India

ਪੜ੍ਹਾਈ ਹੋਈ ਨਹੀਂ ਤਾਂ ਫੀਸਾਂ ਕਿੱਥੋਂ ਦੇਈਏ, ਵਿਦਿਆਰਥੀਆਂ ਤੇ ਪੁਲਿਸ ‘ਚ ਹੋਈ ਹੱਥੋਪਾਈ

‘ਦ ਖ਼ਾਲਸ ਬਿਊਰੋ:-  ਪੰਜਾਬ ਯੂਨੀਵਰਸਿਟੀ ਵਿੱਚ ਕੱਲ੍ਹ ਯੂਨੀਵਰਸਿਟੀ ਦੀ ਵਿਦਿਆਰਥੀ ਕਾਉਂਸਿਲ ਵੱਲੋਂ ਪੀ.ਐੱਸ.ਯੂ. (ਲਲਕਾਰ), ਆਈਸਾ, ਅੰਬੇਡਕਰ ਸਟੂਡੈਂਟਸ ਐਸੋਸੀਏਸ਼ਨ, ਇਨਸੋ, ਪੂਸੂ, ਐੱਸ.ਐੱਫ.ਐੱਸ., ਸੋਪੂ, ਸੋਈ, ਐੱਨ.ਐੱਸ.ਯੂ.ਆਈ., ਯੂਥ ਫਾਰ ਸਵਰਾਜ ਵਿਦਿਆਰਥੀ ਜਥੇਬੰਦੀਆਂ ਦੇ ਨਾਲ ਸਾਂਝੇ ਤੌਰ ’ਤੇ ਸਮੈਸਟਰ ਫੀਸਾਂ ਮੁਆਫ਼ ਕਰਵਾਉਣ ਦੇ ਮਾਮਲੇ ਨੂੰ ਲੈ ਕੇ ਯੂਨੀਵਰਸਿਟੀ ਦੇ ਪ੍ਰਬੰਧਕੀ ਬਲਾਕ ਦੇ ਬਾਹਰ ਜ਼ਬਰਦਸਤ ਪ੍ਰਦਰਸ਼ਨ ਕੀਤਾ ਗਿਆ।

ਵਿਦਿਆਰਥੀਆਂ ਦੇ ਵੱਧ ਰਹੇ ਰੋਸ ਨੂੰ ਦੇਖ ਕੇ ਅਥਾਰਟੀ ਵੱਲੋਂ ਮੌਕੇ ’ਤੇ ਪੁਲਿਸ ਬੁਲਾ ਲਈ ਗਈ ਜਿਸ ਦੌਰਾਨ ਵਿਦਿਆਰਥੀਆਂ ਦੀਆਂ ਪੁਲਿਸ ਅਤੇ ਪੀ.ਯੂ. ਦੀ ਸਕਿਊਰਿਟੀ ਨਾਲ ਝੜਪਾਂ ਵੀ ਹੋਈਆਂ। ਇਨ੍ਹਾਂ ਝੜਪਾਂ ਵਿੱਚ ਇੱਕ ਮਹਿਲਾ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਈ ਜਿਸ ਨੂੰ ਹਸਪਤਾਲ ਲਿਜਾਇਆ ਗਿਆ।

ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੇ ਕਿਹਾ ਕਿ ਪੀਯੂ ਅਥਾਰਟੀ ਵੱਲੋਂ ਵਿਦਿਆਰਥੀਆਂ ਕੋਲੋਂ ਸਮੈਸਟਰ ਫੀਸਾਂ ਲੈਣ ਸਬੰਧੀ ਨੋਟਿਸ ਜਾਰੀ ਕੀਤੇ ਗਏ ਹਨ ਜਦਕਿ ਕੋਰੋਨਾ ਦੌਰ ਵਿੱਚ ਨਾ ਤਾਂ ਪੜ੍ਹਾਈ ਹੋਈ ਹੈ ਅਤੇ ਕੰਮ ਬੰਦ ਹੋਣ ਕਾਰਨ ਮਾਪਿਆਂ ਕੋਲ ਫੀਸਾਂ ਲਈ ਪੈਸੇ ਵੀ ਨਹੀਂ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਅਥਾਰਟੀ ਵੱਲੋਂ ਫੀਸਾਂ ਮੁਆਫ਼ ਨਹੀਂ ਕਰ ਦਿੱਤੀਆਂ ਜਾਂਦੀਆਂ, ਉਦੋਂ ਤੱਕ ਉਹ ਸੰਘਰਸ਼ ਕਰਦੇ ਰਹਿਣਗੇ।

ਵਿਦਿਆਰਥੀ ਆਗੂਆਂ ਨੇ ਦੱਸਿਆ ਕਿ ਪੀ.ਯੂ. ਅਥਾਰਟੀ ਵੱਲੋਂ ਉਨ੍ਹਾਂ ਨੂੰ ਅੱਜ ਸਿੰਡੀਕੇਟ ਵੱਲੋਂ ਬਣਾਈ ਗਈ ਫੀਸ ਕਮੇਟੀ ਦੀ ਮੀਟਿੰਗ ਵਿੱਚ ਇਹ ਮੁੱਦਾ ਵਿਚਾਰਨ ਦਾ ਭਰੋਸਾ ਦਿੱਤਾ ਗਿਆ ਹੈ ਜਿਸ ਦੌਰਾਨ ਅੱਜ ਦਾ ਧਰਨਾ ਖ਼ਤਮ ਕਰ ਦਿੱਤਾ ਗਿਆ ਹੈ।