ਸਾਹਿਬ ਜੀ ਨੇ ਸਮੁੱਚੇ ਖਾਲਸਾ ਪੰਥ ਨੂੰ ਮਾਤਾ ਜੀ ਦੀ ਝੋਲੀ ਵਿੱਚ ਪਾ ਕੇ ਖਾਲਸਾ ਜੀ ਦੇ ਮਾਤਾ ਹੋਣ ਦਾ ਉੱਚਾ ਦਰਜਾ ਬਖਸ਼ਿਆ।
ਰਾਜਕੁਮਾਰੀ ਸੋਫੀਆ ਅਲੈਗਜ਼ੈਂਡਰੋਵਨਾ ਦਲੀਪ ਸਿੰਘ ਦਾ ਜਨਮ 8 ਅਗਸਤ 1876 ਨੂੰ ਬੇਲਗਰਾਵਿਆ ਵਿਖੇ ਹੋਇਆ ਸੀ। ਉਹ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਪੋਤਰੀ ਸੀ। ਉਸਨੇ ਆਪਣੇ ਅੰਦਰ ਦਾਦੇ ਦੀ ਇਕ ਯੋਧੇ ਵਾਲੀ ਰੂਹ ਨੂੰ ਪਹਿਚਾਣ ਲਿਆ ਸੀ। ਉਹ ਸ਼ਫਰਾਜੈੱਟ ਇਸਤਰੀ ਮੁਕਤੀ ਲਹਿਰ ਦੀ ਆਗੂ ਬਣੀ ਅਤੇ ਉਸ ਨੇ ਇੰਗਲੈਂਡ ਵਿੱਚ ਔਰਤਾਂ ਨੂੰ ਵੋਟ ਪਾਉਣ ਦਾ ਹੱਕ ਦਿਵਾਇਆ ਸੀ।
ਦਲੀਪ ਕੌਰ ਟਿਵਾਣਾ ਦਾ ਜਨਮ 1935 ਵਿੱਚ ਹੋਇਆ ਸੀ। ਦਲੀਪ ਕੌਰ ਟਿਵਾਣਾ ਸਮਕਾਲੀ ਪੰਜਾਬੀ ਸਾਹਿਤ ਦੀ ਨਾਵਲਕਾਰ ਅਤੇ ਛੋਟੀ-ਕਹਾਣੀਕਾਰ ਸੀ। ਦਲੀਪ ਕੌਰ ਟਿਵਾਣਾ ਬਤੌਰ ਪੰਜਾਬੀ ਪ੍ਰੋਫੈਸਰ, ਅਤੇ ਡੀਨ, ਭਾਸ਼ਾ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਰਿਟਾਇਰ ਹੋਈ ਸੀ। 2004 ਵਿੱਚ ਦਲੀਪ ਕੌਰ ਟਿਵਾਣਾ ਨੂੰ ਸਿੱਖਿਆ ਅਤੇ ਸਾਹਿਤ ਦੇ ਖੇਤਰ ਵਿੱਚ ਬਹੁਮੁੱਲੇ ਯੋਗਦਾਨ ਕਾਰਨ ‘ਪਦਮ ਸ੍ਰੀ’ ਅਵਾਰਡ ਦਿੱਤਾ ਗਿਆ ਸੀ ਪਰ ਦੇਸ਼ ਵਿੱਚ ਅਸਹਿਣਸ਼ੀਲਤਾ ਦੇ ਮਾਹੌਲ ਕਾਰਨ ਉਹਨਾਂ ਨੇ 14 ਅਕਤੂਬਰ 2015 ਨੂੰ ‘ਪਦਮ ਸ੍ਰੀ’ ਅਵਾਰਡ ਵਾਪਸ ਕਰ ਦਿੱਤਾ।
ਗੁਲਾਬ ਕੌਰ ਦਾ ਜਨਮ 1890 ਵਿੱਚ ਹੋਇਆ ਸੀ। ਗੁਲਾਬ ਕੌਰ ਗ਼ਦਰ ਪਾਰਟੀ ਇਸਤਰੀ ਮੁਕਤੀ ਲਹਿਰ ਦੀ ਆਗੂ ਸੀ। ਗੁਲਾਬ ਕੌਰ ਨੇ ਗ਼ਦਰ ਪਾਰਟੀ ਨਾਲ ਜੁੜੀ ਆਜਾਦੀ ਸੰਗਰਾਮਣ ਹੋਣ ਕਰਕੇ ਮਨੀਲਾ ਵਿਖੇ ਭਾਰਤੀਆਂ ਨੂੰ ਆਜਾਦੀ ਸੰਗਰਾਮ ਲਈ ਪ੍ਰੇਰਿਆ।
ਮੁਹੰਮਦੀ ਬੇਗਮ ਦਾ ਜਨਮ 1878 ਵਿੱਚ ਹੋਇਆ ਸੀ। ਉਰਦੂ ਪਰਚੇ ਦੀ ਪਹਿਲੀ ਔਰਤ ਸੰਪਾਦਕ ਮੁਹੰਮਦੀ ਬੇਗਮ ਨੇ ਲਾਹੌਰੋਂ ਔਰਤਾਂ ਵਾਸਤੇ ਉਰਦੂ ਪਰਚਾ ਤਹਿਜੀਬ-ਏ-ਨਿਸਵਾਨ ਜੂਨ 1916 ਵਿੱਚ ਕੱਢਿਆ ਸੀ।
ਇੰਦਰਜੀਤ ਕੌਰ ਉਪ-ਕੁਲਪਤੀ ਦੇ ਅਹੁੱਦੇ ‘ਤੇ ਨਿਯੁਕਤ ਹੋਣ ਵਾਲੀ ਪਹਿਲੀ ਪੰਜਾਬਣ ਸੀ। ਇੰਦਰਜੀਤ ਕੌਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਵਾਈਸ ਚਾਂਸਲਰ ਸੀ
ਕਲਪਨਾ ਚਾਵਲਾ ਦਾ ਜਨਮ 1962 ਈ ਵਿੱਚ ਹੋਇਆ ਸੀ ਕਲਪਨਾ ਚਾਵਲਾ ਭਾਰਤੀ ਮੂਲ ਦੀ ਪਹਿਲੀ ਪੁਲਾੜ ਯਾਤਰੀ ਸੀ, ਜਿਸਨੇ ਅਮਰੀਕੀ ਪੁਲਾੜ ਏਜੰਸੀ ‘ਨਾਸਾ’ ਦੁਆਰਾ ਪੁਲਾੜ ਦੀ ਯਾਤਰਾ ਕੀਤੀ।
ਪਲਬਿੰਦਰ ਕੌਰ ਸ਼ੇਰਗਿਲ ਕੈਨੇਡਾ ਦੀ ਸੁਪਰੀਮ ਕੋਰਟ ਦੀ ਜੱਜ ਬਣਨ ਵਾਲੀ ਪਹਿਲੀ ਪੰਜਾਬਣ ਸੀ। ਪਲਬਿੰਦਰ ਕੌਰ ਦਾ ਜੱਦੀ ਪਿੰਡ ਰੁੜਕਾ, ਜ਼ਿਲ੍ਹਾ ਜਲੰਧਰ ਹੈ।
ਡਾ: ਇੰਦਰਜੀਤ ਕੌਰ 1992 ਤੋਂ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ (ਰਜਿਸਟਰਡ), ਦੀ ਸਰਪ੍ਰਸਤ-ਪ੍ਰਧਾਨ ਹੈ। ਇੰਦਰਜੀਤ ਕੌਰ ਭਗਤ ਪੂਰਨ ਸਿੰਘ ਦੇ ਜੀਵਨ ਅਤੇ ਮਿਸ਼ਨ ਤੋਂ ਬਹੁਤ ਪ੍ਰਭਾਵਤ ਹੋਈ, ਜਿਸ ਨੇ ਆਪਣਾ ਸਾਰਾ ਜੀਵਨ ਅਨਾਥ ਬੱਚਿਆਂ ਦੀ ਸੇਵਾ ਵਿਚ ਲਗਾ ਦਿੱਤਾ।