India International Punjab

ਪਾਕਿਸਤਾਨ ਜਾਣ ਲਈ ਉੜੀਸਾ ਤੋਂ ਖਿੱਚ ਲਿਆਇਆ ਸੋਸ਼ਲ ਮੀਡੀਆ ਦਾ ਪਿਆਰ, ਪੜ੍ਹੋ ਪਿਆਰ ਦੀ ਕਹਾਣੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਫਿਲਮਾਂ ਵਿੱਚ ਪਾਕਿਸਤਾਨ ਤੇ ਭਾਰਤ ਦੇ ਪ੍ਰੇਮੀ ਜੋੜਿਆਂ ਦੀਆਂ ਮਿਲਣ ਦੀਆਂ ਕੋਸ਼ਿਸ਼ਾਂ ‘ਤੇ ਬਣੀਆਂ ਫਿਲਮਾਂ ਤਾਂ ਜ਼ਰੂਰ ਦੇਖੀਆਂ ਹੋਣਗੀਆਂ ਪਰ ਸੋਸ਼ਲ ਮੀਡੀਆ ‘ਤੇ ਹੋਏ ਇੱਕ ਇਹੋ ਜਿਹੇ ਪਿਆਰ ਨੂੰ ਪ੍ਰਵਾਨ ਚੜ੍ਹਾਉਣ ਲਈ ਉੜੀਸਾ ਦੀ ਇਕ ਵਿਆਹੁਤਾ ਆਪਣਾ ਘਰ ਬਾਰ ਛੱਡ ਕੇ ਲੰਬਾ ਪੈਂਡਾ ਤੈਅ ਕਰਕੇ ਆ ਗਈ। ਪਰ ਉਸਦੀਆਂ ਇਨ੍ਹਾਂ ਕੋਸ਼ਿਸ਼ਾਂ ਨੂੰ ਬੂਰ ਨਹੀਂ ਪਿਆ ਤੇ ਉਹ ਅੱਧਵਾਟੇ ਹੀ ਪੁਲਿਸ ਦੇ ਹੱਥੇ ਚੜ੍ਹ ਗਈ।

ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਆਪਣੇ ਪਾਕਿਸਤਾਨ ‘ਚ ਰਹਿੰਦੇ ਪ੍ਰੇਮੀ ਕੋਲ ਜਾਣ ਦੀ ਲਈ ਘਰੋਂ ਨਿਕਲੀ ਇਸ ਵਿਆਹੁਤਾ ਨੂੰ ਪੁਲੀਸ ਨੇ ਡੇਰਾ ਬਾਬਾ ਨਾਨਕ ਕੋਲ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਇਸ ਔਰਤ ਦੀ ਇੱਕ ਪੰਜ ਸਾਲਾਂ ਦੀ ਬੱਚੀ ਵੀ ਹੈ ਤੇ ਉਹ ਘਰੋਂ 25 ਤੋਲੇ ਸੋਨਾ ਤੇ 60 ਗ੍ਰਾਮ ਚਾਂਦੀ ਦੇ ਗਹਿਣੇ ਵੀ ਨਾਲ ਲੈ ਕੇ ਆਈ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਡੇਰਾ ਬਾਬਾ ਨਾਨਕ ਦੇ ਡੀਐੱਸਪੀ ਕੰਵਲਪ੍ਰੀਤ ਸਿੰਘ ਨੇ ਦੱਸਿਆ ਕਿ ਡੇਰਾ ਬਾਬਾ ਨਾਨਕ ’ਚ ਸੂਚਨਾ ਮਿਲੀ ਸੀ ਕੀ ਹਿਮਾਦਰੀ ਤਾਨੀਆ ਤ੍ਰਿਪਾਠੀ ਪਤਨੀ ਰਜਨੀ ਕਾਂਤਾ ਤ੍ਰਿਪਾਠੀ ਪਿੰਡ ਮਾਝੀਕਲੀ (ਉੜੀਸਾ) ਸ਼ੱਕੀ ਹਾਲਾਤਾਂ ਵਿੱਚ ਘੁੰਮ ਰਹੀ ਹੈ। ਇਸ ਸੂਚਨਾ ‘ਤੇ ਕਾਰਵਾਈ ਕਰਦਿਆਂ ਪੁਲਿਸ ਇਸ ਔਰਤ ਨੂੰ ਮਹਿਲਾ ਪੁਲੀਸ ਦੀ ਮਦਦ ਨਾਲ ਥਾਣੇ ਲੈ ਆਈ ਤੇ ਪੁੱਛ-ਪੜਤਾਲ ਕੀਤੀ।

ਸੋਸ਼ਲ ਮੀਡੀਆ ‘ਤੇ ਹੋਈ ਸੀ ਮੁਹੱਬਤ

ਇਸ ਔਰਤ ਨੇ ਦੱਸਿਆ ਕਿ ਉਹ ਆਪਣੇ ਪਾਕਿਸਤਾਨ ਵਿੱਚ ਰਹਿਣ ਵਾਲੇ ਪ੍ਰੇਮੀ ਦੇ ਬੁਲਾਉਣ ’ਤੇ ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਜਾਣ ਲਈ ਘਰੋਂ ਭੱਜ ਕੇ ਆਈ ਹੈ। ਉਸ ਨੇ ਦੱਸਿਆ ਕਿ ਕਰੀਬ ਦੋ ਸਾਲ ਪਹਿਲਾਂ ਉਸ ਦੀ ਇਸਲਾਮਾਬਾਦ ਦੇ ਰਹਿਣ ਵਾਲੇ ਲੜਕੇ ਮੁਹੰਮਦ ਵੱਕਾਰ ਨਾਲ ਸੋਸ਼ਲ ਮੀਡੀਆ ਰਾਹੀਂ ਦੋਸਤੀ ਹੋਈ ਸੀ। ਪੁਲਿਸ ਅਨੁਸਾਰ ਹਿਮਾਦਰੀ ਨੂੰ ਮੁਹੰਮਦ ਵੱਕਾਰ ਨੇ ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਆਉਣ ਲਈ ਕਿਹਾ, ਜਿਸ ’ਤੇ ਸਹਿਮਤ ਹੋਣ ਮਗਰੋਂ ਉਹ ਹਵਾਈ ਜਹਾਜ਼ ਰਾਹੀਂ ਉੜੀਸਾ ਤੋਂ ਦਿੱਲੀ ਅਤੇ ਦਿੱਲੀ ਤੋਂ ਬੱਸ ਰਾਹੀਂ ਅੰਮ੍ਰਿਤਸਰ ਆ ਗਈ ਅਤੇ 5 ਅਪ੍ਰੈਲ ਨੂੰ ਅੰਮ੍ਰਿਤਸਰ ਦਰਬਾਰ ਸਾਹਿਬ ਰਾਤ ਰੁਕਣ ਮਗਰੋਂ ਅਗਲੀ ਸਵੇਰ ਬੱਸ ਰਾਹੀਂ ਡੇਰਾ ਬਾਬਾ ਨਾਨਕ ਪਹੁੰਚ ਗਈ।

ਸਹੁਰਾ ਪਰਿਵਾਰ ਤੋਂ ਰਹਿ ਰਹੀ ਹੈ ਵੱਖ ਡੀਐੱਸਪੀ ਕੰਵਲਪ੍ਰੀਤ ਸਿੰਘ ਨੇ ਦੱਸਿਆ ਕਿ ਡੇਰਾ ਬਾਬਾ ਨਾਨਕ ਆ ਕੇ ਹਿਮਾਦਰੀ ਪਾਕਿਸਤਾਨ ਜਾਣ ਲਈ ਰਿਕਸ਼ੇ ਰਾਹੀਂ ਕਰਤਾਰਪੁਰ ਲਾਂਘੇ ’ਤੇ ਆਈ ਪਰ ਇੱਥੇ ਬੀਐੱਸਐੱਫ ਦੇ ਜਵਾਨਾਂ ਨੇ ਉਸ ਨੂੰ ਵਾਪਸ ਭੇਜ ਦਿੱਤਾ। ਇਸ ਔਰਤ ਦੇ ਘਰ ਵੀ ਸੰਪਰਕ ਕੀਤਾ ਗਿਆ ਹੈ। ਇਹ ਔਰਤ ਦੋ ਮਹੀਨੇ ਪਹਿਲਾਂ ਆਪਣਾ ਸਹੁਰਾ ਘਰ ਛੱਡ ਕੇ ਪੇਕੇ ਘਰ ਆ ਕੇ ਰਹਿ ਰਹੀ ਸੀ ਅਤੇ ਉਸ ਦੇ ਪੇਕਾ ਪਰਿਵਾਰ ਨੇ ਵੀ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਵਾਈ ਹੋਈ ਹੈ। ਡੇਰਾ ਬਾਬਾ ਨਾਨਕ ਪੁਲੀਸ ਨੇ ਇਸ ਔਰਤ ਦੇ ਪਤੀ ਤੇ ਪਿਤਾ ਨੂੰ ਥਾਣੇ ਬੁਲਾ ਕੇ ਇਸਨੂੰ ਉਨ੍ਹਾਂ ਦੇ ਸਪੁਰਦ ਕਰ ਦਿੱਤਾ ਹੈ।