India Punjab

ਯੋਗੀ ਨੂੰ ਮਲੇਰਕੋਟਲਾ ਜਿਲ੍ਹਾ ਬਣਾਉਣ ‘ਤੇ ਇਤਰਾਜ਼ ਕਿਉਂ? ਕੈਪਟਨ ਨੂੰ ਕਹਿ ਦਿੱਤੀ ਵੱਡੀ ਗੱਲ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਈਦ ਮੌਕੇ ਮੁਸਲਿਮ ਭਾਈਚਾਰੇ ਨੂੰ ਮਲੇਰਕੋਟਲਾ ਜਿਲ੍ਹੇ ਦਾ ਤੋਹਫੇ ਦੇਣਾ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਨੂੰ ਚੰਗਾ ਨਹੀਂ ਲੱਗਾ ਹੈ। ਖਾਸਤੌਰ ‘ਤੇ ਯੋਗੀ ਅਦਿਤਿਆਨਾਥ ਨੇ ਟਵੀਟ ਕਰਕੇ ਕੈਪਟਨ ਅਮਰਿੰਦਰ ਸਿੰਘ ਤੇ ਨਿਸ਼ਾਨਾ ਕੱਸਿਆ ਹੈ ਕਿ ਵੰਡਣ ਵਾਲੀ ਸੋਚ ਬਾਹਰ ਨਿਕਲ ਕੇ ਆਈ ਹੈ। ਜ਼ਿਕਰਯੋਗ ਹੈ ਕਿ ਮਲੇਰਕੋਟਲਾ ਵਿੱਚ ਵੱਡੀ ਸੰਖਿਆਂ ਮੁਸਲਿਮ ਭਾਈਚਾਰੇ ਦੀ ਹੈ ਤੇ ਲੰਘੇ ਕੱਲ੍ਹ ਈਦ ਦੇ ਪਵਿੱਤਰ ਦਿਹਾੜੇ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕੀਤਾ ਸੀ ਤੇ ਬਕਾਇਦਾ ਕਿਹਾ ਕਿ ਉਹ ਇਹ ਐਲਾਨ ਕਰਦੇ ਖੁਸ਼ੀ ਮਹਿਸੂਸ ਕਰ ਰਹੇ ਹਨ ਕਿ ਸਰਕਾਰ ਨੇ ਮਲੇਰਕੋਟਲਾ ਨੂੰ ਜਿਲ੍ਹਾ ਬਣਾਉਣ ਦਾ ਫੈਸਲਾ ਲੈ ਰਹੀ ਹੈ। ਇਹ ਪੰਜਾਬ ਦਾ ਹੁਣ 23ਵਾਂ ਜਿਲ੍ਹਾ ਹੋਵੇਗਾ, ਜਿਸਦਾ ਇਤਿਹਾਸਿਕ ਮਹੱਤਵ ਹੈ। ਉਨ੍ਹਾਂ ਕਿਹਾ ਕਿ ਮੈਂ ਬਿਨਾਂ ਦੇਰੀ ਹੁਕਮ ਦੇ ਦਿੱਤੇ ਨੇ ਕਿ ਥਾਂ ਲੱਭੀ ਜਾਵੇ ਤੇ ਜਿਲ੍ਹਾ ਪ੍ਰਸ਼ਾਸਨ ਦਾ ਦਫਤਰ ਬਣ ਸਕੇ।

ਚੋਣਾਂ ਵੇਲੇ ਕੀਤਾ ਸੀ ਕਾਂਗਰਸ ਨੇ ਐਲਾਨ
ਇਸੇ ਐਲਾਨ ਦਾ ਥੋੜ੍ਹਾ ਉੱਤਰ ਪ੍ਰਦੇਸ਼ ਤੋਂ ਇਤਰਾਜ ਕਰਦਾ ਬਿਆਨ ਆਇਆ ਹੈ। ਯੋਗੀ ਨੇ ਕਿਹਾ ਹੈ ਵੋਟਾਂ ਜਾਂ ਫਿਰ ਮਜ੍ਹਬ ਦੇ ਆਧਾਰ ਤੇ ਕਿਸੇ ਵੀ ਤਰ੍ਹਾਂ ਦੀ ਵੰਡ ਸੰਵਿਧਾਨ ਦੀ ਮੂਲ ਭਾਵਨਾ ਦੇ ਉਲਟ ਹੈ। ਇਸ ਵੇਲੇ ਪੰਜਾਬ ਦੇ ਮਲੇਰਕੋਟਲਾ ਦਾ ਗਠਨ ਕਰਨਾ ਕਾਂਗਰਸ ਦੀ ਵੰਡਣ ਵਾਲੀ ਨੀਤੀ ਨੂੰ ਉਜਾਗਰ ਕਰਦਾ ਹੈ।
ਦੱਸ ਦਈਏ ਕਿ ਸੰਗਰੂਰ ਜਿਲ੍ਹਾ ਮੁੱਖ ਦਫਤਰ ਤੋਂ ਮਲੇਰਕੋਟਲਾ ਕੋਈ 35 ਕਿਲੋਮੀਟਰ ਦੂਰ ਹੈ। ਕਾਂਗਰਸ ਨੇ ਚੋਣਾਂ ਵੇਲੇ ਇਸ ਸ਼ਹਿਰ ਨੂੰ ਜਿਲ੍ਹਾ ਬਣਾਉਣ ਦਾ ਵਾਅਦਾ ਕੀਤਾ ਸੀ। ਹਾਲਾਂਕਿ ਮੁਖਮੰਤਰੀ ਨੇ ਮਲੇਰਕੋਟਲਾ ਵਿਚ 500 ਕਰੋੜ ਰੁਪਣਣ ਦੀ ਲਾਗਤ ਵਾਲਾ ਇਕ ਮੈਡੀਕਲ ਕਾਲੇਜ, ਇਕ ਮਹਿਲਾ ਕਾਲਜ, ਨਵਾਂ ਬਸ ਸਟੈਂਡ ਅਤੇ ਇਕ ਮਹਿਲਾ ਪੁਲਿਸ ਸਟੇਸ਼ਨ ਬਣਾਉਣ ਦਾ ਐਲਾਨ ਵੀ ਕੀਤਾ ਹੈ।

ਮਲੇਰਕੋਟਲਾ ‘ਤੇ ਯੋਗੀ ਦਾ ਟਵੀਟ ਮੰਦਭਾਗਾ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਦਲਜੀਤ ਚੀਮਾ ਨੇ ਕਿਹਾ ਮਲੇਰਕੋਟਲਾ ਜਿਲ੍ਹਾ ਬਣਾਉਣ ਉੱਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਦਾ ਟਵੀਟ ਰਾਹੀਂ ਆਇਆ ਬਿਆਨ ਬਹੁਤ ਹੀ ਮੰਦਭਾਗਾ ਹੈ। ਇਹ ਬਿਆਨ ਦੇਣ ਤੋਂ ਪਹਿਲਾਂ ਉਨ੍ਹਾਂ ਨੂੰ ਮਲੇਰਕੋਟਲੇ ਦਾ ਇਤਿਹਾਸ ਜਰੂਰ ਪੜ੍ਹਨਾ ਚਾਹੀਦਾ ਹੈ। ਮਲੇਰਕੋਟਲੇ ਦੀ ਸਿੱਖ ਭਾਈਚਾਰੇ ਨਾਲ ਨਵਾਬ ਸ਼ੇਰ ਮੁਹੰਮਦ ਖਾਂ ਦੇ ਵੇਲੇ ਤੋਂ ਸਾਂਝ ਹੈ, ਜਦੋਂ ਉਨ੍ਹਾਂ ਨੇ ਛੋਟੇ ਸਾਹਿਬਜਾਦਿਆਂ ਦੀ ਸ਼ਹੀਦੀ ਦੇ ਵਿਰੋਧ ਵਿੱਚ ਹਾ ਦਾ ਨਾਅਰਾ ਮਾਰਿਆ ਸੀ। ਦੂਜੀ ਗੱਲ, ਇਕ ਸੂਬੇ ਨੂੰ ਦੂਜੇ ਸੂਬੇ ਦੇ ਫੈਸਲਿਆਂ ‘ਤੇ ਦਖਲ ਨਹੀਂ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਯੋਗੀ ਨੇ ਕਿਸੇ ਗਲਤਫਹਿਮੀ ਵਿਚ ਇਹ ਬਿਆਨ ਦਿੱਤਾ ਹੈ, ਜੋ ਉਨ੍ਹਾਂ ਨੂੰ ਸ਼ੋਭਾ ਨਹੀਂ ਦਿੰਦਾ, ਬਿਨਾਂ ਦੇਰੀ ਇਸ ਬਿਆਨ ਨੂੰ ਵਾਪਿਸ ਲੈ ਲੈਣਾ ਚਾਹੀਦਾ ਹੈ।

ਯੋਗੀ ਨੂੰ ਲੋਕ ਦੇ ਰਹੇ ਹਨ ਜਵਾਬ
ਇਸ ਤੋਂ ਪਹਿਲਾਂ ਕਿ ਪੰਜਾਬ ਸਰਕਾਰ ਜਾਂ ਪੰਜਾਬ ਤੋਂ ਕੋਈ ਜਵਾਬ ਆਉਂਦਾ, ਉਸ ਤੋਂ ਪਹਿਲਾਂ ਹੀ ਟਵਿਟਰ ਤੇ ਲੋਕ ਯੋਗੀ ਨੂੰ ਜਵਾਬ ਦੇ ਰਹੇ ਹਨ। ਲੋਕ ਕਹਿ ਰਹੇ ਹਨ ਕਿ ਜੇਕਰ ਇਹ ਵੰਡਣ ਵਾਲੀ ਸੋਚ ਹੈ ਤਾਂ ਬੀਜੇਪੀ ਨੇ ਸੀਏਏ ਦੇ ਮਾਮਲੇ ਵਿਚ ਕੀ ਕੀਤਾ ਹੈ। ਲੋਕ ਤਾਂ ਇੱਥੋਂ ਤਕ ਕਹਿ ਰਹੇ ਹਨ ਕਿ ਯੋਗੀ ਨੂੰ ਗੰਗਾ ਵਿਚ ਬਹਿ ਰਹੀਆਂ ਲਾਸ਼ਾਂ ਵਲ ਧਿਆਨ ਦੇਣਾ ਚਾਹੀਦਾ ਹੈ। ਇਹ ਪੰਜਾਬ ਦਾ ਅੰਦਰੂਨੀ ਮਾਮਲਾ ਹੈ, ਇਸ ਤੇ ਗੌਰ ਕਰਨ ਦੀ ਲੋੜ ਨਹੀਂ।

ਸ਼ਹਿਰ ਦਾ ਇਤਿਹਾਸ
ਜ਼ਿਕਰਯੋਗ ਹੈ ਕਿ ਅਫਗਾਨਿਸਤਾਨ ਤੋਂ ਸ਼ੇਖ ਸਦਰੂਦੀਨ-ਏ-ਜਹਾਂ ਵੱਲੋਂ 1454 ਵਿਚ ਇਸ ਦੀ ਸਥਾਪਨਾ ਕੀਤੀ ਗਈ ਸੀ ਅਤੇ ਇਸ ਤੋਂ ਬਾਅਦ ਬਾਯਜੀਦ ਖਾਨ ਵੱਲੋਂ 1657 ਵਿਚ ਮਲੇਰਕੋਟਲਾ ਸਟੇਟ ਦੀ ਸਥਾਪਨਾ ਕੀਤੀ ਗਈ। ਬਾਅਦ ਵਿਚ ਪਟਿਆਲਾ ਐਂਡ ਈਸਟ ਪੰਜਾਬ ਸਟੇਟਜ ਯੂਨੀਅਨ (ਪੈਪਸੂ) ਦੀ ਸਿਰਜਣਾ ਕਰਨ ਲਈ ਮਲੇਰਕੋਟਲਾ ਦਾ ਰਲੇਵਾਂ ਨੇੜਲੇ ਰਾਜਸੀ ਸੂਬਿਆਂ ਨਾਲ ਕਰ ਦਿੱਤਾ ਗਿਆ। 1956 ਵਿਚ ਸੂਬਿਆਂ ਦੇ ਪੁਨਰ ਗਠਨ ਮੌਕੇ ਪੁਰਾਣੇ ਮਲੇਰਕੋਟਲਾ ਸਟੇਟ ਦਾ ਖੇਤਰ ਪੰਜਾਬ ਦਾ ਹਿੱਸਾ ਬਣ ਗਿਆ।

ਸਿੱਖ ਇਤਿਹਾਸ ਵਿਚ ਵੀ ਇਸ਼ ਸ਼ਹਿਰ ਦੀ ਮਹੱਤਤਾ ਹੈ। ਦੁਨੀਆ ਭਰ ਦੇ ਲੋਕ ਖਾਸ ਕਰਕੇ ਸਿੱਖ ਮਲੇਰਕੋਟਲਾ ਦੇ ਸਾਬਕਾ ਨਵਾਬ ਸ਼ੇਰ ਮੁਹੰਮਦ ਖਾਨ ਪ੍ਰਤੀ ਸਤਿਕਾਰ ਭੇਟ ਕਰਦੇ ਹਨ ਜਿਨਾਂ ਨੇ ਸਰਹਿੰਦ ਦੇ ਸ਼ਾਸਕ ਵਜੀਰ ਖਾਨ ਵੱਲੋਂ ਛੋਟੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਜੀ ਨੂੰ 9 ਸਾਲ ਦੀ ਉਮਰ ਵਿਚ ਅਤੇ ਬਾਬਾ ਫਤਹਿ ਸਿੰਘ ਜੀ ਨੂੰ 7 ਸਾਲ ਦੀ ਉਮਰ ਵਿਚ ਤਸ਼ੱਦਦ ਢਾਹ ਕੇ ਜਿਉਂਦੇ ਨੀਹਾਂ ਵਿਚ ਚਿਣਾਉਣ ਦੀ ਅਣਮਨੁੱਖੀ ਘਟਨਾ ਦੇ ਖਿਲਾਫ ਆਵਾਜ਼ ਉਠਾਈ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨਵਾਬ ਸ਼ੇਰ ਮੁਹੰਮਦ ਖਾਨ ਅਤੇ ਮਲੇਰਕੋਟਲਾ ਦੇ ਲੋਕਾਂ ਨੂੰ ਸੁਭਾਗ ਬਖਸ਼ਿਸ਼ ਕੀਤਾ ਸੀ ਕਿ ਇਹ ਸ਼ਹਿਰ ਸ਼ਾਂਤੀ ਅਤੇ ਖੁਸ਼ੀਆਂ ਨਾਲ ਵਸਦਾ ਰਹੇਗਾ। ਉਨਾਂ ਅੱਗੇ ਕਿਹਾ ਕਿ ਇਸ ਸ਼ਹਿਰ ਉਪਰ ਸੂਫੀ ਸੰਤ ਬਾਬਾ ਹੈਦਰ ਸ਼ੇਖ ਦਾ ਵੀ ਮਿਹਰ ਹੈ ਜਿਨਾਂ ਦੀ ਇੱਥੇ ਦਰਗਾਹ ਵੀ ਬਣੀ ਹੋਈ ਹੈ।