ਕਮਲਜੀਤ ਸਿੰਘ ਬਨਵੈਤ / ਪੁਨੀਤ ਕੌਰ
ਸ਼੍ਰੋਮਣੀ ਅਕਾਲੀ ਦਲ ਦੀ ਡੁੱਬਦੀ ਬੇੜੀ ਨੂੰ ਭੰਵਰ ਵਿੱਚ ਛੱਡ ਕੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਹਾਜ਼ ਚੜਨ ਦੀ ਤਿਆਰੀ ਕਰ ਲਈ ਹੈ। ਅਕਾਲੀ ਦਲ ਦੀ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਲੰਘੇ ਕੱਲ੍ਹ ਸਾਬਕਾ ਡਿਪਟੀ ਮੁੱਖ ਮੰਤਰੀ ਅਤੇ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਬਾਗੀ ਅਕਾਲੀਆਂ ਨਾਲ ਮੁਲਾਕਾਤ ਲਈ ਸਮਾਂ ਮੰਗਿਆ ਤਾਂ ਉਨ੍ਹਾਂ ਨੇ ਵਿਦੇਸ਼ ਦੌਰੇ ਦਾ ‘ਬਹਾਨਾ’ ਲਾ ਕੇ ਮੀਟਿੰਗ ਲਈ ਸਮਾਂ ਦੇਣ ਤੋਂ ਨਾਂਹ ਕਰ ਦਿੱਤੀ ਸੀ। ਉਂਝ, ਸੂਤਰਾਂ ਦਾ ਕਹਿਣਾ ਹੈ ਕਿ ਮਾਝੇ ਦੇ ਜਰਨੈਲ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਉਹ ਬਾਗੀ ਲੀਡਰਾਂ ਨਾਲ ਸਿੱਝਣ ਦੀ ਰਣਨੀਤੀ ਬਦਲ ਸਕਦੇ ਹਨ।

ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਨਰਾਜ਼ ਚੱਲੇ ਆ ਰਹੇ ਇੱਕ ਦਰਜਨ ਆਗੂਆਂ ਨੇ ਦੋ ਦਿਨ ਪਹਿਲਾਂ ਅੰਮ੍ਰਿਤਸਰ ਵਿੱਚ ਇੱਕ ਮੀਟਿੰਗ ਕਰਕੇ ਪਾਰਟੀ ਨੂੰ ਮੁੜ ਤੋਂ ਸੁਰਜੀਤ ਕਰਨ ਦਾ ਫੈਸਲਾ ਲਿਆ ਸੀ। ਇਨ੍ਹਾਂ ਆਗੂਆਂ ਨੇ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕਰਕੇ ਲੋਕਾਂ ਦੀਆਂ ਭਾਵਨਾਵਾਂ ਉਨ੍ਹਾਂ ਤੱਕ ਪਹੁੰਚਾਉਣ ਦਾ ਐਲ਼ਾਨ ਵੀ ਕੀਤਾ ਸੀ। ਬਾਗੀ ਧੜਾ ਇਕਬਾਲ ਸਿੰਘ ਝੂੰਦਾ ਦੀ ਅਗਵਾਈ ਹੇਠ ਬਣੀ 13 ਮੈਂਬਰੀ ਕਮੇਟੀ ਦੀਆਂ ਸਿਫਾਰਸ਼ਾਂ ਲਾਗੂ ਕਰਨ ਲਈ ਦ੍ਰਿੜ ਹੈ।

ਇਸੇ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਬੀਬੀ ਜਗੀਰ ਕੌਰ ਨੇ ਦੋ ਦਿਨ ਪਹਿਲਾਂ ਰਵੀਕਰਨ ਸਿੰਘ ਕਾਹਲੋਂ ਦੇ ਘਰ ਇਨ੍ਹਾਂ ਬਾਗੀ ਨੇਤਾਵਾਂ ਦੀ ਹੋਈ ਮੀਟਿੰਗ ਵਿੱਚ ਸ਼ਾਮਿਲ ਹੋਏ ਸਨ। ਮੀਟਿੰਗ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਅਗਲੀ ਚੋਣ ਵਿੱਚ ਪ੍ਰਧਾਨ ਦੇ ਨਾਂ ਦਾ ਲਿਫਾਫਾ ਬਾਦਲਾਂ ਦੀ ਜੇਬ ਵਿੱਚੋਂ ਨਿਕਲਣ ਦੀ ਗੱਲ ਤੁਰੀ ਤਾਂ ਬੀਬੀ ਜਗੀਰ ਕੌਰ ਨੇ ਉੱਥੇ ਹੀ ਅਗਲੇ ਪ੍ਰਧਾਨ ਦੀ ਚੋਣ ਲੜਨ ਦਾ ਐਲਾਨ ਕਰ ਦਿੱਤਾ ਸੀ। ਉਹ ਪਹਿਲਾਂ ਵੀ ਦੋ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਰਹਿ ਚੁੱਕੇ ਹਨ।

ਬੀਬੀ ਜਗੀਰ ਕੌਰ

ਚੇਤੇ ਕਰਾਇਆ ਜਾਂਦਾ ਹੈ ਕਿ ਵਿਧਾਨ ਸਭਾ ਚੋਣਾਂ ਵਿੱਚ ਫਾਡੀ ਰਹਿਣ ਤੋਂ ਬਾਅਦ ਪਾਰਟੀ ਵੱਲੋਂ ਇਕਬਾਲ ਸਿੰਘ ਝੂੰਦਾ ਦੀ ਅਗਵਾਈ ਹੇਠ ਇੱਕ 13 ਮੈਂਬਰੀ ਮੰਥਨ ਕਮੇਟੀ ਬਣਾਈ ਗਈ ਸੀ। ਕਮੇਟੀ ਨੇ 100 ਹਲਕਿਆਂ ਵਿੱਚ ਅਕਾਲੀ ਦਲ ਦੇ ਕੇਡਰ ਅਤੇ ਆਮ ਲੋਕਾਂ ਨਾਲ ਗੱਲਬਾਤ ਕਰਨ ਦੇ ਬਾਅਦ ਤਿਆਰ ਕੀਤੀ ਰਿਪੋਰਟ ਦੇ ਵਿੱਚ ਉੱਪਰਲੀ ਲੀਡਰਸ਼ਿਪ ਬਦਲਣ ਦੀ ਸਿਫਾਰਸ਼ ਕੀਤੀ ਸੀ। ਦੂਜੇ ਪਾਸੇ ਦਲ ਦੇ ਸਕੱਤਰ ਜਨਰਲ ਬਲਵਿੰਦਰ ਸਿੰਘ ਭੂੰਦੜ ਦਾ ਕਹਿਣਾ ਹੈ ਕਿ ਉੱਪਰਲੀ ਲੀਡਰਸ਼ਿਪ ਵਿੱਚ ਪ੍ਰਧਾਨ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ। ਦਾਖਾ ਤੋਂ ਐੱਮਐੱਲਏ ਮਨਪ੍ਰੀਤ ਸਿੰਘ ਇਯਾਲੀ ਨੇ ਸਭ ਤੋਂ ਪਹਿਲਾਂ ਝੂੰਦਾ ਕਮੇਟੀ ਦੀਆਂ ਸਿਫਾਰਸ਼ਾਂ ਲਾਗੂ ਕਰਨ ਅਤੇ ਰਾਸ਼ਟਰਪਤੀ ਦੀ ਚੋਣ ਵੇਲੇ ਬਿਨਾਂ ਸ਼ਰਤ ਭਾਜਪਾ ਦੀ ਮਦਦ ਕਰਨ ਦੇ ਖਿਲਾਫ ਬਗਾਵਤ ਦਾ ਝੰਡਾ ਚੁੱਕਿਆ ਸੀ।

ਸੁਖਬੀਰ ਸਿੰਘ ਬਾਦਲ ਨੇ ਬਾਗੀ ਧੜੇ ਨੂੰ ਮਿਲਣ ਤੋਂ ਟਾਲਾ ਵੱਟਦਿਆਂ ਵਿਦੇਸ਼ ਜਾਣ ਦਾ ਬਹਾਨਾ ਲਾਇਆ ਹੈ ਜਾਂ ਉਹ ਸ਼੍ਰੋਮਣੀ ਅਕਾਲੀ ਦਲ ਦੀ ਡੁੱਬਦੀ ਬੇੜੀ ਨੂੰ ਸਮੁੰਦਰ ਦੇ ਅੱਧ ਵਿਚਾਲੇ ਛੱਡ ਕੇ ਸੱਚੀਂ ਚਲੇ ਜਾਣਗੇ, ਇਹ ਸਮਾਂ ਦੱਸੇਗਾ। ਇੱਕ ਗੱਲ਼ ਪੱਕੀ ਹੈ ਕਿ ਅਕਾਲੀ ਦਲ ਦੇ ਨੌਜਵਾਨ ਨੇਤਾ ਅਤੇ ਉਨ੍ਹਾਂ ਦੇ ਨੇੜਲੇ ਰਿਸ਼ਤੇਦਾਰ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲਣ ਨਾਲ ਸੁਖਬੀਰ ਸਿੰਘ ਬਾਦਲ ਦੀ ਜਾਨ ਵਿੱਚ ਜਾਨ ਜ਼ਰੂਰ ਆ ਗਈ ਹੈ। ਮਜੀਠੀਆ ਪਾਰਟੀ ਲਈ ਸੰਕਟ ਵਿਮੋਚਕ ਅਤੇ ਧੜੱਲੇਦਾਰ ਲੀਡਰ ਮੰਨੇ ਗਏ ਹਨ।

ਉਨ੍ਹਾਂ ਦੀ ਭੈਣ ਹਰਸਿਮਰਤ ਕੌਰ ਬਾਦਲ ਜਿਹੜੇ ਕਿ ਸੈਂਟਰ ਵਿੱਚ ਕੈਬਨਿਟ ਮੰਤਰੀ ਰਹੇ ਹਨ, ਵੀ ਆਪਣੇ ਪਤੀ ਅਤੇ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਆ ਰਹੇ ਹਨ। ਪੰਜ ਵਾਰ ਮੁੱਖ ਮੰਤਰੀ ਰਹੇ ਅਤੇ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਵੀ ਆਪਣੇ ਪੁੱਤਰ ਨੂੰ ਅਹੁਦੇ ਤੋਂ ਲਾਂਭੇ ਹੁੰਦਿਆਂ ਨਹੀਂ ਦੇਖਣਾ ਚਾਹੁੰਦੇ। ਸੂਤਰ ਤਾਂ ਇਹ ਵੀ ਦੱਸਦੇ ਹਨ ਕਿ ਬਾਗੀਆਂ ਨਾਲ ਮੁਲਾਕਾਤ ਕਰਨ ਤੋਂ ਟਾਲਾ ਵੱਟਣ ਪਿੱਛੇ ਵਿਦੇਸ਼ ਜਾਣ ਦਾ ਬਹਾਨਾ ਬਣਾਉਣ ਦੀ ਸੋਚ ਵੱਡੇ ਬਾਦਲ ਦੀ ਹੈ।