India

ਮੁਨੱਵਰ ਫਾਰੂਕੀ ਨੇ ਛੱਡੀ ਕਾਮੇਡੀ! ਹਿੰਦੂ ਦੇਵੀ-ਦੇਵਤਿਆਂ ’ਤੇ ਟਿੱਪਣੀ ਕਰਨ ਲਈ ਕੀਤਾ ਸੀ ਗ੍ਰਿਫ਼ਤਾਰ

’ਦ ਖ਼ਾਲਸ ਬਿਊਰੋ: ਸਟੈਂਡਅਪ ਕਾਮੇਡੀਅਨ ਮੁਨੱਵਰ ਫਾਰੂਕੀ ਭਾਵੇਂ ਜੇਲ੍ਹ ਤੋਂ ਰਿਹਾ ਹੋ ਗਿਆ ਹੈ, ਪਰ ਉਸ ਨੂੰ ਹਾਲੇ ਵੀ ਕੁਝ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਜੇਲ੍ਹ ਤੋਂ ਰਿਹਾਅ ਹੋਣ ਮਗਰੋਂ ਹਾਲ ਹੀ ਵਿੱਚ ਆਪਣੀ ਮੁਸਕੁਰਾਉਂਦੇ ਹੋਏ ਦੀ ਇੱਕ ਤਸਵੀਰ ਸਾਂਝੀ ਕੀਤੀ ਸੀ, ਪਰ ਕੁਝ ਹਸਤੀਆਂ ਨੇ ਉਸ ਦੀ ਤਸਵੀਰ ’ਤੇ ਵੀ ਸਖ਼ਤ ਟਿੱਪਣੀਆਂ ਕੀਤੀਆਂ। ਹੁਣ ਫਾਰੂਕੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਐਲਾਨ ਕੀਤਾ ਹੈ ਕਿ ਉਹ ਕਾਮੇਡੀ ਛੱਡ ਰਿਹਾ ਹੈ। ਹਾਲਾਂਕਿ ਇਹ ਨਹੀਂ ਕਿਹਾ ਜਾ ਸਕਦਾ ਕਿ ਸੋਸ਼ਲ ਮੀਡੀਆ ’ਤੇ ਉਸ ਵੱਲੋਂ ਕੀਤਾ ਜਾ ਰਿਹਾ ਇਹ ਦਾਅਵਾ ਸਹੀ ਹੈ ਜਾਂ ਨਹੀਂ।

ਦਰਅਸਲ ਬੀਤੀ ਕੱਲ੍ਹ ਰਾਤ 10 ਵਜੇ ਦੇ ਕਰੀਬ ਫਾਰੂਕੀ ਨੇ ਆਪਣੇ ਟਵਿੱਟਰ ਹੈਂਡਲ ਤੋਂ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿੱਚ ਲਿਖਿਆ ਹੈ, ‘ਮੁਨੱਵਰ ਫਾਰੂਕੀ ਲੀਵਿੰਗ ਕਾਮੇਡੀ’, ਯਾਨੀ ਮੁਨੱਵਰ ਫਾਰੂਕੀ ਕਾਮੇਡੀ ਛੱਡ ਰਿਹਾ ਹੈ। ਇਸ ਤਸਵੀਰ ਵਿੱਚ ਉਸ ਨੇ ਲਿਖਿਆ ਹੈ, ‘ਕੱਲ੍ਹ ਰਾਤ 10 ਵਜੇ ਯੂਟਿਊਬ ’ਤੇ’, ਯਾਨੀ ਅੱਜ ਰਾਤ 10 ਵਜੇ ਉਹ ਆਪਣੇ ਯੂਟਿਊਬ ਚੈਨਲ ਤੋਂ ਕੋਈ ਐਲਾਨ ਕਰੇਗਾ। ਇਸ ਪੋਸਟ ਦੇ ਨਾਲ ਫਾਰੂਕੀ ਨੇ ਆਪਣੇ ਯੂਟਿਊਬ ਚੈਨਲ ਦਾ ਲਿੰਕ ਵੀ ਸਾਂਝਾ ਕੀਤਾ ਹੈ।

ਫਾਰੂਕੀ ਦੀ ਇਸ ਪੋਸਟ ’ਤੇ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਉਸ ਦੇ ਬਹੁਤ ਸਾਰੇ ਪ੍ਰਸ਼ੰਸਕ ਉਸ ਨੂੰ ਅਜਿਹਾ ਨਾ ਕਰਨ ਲਈ ਕਹਿ ਰਹੇ ਹਨ। ਕੁਝ ਲੋਕਾਂ ਦਾ ਕਹਿਣਾ ਹੈ ਕਿ ਉਹ ਇੱਕ ਕਾਮੇਡੀਅਨ ਹੈ, ਇਸ ਲਈ ਸ਼ਾਇਦ ਮਜ਼ਾਕ ਕਰ ਰਿਹਾ ਹੋਵੇ। ਪਰ ਕੁਝ ਲੋਕ ਉਸ ਦੀ ਇਸ ਪੋਸਟ ਨੂੰ ਗੰਭੀਰਤਾ ਨਾਲ ਲੈ ਰਹੇ ਹਨ, ਕਿ ਸ਼ਾਇਦ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਉਸ ਨਾਲ ਕੀਤੇ ਵਤੀਰੇ ਤੋਂ ਬਾਅਦ ਉਸ ਨੇ ਇਹ ਕਦਮ ਚੁੱਕਣ ਦਾ ਮਨ ਬਣਾ ਲਿਆ ਹੋਵੇ, ਅਤੇ ਕੁਝ ਲੋਕ ਇਸ ’ਤੇ ਖ਼ੁਸ਼ੀ ਵਿਅਕਤ ਕਰ ਰਹੇ ਹਨ। ਫਿਲਹਾਲ ਸਭ ਦੀਆਂ ਨਜ਼ਰਾਂ ਅੱਜ ਰਾਤ 10 ਵਜੇ ਫਾਰੂਕੀ ਦੇ ਯੂਟਿਊਬ ਚੈਨਲ ਉੱਤੇ ਟਿਕੀਆਂ ਹਨ। 

ਦੱਸ ਦੇਈਏ ਮੁਨੱਵਰ ਫਾਰੂਕੀ ਨੇ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਆਪਣਾ ਪਹਿਲਾ ਇੰਸਟਾਗ੍ਰਾਮ ਪੋਸਟ ਕੀਤਾ, ਜਿਸ ਵਿੱਚ ਉਸ ਨੇ ਲਿਖਿਆ ਸੀ, ‘ਮੇਰੇ ਅੰਦਰ ਦੇ ਹਨੇਰੇ ਨੂੰ ਸ਼ਿਕਾਇਤ ਕਰਨ ਦਿਓ, ਮੈਂ ਲੱਖਾਂ ਚਿਹਰਿਆਂ ਨੂੰ ਹਸਾ ਕੇ ਰੌਸ਼ਨ ਕੀਤਾ ਹੈ।’ ਫਾਰੂਕੀ ਨੇ ਉਸ ਨੂੰ ਪਿਆਰ ਅਤੇ ਸਮਰਥਨ ਦੇਣ ਵਾਲਿਆਂ ਦਾ ਵੀ ਧੰਨਵਾਦ ਕੀਤਾ। 35 ਦਿਨਾਂ ਬਾਅਦ ਜੇਲ੍ਹ ਤੋਂ ਰਿਹਾਅ ਹੋਣ ਮਗਰੋਂ ਇਹ ਉਸਦੀ ਪਹਿਲੀ ਪੋਸਟ ਸੀ, ਜਿਸ ਵਿੱਚ ਉਹ ਮੁਸਕੁਰਾਉਂਦੇ ਹੋਇਆ ਦਿਖਾਈ ਦੇ ਰਿਹਾ ਹੈ।

ਮੁਨੱਵਰ ਦੀ ਇਸ ਤਸਵੀਰ ਉੱਤੇ ਜ਼ੀਨਿਊਜ਼ ਦੇ ਐਂਕਰ ਅਮਨ ਚੋਪੜਾ ਦੀ ਟਿੱਪਣੀ ਕਾਫ਼ੀ ਚਰਚਾ ਦਾ ਵਿਸ਼ਾ ਬਣੀ, ਜਿਸ ਵਿੱਚ ਐਂਕਰ ਨੇ ਲਿਖਿਆ ਸੀ, ‘ਮੈਂ ਅੱਜ ਤੱਕ ਕਿਸੇ ਦੀ ਤਸਵੀਰ ਇਸ ਤਰਾਂ ਪੋਸਟ ਨਹੀਂ ਕੀਤੀ ਪਰ ਮੁਆਫੀ, ਅੱਜ ਨਹੀਂ ਰੋਕ ਸਕਿਆ। ਇਹ ਹਾਸਾ ਜਿੱਦਾਂ ਮੂੰਹ ਚਿੜਾ ਰਿਹਾ ਹੈ। ਇਸ ਤਸਵੀਰ ਨੂੰ ਵੇਖ ਕੇ ਅਚਾਨਕ ਤੋਂ ਖ਼ੂਨ ਖੌਲ ਉੱਠਿਆ। ਪ੍ਰਭੂ ਰਾਮ ਅਤੇ ਮਾਤਾ ਸੀਤਾ ਦਾ ਮਜ਼ਾਕ ਅਤੇ ਗਾਲ੍ਹ ਦੇ ਕੇ ਅਫ਼ਸੋਸ ਤਾਂ ਛੱਡੋ ਜੇਲ੍ਹ ਤੋਂ ਨਿਕਲਦਿਆਂ ਹੀ ਇਹ ਤੁਹਾਨੂੰ ਜਗ੍ਹਾ ਅਤੇ ਹੈਸੀਅਤ ਦਿਖਾਉਣ ਲਈ ਪਾਈ ਗਈ ਹੈ।’

29 ਸਾਲਾ ਸਟੈਂਡਅੱਪ ਕਾਮੇਡੀਅਨ ਫਾਰੂਕੀ ਨੂੰ ਐਤਵਾਰ ਮੱਧ ਪ੍ਰਦੇਸ਼ ਦੀ ਇੰਦੌਰ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਸੀ। ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਉਸ ਨੂੰ ਜ਼ਮਾਨਤ ਦਿੱਤੀ ਸੀ। ਹਾਲਾਂਕਿ ਸੁਪਰੀਮ ਕੋਰਟ ਦੇ ਹੁਕਮ ਦੇ ਬਾਵਜੂਦ ਉਸ ਨੂੰ ਰਿਹਾਅ ਕਰਨ ਵਿੱਚ ਕਾਫ਼ੀ ਦੇਰ ਕੀਤੀ ਗਈ। 

ਯਾਦ ਰਹੇ ਫਾਰੂਕੀ ਨੂੰ ਪਹਿਲੀ ਜਨਵਰੀ ਨੂੰ ਬੀਜੇਪੀ ਦੇ ਇੱਕ ਵਿਧਾਇਕ ਦੇ ਪੁੱਤਰ ਦੀ ਸ਼ਿਕਾਇਤ ‘ਤੇ ਇੰਦੌਰ ਵਿੱਚ ਇੱਕ ਪ੍ਰੋਗਰਾਮ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਦੇ ਨਾਲ ਚਾਰ ਹੋਰ ਮੁੰਡਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਨ੍ਹਾਂ ਵਿੱਚੋਂ ਕੁਝ ਹਾਲੇ ਤਕ ਜੇਲ੍ਹ ਵਿੱਚ ਬੰਦ ਹਨ। ਫਾਰੂਕੀ ’ਤੇ ਸ਼ੋਅ ਦੌਰਾਨ ਹਿੰਦੂ ਭਗਵਾਨ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਬਾਰੇ ਅਪਮਾਨਜਨਕ ਅਤੇ ਅਸ਼ਲੀਲ ਚੁਟਕਲੇ ਸੁਣਾਉਣ ਦਾ ਦੋਸ਼ ਲਾਇਆ ਗਿਆ ਸੀ। ਗ੍ਰਿਫ਼ਤਾਰੀ ਤੋਂ ਬਾਅਦ ਉਹ 35 ਦਿਨ ਜੇਲ੍ਹ ਵਿੱਚ ਰਿਹਾ। ਐਤਵਾਰ ਨੂੰ ਉਹ ਘਰ ਪਰਤਿਆ।