‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੱਲ੍ਹ ਸੰਯੁਕਤ ਕਿਸਾਨ ਮੋਰਚਾ ਵੱਲੋਂ ਪੂਰੇ ਦੇਸ਼ ਭਰ ਵਿੱਚ ਔਰਤ ਦਿਹਾੜਾ ਮਨਾਉਣ ਦਾ ਸੱਦਾ ਦਿੱਤਾ ਗਿਆ ਹੈ। ਪੂਰੇ ਦੇਸ਼ ਦੇ ਸੂਬਿਆਂ, ਜ਼ਿਲ੍ਹਿਆਂ, ਪਿੰਡਾਂ ਵਿੱਚ ਵੱਡੇ ਪੱਧਰ ‘ਤੇ ਔਰਤਾਂ ਦੀ ਲਾਮਬੰਦੀ ਕੀਤੀ ਜਾ ਰਹੀ ਹੈ। ਔਰਤਾਂ ਵਿੱਚ ਵੀ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। 8 ਮਾਰਚ ਨੂੰ ਔਰਤਾਂ ਦੀ ਦਿੱਲੀ ਬਾਰਡਰਾਂ ‘ਤੇ ਭਰਵੀਂ ਸ਼ਮੂਲੀਅਤ ਹੋਵੇਗੀ ਅਤੇ ਹਰਿਆਣਾ, ਉੱਤਰ ਪ੍ਰਦੇਸ਼ ਅਤੇ ਹੋਰ ਸੂਬਿਆਂ ਤੋਂ ਵੀ ਵੱਡੀ ਗਿਣਤੀ ’ਚ ਔਰਤਾਂ ਸ਼ਾਮਲ ਹੋਣਗੀਆਂ। ਕੱਲ੍ਹ ਸਾਰਾ ਦਿਨ ਔਰਤਾਂ ਹੀ ਸਟੇਜ ਸੰਭਾਲਣਗੀਆਂ, ਤਕਰੀਰਾਂ ਕਰਨਗੀਆਂ। ਔਰਤਾਂ ਹੀ ਅੰਦੋਲਨ ਦੇ ਸਾਰੇ ਪ੍ਰਬੰਧ ਦੇਖਣਗੀਆਂ।

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਅੱਜ ਖਨੌਰੀ ਬਾਰਡਰ ਤੋਂ ਔਰਤਾਂ ਦਾ ਵੱਡਾ ਕਾਫਲਾ ਦਿੱਲੀ ਨੂੰ ਰਵਾਨਾ ਹੋਇਆ ਹੈ। ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਬਠਿੰਡਾ ਤੋਂ ਲਗਭਗ 500 ਵੱਡੀਆਂ ਬੱਸਾਂ, 600 ਮਿੰਨੀ ਬੱਸਾਂ, 115 ਟਰੱਕ/ਕੈਂਟਰ ਅਤੇ 200 ਹੋਰ ਛੋਟੇ ਵਹੀਕਲਾਂ ਵਿੱਚ 40,000 ਤੋਂ ਵੱਧ ਔਰਤਾਂ ਨੂੰ ਲੈ ਕੇ ਦਿੱਲੀ ਵੱਲ ਕੂਚ ਕੀਤਾ ਜਾ ਰਿਹਾ ਹੈ। ਔਰਤਾਂ ਨੂੰ ਪਿੰਡ/ਇਲਾਕਾ ਪੱਧਰ ‘ਤੇ ਚੇਤਨਾ ਮਾਰਚ ਅਤੇ ਟ੍ਰੈਕਟਰ ਮਾਰਚਾਂ ਰਾਹੀਂ ਲਾਮਬੰਦ ਕੀਤਾ ਗਿਆ ਹੈ।

ਵਲੰਟੀਅਰਾਂ ਵੱਲੋਂ ਇਨ੍ਹਾਂ ਔਰਤਾਂ ਦੇ ਠਹਿਰਨ ਦੇ ਇੰਤਜ਼ਾਮ ਮੁਕੰਮਲ ਕਰਨ ਲਈ ਦਿਨ ਰਾਤ ਇੱਕ ਕੀਤਾ ਹੋਇਆ ਹੈ। ਉਨ੍ਹਾਂ ਦੱਸਿਆ ਕਿ 8 ਮਾਰਚ ਨੂੰ ਦਿੱਲੀ ਦੇ ਪਕੌੜਾ ਚੌਂਕ ਵਿਖੇ ਵਿਸ਼ਾਲ ਇਕੱਠ ਦੀ ਸਟੇਜ ਔਰਤਾਂ ਦੇ ਹੱਥ ਹੋਵੇਗੀ। ਔਰਤਾਂ ਹੀ ਮੁੱਖ ਬੁਲਾਰੇ ਹੋਣਗੀਆਂ, ਜਿਨ੍ਹਾਂ ਵੱਲੋਂ ਔਰਤਾਂ ਨਾਲ ਹੁੰਦੇ ਸਮਾਜਿਕ ਵਿਤਕਰਿਆਂ ਅਤੇ ਮਰਦਾਵੇਂ-ਜਗੀਰੂ ਦਾਬੇ ਤੋਂ ਮੁਕਤੀ ਨਾਲ ਜੁੜੇ ਹੋਏ ਇਸ ਔਰਤ ਦਿਵਸ ਦੀ ਮਹੱਤਤਾ ਬਾਰੇ ਜਾਗ੍ਰਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਮਾਗਮ ਦਾ ਕੇਂਦਰੀ ਨੁਕਤਾ ਕਿਸਾਨੀ ਸੰਘਰਸ਼ ਦੀਆਂ ਮੁੱਖ ਮੰਗਾਂ ਤਿੰਨੇ ਕਾਲੇ ਖੇਤੀ ਕਾਨੂੰਨ, ਬਿਜਲੀ ਬਿੱਲ ਅਤੇ ਪਰਾਲੀ ਆਰਡੀਨੈਂਸ ਰੱਦ ਕੀਤੇ ਜਾਣ, ਹੋਣਗੀਆਂ।

ਕੱਲ੍ਹ ਮੁਕਤਸਰ ਜ਼ਿਲ੍ਹੇ ਚ ਔਰਤਾਂ ਨੇ ਕੱਢਿਆ ਟਰੈਕਟਰ ਮਾਰਚ

ਕੱਲ੍ਹ ਮੁਕਤਸਰ ਜ਼ਿਲ੍ਹੇ ਦੇ ਪਿੰਡ ਲੱਖੇਵਾਲੀ ਵਿੱਚ ਕਿਸਾਨੀ ਅੰਦੋਲਨ ਦੇ ਸਮਰਥਨ ਵਿੱਚ ਔਰਤਾਂ ਨੇ ਟਰੈਕਟਰ ਮਾਰਚ ਕੱਢਿਆ। ਔਰਤਾਂ ਨੇ ਟਰੈਕਟਰਾਂ ’ਤੇ ਬੈਠ ਕੇ ਪਿੰਡ ’ਚ ਮਾਰਚ ਕੀਤਾ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਔਰਤਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਖੇਤੀ ਕਾਨੂੰਨ ਪਾਸ ਕਰਕੇ ਪੰਜਾਬ ਨਾਲ ਧੋਖਾ ਕੀਤਾ ਹੈ, ਜਿਸਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਪਿੰਡ ਬਖ਼ਤਗੜ੍ਹ ਵਿੱਚ ਔਰਤਾਂ ਨੇ ਟਰੈਕਟਰ ਮਾਰਚ ਕੱਢ ਕੇ ਕਿਸਾਨੀ ਅੰਦੋਲਨ ਦਾ ਕੀਤਾ ਸਮਰਥਨ

6 ਮਾਰਚ ਨੂੰ ਪਿੰਡ ਬਖ਼ਤਗੜ੍ਹ ਵਿੱਚ ਵੀ ਔਰਤਾਂ ਨੇ ਟਰੈਕਟਰ ਮਾਰਚ ਕੱਢ ਕੇ ਕਿਸਾਨੀ ਅੰਦੋਲਨ ਦਾ ਸਮਰਥਨ ਕੀਤਾ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਪਿੰਡ ਬਖ਼ਤਗੜ੍ਹ ਤੋਂ ਸ਼ੁਰੂ ਹੋਇਆ ਟਰੈਕਟਰ ਮਾਰਚ ਪਿੰਡ ਚੂੰਘਾਂ, ਸ਼ਹਿਣਾ, ਮੱਲ੍ਹੀਆਂ, ਪੱਖੋਕੇ, ਕੈਰੇ, ਭੋਤਨਾ ਤੋਂ ਹੁੰਦੇ ਹੋਏ ਪਿੰਡ ਟੱਲੇਵਾਲ ਜਾ ਕੇ ਸਮਾਪਤ ਹੋਇਆ।

ਲਹਿਰਾਗਾਗਾ ਤੋਂ 4-5 ਹਜ਼ਾਰ ਔਰਤਾਂ ਦਾ ਕਾਫਲਾ ਦਿੱਲੀ ਰਵਾਨਾ

ਲਹਿਰਾਗਾਗਾ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਅੱਜ 4-5 ਹਜ਼ਾਰ ਔਰਤਾਂ ਦਾ ਕਾਫਲਾ ਦਿੱਲੀ ਨੂੰ ਰਵਾਨਾ ਹੋਇਆ।

ਨੌਦੀਪ ਕੌਰ ਨੇ ਕਿਸਾਨੀ ਅੰਦੋਲਨ ਚ ਔਰਤਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਹੋਣ ਦਾ ਕੀਤਾ ਦਾਅਵਾ

ਮਨੁੱਖੀ ਅਧਿਕਾਰਾਂ ਦੀ ਕਾਰਕੁੰਨ ਨੌਦੀਪ ਕੌਰ ਨੇ ਕਿਹਾ ਕਿ ਕਿਸਾਨੀ ਅੰਦੋਲਨ ਦੌਰਾਨ ਔਰਤਾਂ ਦੀ ਭੂਮਿਕਾ ਬਹੁਤ ਅਹਿਮ ਰਹੀ ਹੈ। ਔਰਤਾਂ ਲਗਾਤਾਰ ਇਸ ਸੰਘਰਸ਼ ਵਿੱਚ ਭਾਗੀਦਾਰ ਬਣ ਰਹੀਆਂ ਹਨ, ਜਿਸ ਦਾ ਸਰਕਾਰ ’ਤੇ ਵੱਡਾ ਦਬਾਅ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਖੇਤੀ ਕਾਨੂੰਨਾਂ ਰੱਦ ਨਹੀਂ ਹੁੰਦੇ, ਉਦੋਂ ਤੱਕ ਪੰਜਾਬ ਦੀਆਂ ਔਰਤਾਂ ਇਸ ਸੰਘਰਸ਼ ਦਾ ਹਿੱਸਾ ਬਣਦੀਆਂ ਰਹਿਣਗੀਆਂ।

ਦਿੱਲੀ ਮੋਰਚੇ ਦੇ ਸ਼ਹੀਦ ਨਵਰੀਤ ਸਿੰਘ ਦੇ ਦਾਦਾ ਹਰਦੀਪ ਸਿੰਘ ਡਿਬਡਿਬਾ ਨੇ ਕਿਹਾ ਕਿ ਸਾਰੇ ਹੀ ਦਿਨ ਔਰਤਾਂ ਦੇ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਮੋਦੀ ਹਕੂਮਤ ਨੇ ਫਾਸੀਵਾਦੀ ਢੰਗ ਨਾਲ ‘ਠੇਕਾ ਖੇਤੀ’ ਲਾਗੂ ਕਰਨ ਕਰ ਕੇ ਖੇਤੀ ਅਰਥਚਾਰੇ ਦੀਆਂ ਚਾਬੀਆਂ ਅਡਾਨੀਆਂ-ਅੰਬਾਨੀਆਂ ਵਰਗੀਆਂ ਵਿਦੇਸ਼ੀ ਬਹੁਕੌਮੀ ਕੰਪਨੀਆਂ ਨੂੰ ਸਾਂਭਣ ਲਈ ਤਿੰਨ ਖੇਤੀ ਕਾਨੂੰਨ ਬਣਾ ਦਿੱਤੇ ਹਨ। ਉਨ੍ਹਾਂ ਨਵਰੀਤ ਦੀ ਸ਼ਹਾਦਤ ਬਾਰੇ ਗੱਲ ਕਰਦਿਆਂ ਕਿਹਾ ਕਿ ਕਿਸਾਨਾਂ ਦੀ ਜਿੱਤ ਨਾਲ ਹੀ ਨਵਰੀਤ ਨੂੰ ਇਨਸਾਫ਼ ਮਿਲੇਗਾ।

ਸੰਗਰੂਰ ਵਿੱਚ ਵੀ ਔਰਤਾਂ ਨੇ ਕੱਢਿਆ ਟਰੈਕਟਰ ਮਾਰਚ

5 ਮਾਰਚ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ 8 ਮਾਰਚ ਨੂੰ ਮਨਾਏ ਜਾ ਰਹੇ ਔਰਤ ਦਿਹਾੜੇ ਮੌਕੇ ਕਿਸਾਨ ਬੀਬੀਆਂ ਨੂੰ ਲਾਮਬੰਦ ਕਰਨ ਲਈ ਸੰਗਰੂਰ ਵਿੱਚ ਟਰੈਕਟਰ ਮਾਰਚ ਕੱਢਿਆ ਗਿਆ। ਇਸ ਟਰੈਕਟਰ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਬੀਬੀਆਂ ਨੇ ਸ਼ਮੂਲੀਅਤ ਕਰਕੇ ਪਿੰਡਾਂ ਦੀਆਂ ਔਰਤਾਂ ਨੂੰ ਦਿੱਲੀ ਪਹੁੰਚਣ ਦਾ ਸੱਦਾ ਦਿੱਤਾ।

ਔਰਤ ਦਿਹਾੜਾ ਹੋਂਦ ਵਿੱਚ ਕਿਵੇਂ ਆਇਆ ?

ਔਰਤ ਦਿਹਾੜਾ ਇੱਕ ਮਜ਼ਦੂਰ ਅੰਦੋਲਨ ਦੀ ਉਪਜ ਹੈ। ਸਾਲ 1908 ਵਿੱਚ 15 ਹਜ਼ਾਰ ਔਰਤਾਂ ਨੇ ਕੰਮ ਦੇ ਘੰਟੇ ਘਟਾਉਣ ਦੀ ਮੰਗ ਨੂੰ ਲੈ ਕੇ ਨਿਊਯਾਰਕ ਸ਼ਹਿਰ ਵਿੱਚ ਮਾਰਚ ਕੱਢਿਆ। ਔਰਤਾਂ ਨੇ ਤਨਖਾਹ ਵਧਾਉਣ ਦੇ ਨਾਲ-ਨਾਲ ਵੋਟ ਪਾਉਣ ਦਾ ਹੱਕ ਦੇਣ ਦੀ ਮੰਗ ਵੀ ਕੀਤੀ ਸੀ। ਇੱਕ ਸਾਲ ਬਾਅਦ ਅਮਰੀਕਾ ਦੀ ਸੋਸ਼ਲਿਸਟ ਪਾਰਟੀ ਨੇ ਇਸ ਦਿਨ ਨੂੰ ਕੌਮੀ ਔਰਤ ਦਿਹਾੜਾ ਐਲਾਨ ਦਿੱਤਾ।

ਔਰਤ ਦਿਹਾੜਾ’ ਕੌਮਾਂਤਰੀ ਕਿਵੇਂ ਬਣਿਆ ?

ਕੈਲਾਰਾ ਜੈਟਕਿਨ ਨਾਂ ਦੀ ਇੱਕ ਔਰਤ ਨੇ ਸਾਲ 1910 ਵਿੱਚ ਕੰਮਕਾਜੀ ਔਰਤਾਂ ਦੀ ਇੱਕ ਕੌਮਾਂਤਰੀ ਕਾਨਫਰੰਸ ਦੌਰਾਨ ਇਸ ਦਿਨ ਨੂੰ ਵਿਸ਼ਵ ਪੱਧਰ ‘ਤੇ ਮਨਾਉਣ ਦਾ ਸੁਝਾਅ ਦਿੱਤਾ। ਉਸ ਸਮੇਂ ਉੱਥੇ 17 ਦੇਸ਼ਾਂ ਦੀਆਂ 100 ਔਰਤਾਂ ਹਾਜ਼ਰ ਸਨ। ਸਾਰਿਆਂ ਨੇ ਇਸ ਮਤੇ ਦੀ ਹਮਾਇਤ ਕੀਤੀ। ਸਾਲ 1911 ਵਿੱਚ ਡੈਨਮਾਰਕ, ਜਰਮਨੀ ਅਤੇ ਸਵਿਟਜ਼ਰਲੈਂਡ ਵਿੱਚ ਕੌਮਾਂਤਰੀ ਔਰਤ ਦਿਹਾੜਾ ਮਨਾਇਆ ਗਿਆ। ਸਾਲ 1975 ਵਿੱਚ ਔਰਤ ਦਿਹਾੜੇ ਨੂੰ ਮਾਨਤਾ ਦਿੱਤੀ ਗਈ ਅਤੇ ਇੱਕ ਥੀਮ ਦੇ ਤੌਰ ‘ਤੇ ਇਸਨੂੰ ਮਨਾਉਣਾ ਸ਼ੁਰੂ ਕਰ ਦਿੱਤਾ ਗਿਆ।

ਔਰਤ ਦਿਹਾੜਾ’ ਲਈ 8 ਮਾਰਚ ਹੀ ਕਿਉਂ ਚੁਣਿਆ ਗਿਆ ?

ਕੈਲਾਰਾ ਜੈਟਕਿਨ ਨੇ ਔਰਤ ਦਿਹਾੜੇ ਲਈ ਕੋਈ ਤਰੀਕ ਨਿਯਤ ਨਹੀਂ ਕੀਤੀ ਸੀ। ਸਾਲ 1917 ਵਿੱਚ ਵਿਸ਼ਵ ਜੰਗ ਦੌਰਾਨ ਰੂਸ ਦੀਆਂ ਔਰਤਾਂ ਨੇ ਬ੍ਰੈੱਡ ਐਂਡ ਪੀਸ (Bread and Peace) ਮਤਲਬ ਖਾਣਾ ਅਤੇ ਸ਼ਾਂਤੀ ਦੀ ਮੰਗ ਕੀਤੀ। ਔਰਤਾਂ ਦੀ ਹੜਤਾਲ ਕਰਕੇ ਅੰਤਰਿਮ ਸਰਕਾਰ ਨੇ ਔਰਤਾਂ ਨੂੰ ਵੋਟ ਪਾਉਣ ਦਾ ਹੱਕ ਦਿੱਤਾ। ਉਸ ਸਮੇਂ ਰੂਸ ਵਿੱਚ ਜੂਲੀਅਨ ਕੈਲੰਡਰ ਵਰਤਿਆ ਜਾਂਦਾ ਸੀ। ਹੜਤਾਲ ਵਾਲੇ ਦਿਨ 23 ਫਰਵਰੀ ਸੀ। ਗਰੇ ਗੋਰੀਅਨ ਕੈਲੰਡਰ ਵਿੱਚ ਇਹ ਦਿਨ 8 ਮਾਰਚ ਸੀ। ਇਸ ਮਗਰੋਂ ਇਸ ਦਿਨ ਨੂੰ ਕੌਮਾਂਤਰੀ ਔਰਤ ਦਿਹਾੜਾ ਵਜੋਂ ਮਨਾਇਆ ਜਾਣ ਲੱਗਾ। ਕਈ ਦੇਸ਼ਾਂ ਵਿੱਚ ਇਸ ਦਿਨ ਕੌਮਾਂਤਰੀ ਛੁੱਟੀ ਐਲਾਨ ਕੀਤੀ ਜਾਂਦੀ ਹੈ।

Leave a Reply

Your email address will not be published. Required fields are marked *