Punjab

ਜੋ ਅੰਗਰੇਜ਼ਾਂ ਨੇ ਕੀਤਾ, ਉਹੀ ਹੁਣ ਸਰਕਾਰ ਕਰ ਰਹੀ ਹੈ – ਜਥੇਦਾਰ ਹਰਪ੍ਰੀਤ ਸਿੰਘ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੱਲ੍ਹ ਕਿਸਾਨੀ ਅੰਦੋਲਨ ਵਿੱਚ ਖੁਦਕੁਸ਼ੀ ਕਰਨ ਵਾਲੇ ਬਾਬਾ ਰਾਮ ਸਿੰਘ ਸਿੰਘੜੀ ਵਾਲਿਆਂ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਘਟਨਾ ਤੋਂ ਸਬਕ ਸਿੱਖਣਾ ਚਾਹੀਦਾ ਹੈ। ਹਾਲਾਤ ਨਾਜ਼ਕ ਹੁੰਦੇ ਜਾ ਰਹੇ ਹਨ। ਇਸ ਲਈ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਵੱਲ ਗੌਰ ਕਰੇ।

ਉਨ੍ਹਾਂ ਨੇ ਕਿਸਾਨਾਂ ਨੂੰ ਸੰਜਮ, ਹੌਂਸਲਾ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ਬੈਠੇ ਕਿਸਾਨ ਬੜੀ ਸੂਝ, ਸੰਜਮ ਅਤੇ ਸਿਆਣਪ ਤੋਂ ਕੰਮ ਲੈ ਰਹੇ ਹਨ। ਭਾਰਤ ਸਰਕਾਰ ਬੜਾ ਜ਼ਿੱਦੀ ਰਵੱਈਆ ਧਾਰਨ ਕਰਕੇ ਬੈਠੀ ਹੈ ਅਤੇ ਸਰਕਾਰਾਂ ਦਾ ਜ਼ਿੱਦੀ ਰਵੱਈਆ ਕਦੇ ਵੀ ਲੋਕਾਂ ਦੇ ਹਿੱਤਾਂ ਲਈ ਨਹੀਂ ਹੁੰਦਾ।

ਜੇਕਰ ਭਵਿੱਖ ਵਿੱਚ ਕੋਈ ਵੀ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਉਸਦੀ ਜ਼ਿੰਮੇਵਾਰ ਭਾਰਤ ਸਰਕਾਰ ਹੋਵੇਗੀ। ਕਿਸਾਨ ਸਰਦ ਰਾਤਾਂ ਵਿੱਚ ਦਿੱਲੀ ਦੀਆਂ ਸੜਕਾਂ ‘ਤੇ ਬੈਠਣ ਨੂੰ ਮਜ਼ਬੂਰ ਹੋਇਆ ਪਿਆ ਹੈ। ਜੋ ਅੰਗਰੇਜ਼ਾਂ ਨੇ ਕੀਤਾ, ਉਹੀ ਹੁਣ ਸਰਕਾਰ ਕਰ ਰਹੀ ਹੈ।