ਚੰਡੀਗੜ੍ਹ- ਤਾਲਿਬਾਨ ਵੱਲੋਂ ਅਮਰੀਕਾ ਨਾਲ ਸ਼ਾਂਤੀ ਸਮਝੌਤਾ ਤੋੜਣ ਦੇ ਦੋ ਦਿਨ ਬਾਅਦ ਹੀ ਅਫ਼ਗਾਨਿਸਤਾਨ ਵਿੱਚ ਧਮਾਕਾ ਹੋਇਆ ਹੈ ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਰੀਬ 11 ਲੋਕ ਜ਼ਖਮੀ ਹੋ ਗਏ ਹਨ। ਇਹ ਧਮਾਕਾ ਨਾਦਿਰ ਸ਼ਾਹ ਕੋਟ ਇਲਾਕੇ ‘ਚ ਇੱਕ ਫੁੱਟਬਾਲ ਮੈਚ ਦੌਰਾਨ ਹੋਇਆ। ਪੰਜ ਹਜ਼ਾਰ ਤਾਲਿਬਾਨੀ ਕੈਦੀਆਂ ਦੀ ਰਿਹਾਈ ਤੋਂ ਅਫ਼ਗਾਨਿਸਤਾਨ ਦੇ ਇਨਕਾਰ ਤੋਂ ਬਾਅਦ ਤਾਲਿਬਾਨ ਭੜਕਿਆ ਹੋਇਆ ਹੈ। ਹਾਲਾਂਕਿ ਫਿਲਹਾਲ ਹਮਲੇ ਦੀ ਜ਼ਿੰਮੇਵਾਰੀ ਕਿਸੇ ਵੀ ਸੰਗਠਨ ਨੇ ਨਹੀਂ ਲਈ ਹੈ।
ਦਰਅਸਲ,ਅਫ਼ਗਾਨਿਸਤਾਨ ‘ਚ ਸ਼ਾਂਤੀ ਦੀਆਂ ਕੋਸ਼ਿਸ਼ਾਂ ਨੂੰ ਇੱਕ ਵਾਰ ਫਿਰ ਉਸ ਵੇਲੇ ਝਟਕਾ ਲੱਗਾ ਜਦ ਤਾਲਿਬਾਨ ਨੇ ਇਹ ਸਾਫ਼ ਕਰ ਦਿੱਤਾ ਕਿ ਉਹ ਅਫ਼ਗਾਨਿਸਤਾਨ ਦੇ ਸੰਬੰਧਿਤ ਪੱਖਾਂ ਦੀ ਗੱਲਬਾਤ ਵਿੱਚ ਤਾਂ ਹੀ ਹਿੱਸਾ ਲੈਣਗੇ ਜੇ ਉਹ ਅਮਰੀਕਾ ਦੇ ਨਾਲ ਹੋਏ ਸਮਝੌਤੇ ਤਹਿਤ ਉਸ ਦੇ ਪੰਜ ਹਜ਼ਾਰ ਕੈਦੀਆਂ ਨੂੰ ਰਿਹਾ ਕਰ ਦੇਵੇਗਾ ਜਦਕਿ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਦਾ ਕਹਿਣਾ ਹੈ ਕਿ ਉਹ ਇਸ ਬਾਰੇ ਵਾਅਦਾ ਨਹੀਂ ਕਰ ਸਕਦੇ। ਇਹ ਅਮਰੀਕਾ ਨਹੀਂ ਬਲਕਿ ਅਫ਼ਗਾਨਿਸਤਾਨ ਦੇ ਲੋਕ ਤੈਅ ਕਰਨਗੇ ਕਿ ਕਿਸ ਨੂੰ ਛੱਡਣਾ ਹੈ ਤੇ ਕਿਸ ਨੂੰ ਨਹੀਂ।