‘ਦ ਖ਼ਾਲਸ ਬਿਊਰੋ (ਲਖਨਊ ) :- ਪੂਰੇ ਦੇਸ਼ ‘ਚ ਖੇਤੀ ਬਿੱਲਾਂ ਨਾਲ – ਨਾਲ ਹਾਹਾਕਾਰ ਮੱਚ ਗਈ ਹੈ। ਜਿਸ ਤੋਂ ਬਾਅਦ ਰਾਜ ਸਭਾ ਵਿੱਚ ਰੌਲੇ-ਰੱਪੇ ਦੌਰਾਨ ਪਾਸ ਕੀਤੇ ਗਏ ਖੇਤੀ ਬਿੱਲਾਂ ਬਾਰੇ ਉੱਤਰ ਪ੍ਰਦੇਸ਼ ਤੋਂ ਰਲੀ-ਮਿਲੀ ਸਿਆਸੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਬਿੱਲ ਪਾਸ ਹੋਣ ਨੂੰ ਖੇਤੀ ਸੈਕਟਰ ਲਈ ‘ਨਵਾਂ ਸੂਰਜ ਚੜ੍ਹਨ’ ਦੇ ਬਰਾਬਰ ਕਰਾਰ ਦਿੱਤਾ ਹੈ। ਜਦਕਿ ਸਮਾਜਵਾਦੀ ਪਾਰਟੀ ਮੁਖੀ ਅਖ਼ਿਲੇਸ਼ ਯਾਦਵ ਨੇ ਭਾਜਪਾ ‘ਤੇ ‘ਲੋਕਤੰਤਰੀ ਧੋਖਾਧੜੀ’ ਕਰਨ ਦਾ ਦੋਸ਼ ਲਾਇਆ ਹੈ। ਸਮਾਜਵਾਦੀ ਪਾਰਟੀ ਦੇ ਆਗੂ ਨੇ ਕਿਹਾ ਕਿ ਭਗਵਾਂ ਪਾਰਟੀ ਨੇ ਆਪਣਾ ‘ਪਤਨ ਪੱਤਰ’ ਹੀ ਪਾਸ ਕਰ ਦਿੱਤਾ ਹੈ।

ਜਦਕਿ ਦੂਜੇ ਪਾਸੇ ਮੁੱਖ ਮੰਤਰੀ ਯੋਗੀ ਨੇ ਕਿਹਾ ਕਿ ਅੱਜ ਦਾ ਦਿਨ ਸਾਡੇ ਅੰਨਦਾਤਾ ਲਈ ਨਾ-ਭੁੱਲਣਯੋਗ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਬਿੱਲਾਂ ਨਾਲ ਕਿਸਾਨਾਂ ਨੂੰ ਗੁੰਝਲਦਾਰ ਢਾਂਚੇ ਤੋਂ ਨਿਜਾਤ ਮਿਲੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸ਼ੁਕਰੀਆ ਅਦਾ ਕਰਦਿਆਂ ਯੋਗੀ ਨੇ ਕਿਹਾ ਕਿ ਪਹਿਲਾਂ ਵਾਂਗ MSP ਜਾਰੀ ਰਹੇਗੀ। ਯੋਗੀ ਨੇ ਕਿਹਾ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਤਸੱਲੀਬਖ਼ਸ਼ ਭਾਅ ਮਿਲੇਗਾ। ਹਾਲਾਂਕਿ ਯਾਦਵ ਨੇ ਭਾਜਪਾ ‘ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਰਾਜ ਸਭਾ ਵਿੱਚ ਜ਼ੁਬਾਨੀ ਬਿੱਲ ਪਾਸ ਕਰ ਕੇ ਕੁੱਝ ਚੋਣਵੇਂ ਪੂੰਜੀਵਾਦੀਆਂ ਲਈ ਕਿਸਾਨਾਂ ਤੇ ਵਿਰੋਧੀ ਧਿਰਾਂ ਦਾ ਗਲਾ ਘੁੱਟਿਆ ਗਿਆ ਹੈ। ਖੇਤੀ ਬਿੱਲ ਲੋਕ ਸਭਾ ਤੇ ਰਾਜ ਸਭਾ ਵਿੱਚ ਪਾਸ ਹੋ ਚੁੱਕੇ ਹਨ ਅਤੇ ਹੁਣ ਇਨ੍ਹਾਂ ਨੂੰ ਰਾਸ਼ਟਰਪਤੀ ਦੀ ਸਹਿਮਤੀ ਲਈ ਭੇਜਿਆ ਜਾਵੇਗਾ।

ਰਾਸ਼ਟਰੀਆ ਕਿਸਾਨ ਮੰਚ ਦੇ ਪ੍ਰਧਾਨ ਸ਼ੇਖਰ ਦੀਕਸ਼ਿਤ ਨੇ ਟਵੀਟ ਰਾਹੀਂ ਖੇਤੀ ਬਿੱਲਾਂ ਬਾਰੇ ਵਿਰੋਧੀ ਧਿਰ ਨੂੰ ਸਵਾਲ ਕੀਤੇ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਆਗੂਆਂ ਨੂੰ ਬਿੱਲ ਦੀਆਂ ਤਜਵੀਜ਼ਾਂ ਧਿਆਨ ਨਾਲ ਪੜ੍ਹਨੀਆਂ ਚਾਹੀਦੀਆਂ ਹਨ, ਸੰਭਵ ਹੈ ਕਿ ਇਹ ਕਿਸਾਨਾਂ ਦੇ ਪੱਖ ਪੂਰਨ ਵਾਲਾ ਹੋਵੇ।

Leave a Reply

Your email address will not be published. Required fields are marked *