India Punjab

ਬੀਜੇਪੀ ਆਗੂ ਬਬੀਤਾ ਫੋਗਾਟ ਵੱਲੋਂ ਕਿਸਾਨ ਅੰਦੋਲਨ ‘ਟੁੱਕੜੇ-ਟੁੱਕੜੇ ਗੈਂਗ’ ਵੱਲੋਂ ਹਾਈਜੈਕ ਕਰਾਰ, ਚੁੱਕਿਆ SYL ਦਾ ਮੁੱਦਾ

’ਦ ਖ਼ਾਲਸ ਬਿਊਰੋ (ਗੁਰਪ੍ਰੀਤ ਕੌਰ): ਕੇਂਦਰ ਦੀ ਮੋਦੀ ਸਰਕਾਰ ਦੇ ਖੇਤੀ ਕਾਨੂੰਨ ਰੱਦ ਕਰਾਉਣ ਲਈ ਦੇਸ਼ ਭਰ ਦੇ ਕਿਸਾਨ ਦਿੱਲੀ ਦੀਆਂ ਸਰਹੱਦਾਂ ’ਤੇ ਧਰਨਾ ਦੇ ਰਹੇ ਹਨ। ਸਰਕਾਰ ਆਪਣੇ ਸਟੈਂਡ ’ਤੇ ਕਾਇਮ ਹੈ ਕਿ ਉਹ ਕਾਨੂੰਨ ਵਾਪਿਸ ਨਹੀਂ ਲਵੇਗੀ, ਸਗੋਂ ਸਰਕਾਰ ਦੇ ਕਈ ਮੰਤਰੀ ਅੰਦੋਲਨ ਦੇ ਵਿਰੋਧ ਵਿੱਚ ਬਿਆਨ ਦੇ ਚੁੱਕੇ ਹਨ। ਸਰਕਾਰ ਦਾ ਇੱਕ ਤੋਂ ਬਾਅਦ ਇੱਕ ਮੰਤਰੀ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਅਤੇ ਅੰਦੋਲਨ ਕਰ ਰਹੇ ਕਿਸਾਨਾਂ ਦੇ ਵਿਰੋਧ ਵਿੱਚ ਬਿਆਨ ਦੇ ਚੁੱਕਾ ਹੈ।

ਹੁਣ ਬੀਜੇ ਆਗੂ ਅਤੇ ਕੌਮਾਂਤਰੀ ਕੁਸ਼ਤੀ ਪਹਿਲਵਾਨ ਰਹਿ ਚੁੱਕੀ ‘ਦੰਗਲ ਗਰਲ’ ਬਬੀਤਾ ਫ਼ੋਗਾਟ ਨੇ ਕਿਹਾ ਕਿ ਕਾਂਗਰਸ ਪਾਰਟੀ ਅਤੇ ਖੱਬੇਪੱਖੀ ਵਿਚਾਰਧਾਰਾ ਦੇ ਲੋਕ ਕਿਸਾਨਾਂ ਦਾ ਕਦੇ ਭਲਾ ਨਹੀਂ ਕਰ ਸਕਦੇ। ਬੀਜੇਪੀ ਦੇ ਬਾਕੀ ਮੰਤਰੀਆਂ ਦੇ ਸੁਰ ਵਿੱਚ ਸੁਰ ਮਿਲਾਉਂਦਿਆਂ ਹੁਣ ਉਸ ਨੇ ਟਵੀਟ ਕਰਕੇ ਕਿਹਾ ਹੈ ਕਿ ਕਿਸਾਨ ਅੰਦੋਲਨ ਨੂੰ ‘ਟੁੱਕੜੇ-ਟੁੱਕੜੇ ਗੈਂਗ’ ਨੇ ਹਾਈਜੈਕ ਕਰ ਲਿਆ ਹੈ। ਇੰਨਾ ਹੀ ਨਹੀਂ, ਉਸ ਨੇ ਪੰਜਾਬ ਕੋਲੋਂ ਹਰਿਆਣਾ ਨੂੰਪਾਣੀ ਦੇਣ ਲਈ SYL ਦਾ ਵੀ ਮੁੱਦਾ ਚੁੱਕਿਆ ਹੈ। ਯਾਦ ਰਹੇ ਬਬੀਤਾ ਨੇ ਕਾਮਨਵੈਲਥ ਖੇਡਾਂ ‘ਚ 1 ਸੋਨਾ ਤੇ 2 ਚਾਂਦੀ ਸਮੇਤ ਤਿੰਨ ਤਮਗ਼ੇ ਜਿੱਤੇ ਸਨ।

ਬਬੀਤ ਨੇ ਟਵੀਟ ਕੀਤਾ, ‘ਹੁਣ ਲੱਗਦਾ ਹੈ ਕਿ ਕਿਸਾਨ ਅੰਦੋਲਨ ਨੂੰ ‘ਟੁੱਕੜੇ-ਟੁੱਕੜੇ ਗੈਂਗ’ ਨੇ ਹਾਈਜੈਕ ਕਰ ਲਿਆ ਹੈ। ਸਾਰੇ ਕਿਸਾਨ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕ੍ਰਿਪਾ ਕਰਕੇ ਆਪਣੇ ਘਰ ਵਾਪਸ ਚਲੇ ਜਾਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਦੇ ਕਿਸਾਨ ਭਰਾਵਾਂ ਦੇ ਹੱਕ ਨਹੀਂ ਮਰਨ ਦੇਣਗੇ। ਕਾਂਗਰਸੀ ਅਤੇ ਖੱਬੇਪੱਖੀ ਲੋਕ ਕਿਸਾਨ ਦਾ ਭਲਾ ਕਦੇ ਨਹੀਂ ਕਰ ਸਕਦੇ।’

ਇਸ ਤੋਂ ਇਲਾਵਾ ਬਬੀਤਾ ਨੇ ਇਕ ਹੋਰ ਟਵੀਟ ਕੀਤਾ, ਜਿਸ ‘ਚ ਉਸ ਨੇ ਲਿਖਿਆ, ‘SYL ਹਰਿਆਣਾ ਦੀ ਜੀਵਨ ਰੇਖਾ ਹੈ। ਇਸ ਲਈ ਮੈਂ ਪੰਜਾਬ ਨੂੰ ਅਪੀਲ ਕਰਦੀ ਹਾਂ ਕਿ ਉਹ ਹਰਿਆਣਾ ਦੇ ਕਿਸਾਨਾਂ ਨੂੰ ਉਨ੍ਹਾਂ ਦੇ ਹਿੱਤਾ ਦਾ ਪਾਣੀ ਜ਼ਰੂਰ ਦੇਵੇ। ਹਰਿਆਣਾ ਦੇ ਕਿਸਾਨ ਹਿੱਤਾਂ ਬਾਰੇ ਪੰਜਾਬ ਨੂੰ ਜ਼ਰੂਰ ਸੋਚਣਾ ਚਾਹੀਦਾ ਹੈ। ਸਤਲੁਜ ਦਾ ਫਾਲਤੂ ਪਾਣੀ ਭਾਵੇਂ ਕਿਤੇ ਹੋਰ ਚਲਾ ਜਾਵੇ, ਪਰ ਹਰਿਆਣਾ ਦੇ ਕਿਸਾਨਾਂ ਨੂੰ ਨਾ ਮਿਲੇ, ਇਹ ਕਿਹੜੀ ਸਮਝਦਾਹੀ ਹੈ?’