The Khalas Tv Blog Punjab ਇਸ ਵਾਰ ਵਿਸਾਖੀ ਇਤਿਹਾਸਕ !’ਘਰਾਂ ਤੇ ਖ਼ਾਲਸਈ ਨਿਸ਼ਾਨ ਝੂਲੇ’,’ਬੰਦੀ ਸਿੰਘਾਂ ਲਈ 5 ਮਿੰਟ ਕੱਢੋ’! ਘੱਲੂਘਾਰਾ ਤੇ ਅੰਮ੍ਰਿਤਪਾਲ ‘ਤੇ ਵੱਡਾ ਆਦੇਸ਼
Punjab Religion

ਇਸ ਵਾਰ ਵਿਸਾਖੀ ਇਤਿਹਾਸਕ !’ਘਰਾਂ ਤੇ ਖ਼ਾਲਸਈ ਨਿਸ਼ਾਨ ਝੂਲੇ’,’ਬੰਦੀ ਸਿੰਘਾਂ ਲਈ 5 ਮਿੰਟ ਕੱਢੋ’! ਘੱਲੂਘਾਰਾ ਤੇ ਅੰਮ੍ਰਿਤਪਾਲ ‘ਤੇ ਵੱਡਾ ਆਦੇਸ਼

ਬਿਉੋਰੋ ਰਿਪੋਰਟ : ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਅਗਵਾਈ ਵਿੱਚ ਪੰਜ ਸਿੰਘ ਸਾਹਿਬਾਨਾਂ ਦੀ ਅੰਮ੍ਰਿਤਸਰ ਵਿੱਚ ਅਹਿਮ ਮੀਟਿੰਗ ਹੋਈ । ਜਿਸ ਵਿੱਚ 4 ਅਹਿਮ ਮੁੱਦਿਆਂ ‘ਤੇ ਫੈਸਲੇ ਲਏ ਗਏ । ਇੰਨਾਂ ਵਿੱਚ 3 ਸਿੱਖ ਸੰਗਤਾਂ ਲਈ ਆਦੇਸ਼ ਜਾਰੀ ਕੀਤਾ ਗਿਆ ਜਦਕਿ ਇੱਕ ਵਿੱਚ ਪੰਜਾਬ ਸਰਕਾਰ ਦੇ ਫੈਸਲੇ ਦੀ ਤਾੜਨਾ ਕੀਤੀ ਗਈ ।
ਜਥੇਦਾਰਾਂ ਦੀ ਮੀਟਿੰਗ ਵਿੱਚ ਲਏ ਗਏ ਫੈਸਲੇ

1. 5 ਸਿੰਘ ਸਾਹਿਬਾਨਾਂ ਦੀ ਮੀਟਿੰਗ ਵਿੱਚ ਖ਼ਾਲਸਾ ਸਾਜਨਾ ਦਿਵਸ ਦੇ 325 ਸਾਲ ਪੂਰੇ ਹੋਣ ‘ਤੇ 13 ਅਪ੍ਰੈਲ 2024 ਨੂੰ ਹਰ ਸਿੱਖ ਨੂੰ ਘਰਾਂ ‘ਤੇ ਖ਼ਾਲਸਈ ਨਿਸ਼ਾਨ ਝੁਲਾ ਕੇ ਖ਼ਾਲਸਈ ਜਾਹੋ-ਜਲਾਲ ਦਾ ਪ੍ਰਗਟਾਵਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ । ਇਸ ਦੇ ਨਾਲ ਹੀ ਸਾਰੀ ਕੌਮ ਨੂੰ ਸੰਦੇਸ਼ ਹੈ ਕਿ ਆਓ ਅਗਿਆਨਤਾ ਰੂਪੀ ਆਤਮਿਕ ਧੁੰਦੂਕਾਰੇ ਵਿਚੋਂ ਬਾਹਰ ਨਿਕਲ ਕੇ ਸੱਚ-ਧਰਮ ਦੇ ਪਾਂਧੀ ਬਣਨ ਦੇ ਯਤਨ ਕਰਦਿਆਂ ਸਾਬਤ-ਸੂਰਤ ਹੋ ਕੇ ਅੰਮ੍ਰਿਤਧਾਰੀ ਹੋਈਏ । ਦਸਮੇਸ਼ ਪਿਤਾ, ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਆਪਣਾ ਪੂਰਾ ਸਰਬੰਸ ਵਾਰ ਕੇ ਸਾਡੇ ਲਈ ਖੁਸ਼ਹਾਲ ਕੀਤੀ ਖ਼ਾਲਸਈ ਫੁਲਵਾੜੀ ਦੀ ਮਹਾਨ ਵਿਰਾਸਤ ਦੇ ਵਾਰਿਸ ਬਣੀਏ।

2. 13 ਅਪ੍ਰੈਲ ਨੂੰ ਹੀ ਖ਼ਾਲਸਾ ਸਾਜਣਾ ਦਿਵਸ ਵਾਲੇ ਦਿਨ ਸਵੇਰੇ 09.00 ਵਜੇ ਸੰਸਾਰ-ਭਰ ਵਿਚ ਵਸਦਾ ਹਰ ਸਿੱਖ, ਸਮੂਹ ਬੰਦੀ ਸਿੰਘਾਂ ਦੀ ਰਿਹਾਈ ਅਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਪੰਜ ਮਿੰਟ ਗੁਰਮੰਤਰ ਅਤੇ ਮੂਲਮੰਤਰ ਦਾ ਜਾਪ ਕਰਕੇ ਅਰਦਾਸ ਕਰਨ ਦਾ ਆਦੇਸ਼ ਦਿੱਤਾ ਗਿਆ ਹੈ ।

3. ਤੀਜੇ ਆਦੇਸ਼ ਮੁਤਾਬਿਕ ਜੂਨ 1984 ਦੇ ਸ੍ਰੀ ਦਰਬਾਰ ਸਾਹਿਬ,ਸ੍ਰੀ ਅੰਮ੍ਰਿਤਸਰ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰ ਗੁਰਦੁਆਰਾ ਸਾਹਿਬਾਨ ’ਤੇ ਸਮੇਂ ਦੀ ਭਾਰਤ ਦੀ ਕਾਂਗਰਸ ਹਕੂਮਤ ਵੱਲੋਂ ਕੀਤੇ ਫੌਜੀ ਹਮਲੇ ਦੇ 40 ਸਾਲ ਪੂਰੇ ਹੋਣ ‘ਤੇ 6 ਜੂਨ 2024 ਨੂੰ ਘੱਲੂਘਾਰਾ ਦਿਵਸ ਮੌਕੇ ਆਪੋ-ਆਪਣੇ ਨੇੜਲੇ ਗੁਰੂ ਘਰਾਂ ਵਿਚ ਸ਼ਹੀਦੀ ਸਮਾਗਮ ਉਲੀਕੇ, ਗੁਰਬਾਣੀ ਦੇ ਜਾਪ ਕੀਤੇ ਜਾਣ ਤੇ ਦੀਵਾਨ ਲਗਾ ਕੇ ਨਵੀਂ ਪੀੜੀ ਨੂੰ ਭਾਰਤੀ ਹਕੂਮਤ ਵੱਲੋਂ ਸਿੱਖਾਂ ਉਤੇ ਕੀਤੇ ਜ਼ੁਲਮਾਂ ਦੀ ਦਾਸਤਾਨ ਸੁਣਾਈ ਜਾਵੇ।

4. ਚੌਥਾ ਆਦੇਸ਼ ਪੰਜਾਬ ਸਰਕਾਰ ਦੇ ਖਿਲਾਫ ਹੈ,ਜਿਸ ਵਿੱਚ ਕਿਹਾ ਗਿਆ ਹੈ ਕਿ 7 ਅਪ੍ਰੈਲ 2024 ਨੂੰ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਅਤੇ ਨਾਲ ਕੁਝ ਹੋਰ ਸਿੰਘਾਂ ਨੂੰ ਪੰਜਾਬ ਸਰਕਾਰ ਵੱਲੋਂ ਗ੍ਰਿਫਤਾਰ ਕੀਤਾ ਗਿਆ, ਜੋ ਕਿ ਬਹੁਤ ਹੀ ਮੰਦਭਾਗਾ ਵਰਤਾਰਾ ਹੈ। ਨਗਰ ਕੀਰਤਨ ਸਿੱਖ ਪਰੰਪਰਾ ਦਾ ਹਿੱਸਾ ਹੈ ਨਗਰ ਕੀਰਤਨ ਨੂੰ ਰੋਕ ਕੇ ਸੰਗਤਾਂ ਨੂੰ ਤੰਗ ਪਰੇਸ਼ਾਨ ਕਰਨਾ ਸਾਡੀ ਪਰੰਪਰਾ ’ਤੇ ਹਮਲਾ ਹੈ।

Exit mobile version