India Punjab

ਕੋਰੋਨਾ ਬੈਠਕ:- ਮੁੱਖ ਮੰਤਰੀ ਕੈਪਟਨ ਨੇ PM ਮੋਦੀ ਤੋਂ ਪੰਜਾਬੀਆਂ ਲਈ ਕੀ ਮੰਗਿਆ

‘ਦ ਖ਼ਾਲਸ ਬਿਊਰੋ:- ਭਾਰਤ ਵਿੱਚ ਵੱਧ ਰਹੇ ਕੋਰੋਨਾਵਾਇਰਸ ਦੇ ਕੇਸਾਂ ਨੂੰ ਲੈ ਕੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸ ਰਾਹੀ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਕੀਤੀ, ਜਿਸ ਵਿੱਚ ਆਂਧਰਾ ਪ੍ਰਦੇਸ਼, ਕਰਨਾਟਕ, ਤਾਮਿਲਨਾਡੂ, ਪੱਛਮੀ ਬੰਗਾਲ, ਮਹਾਰਾਸ਼ਟਰ, ਬਿਹਾਰ, ਗੁਜਰਾਤ ਅਤੇ ਤਿਲੰਗਾਨਾ, ਇਨ੍ਹਾਂ ਸਾਰੇ ਸੂਬਿਆਂ ਦੇ ਮੁੱਖ ਮੰਤਰੀ ਸ਼ਾਮਿਲ ਸਨ। ਮੀਟਿੰਗ ‘ਚ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਪੰਜਾਬ ਦੇ ਹਾਲਤਾਂ ਤੋਂ ਜਾਣੂ ਕਰਵਾਉਦਿਆਂ ਪੰਜਾਬ ਦੀ ਮਦਦ ਲਈ ਜਿਆਦਾ ਤੋਂ ਜਿਆਦਾ ਵਿੱਤੀ ਪੈਕਜ ਦੀ ਮੰਗ ਕੀਤੀ ਹੈ ਤਾਂ ਜੋ ਕਿਸੇ ਵੀ ਸਥਿਤੀ ‘ਚ ਕੋਰੋਨਾ ਨਾਲ ਨਜਿੱਠਿਆ ਜਾ ਸਕੇ, ਇਸ ਦੇ ਨਾਲ ਹੀ ਉਨ੍ਹਾਂ ਹੁਣ ਪੰਜਾਬ ਦੇ 50% ਨੁਕਸਾਨ ਹੋਣ ਬਾਰੇ ਵੀ ਦੱਸਿਆ ਹੈ।

 

ਇਸ ਤੋਂ ਇਲਾਵਾ ਸੂਬੇ ਨੂੰ 35%  ਡਿਜ਼ਾਸਟਰ ਫੰਡ ਦੀ ਮਿਲੀ ਇਜਾਜ਼ਤ ਨੂੰ ਹਟਾ ਕੇ ਇਸ ਨੂੰ ਵਧਾਉਣ ਦੀ ਮੰਗ ਕੀਤੀ ਹੈ। ਡਿਜ਼ਾਸਟਰ ਫੰਡ ਉਸ ਸਮੇਂ ਵਰਤੇ ਜਾਂਦੇ ਹਨ,  ਜਦੋਂ ਅਚਾਨਕ ਕਿਸੇ ਵੀ ਤਰ੍ਹਾਂ ਦੀਆਂ ਕੁਦਰਤੀ ਆਫਤਾਂ ਆਉਦੀਆਂ ਹਨ।

 

ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰੀ ਇੰਸਟੀਚਿਊਟ ਚੰਡੀਗੜ੍ਹ ਅਤੇ ਪੰਜਾਬ ਵਿੱਚ ਕੋਰੋਨਾ ਟੈਸਟਿੰਗ ਦੀ ਮਾਤਰਾ ਵਧਾਏ ਜਾਣ ਅਤੇ ਬਠਿੰਡਾ ਦੇ ਏਮਜ਼ ਹਸਪਤਾਲ ਵਿੱਚ ਟੈਸਟਿੰਗ ਕਰਨ ਦੇ ਨਾਲ-ਨਾਲ ਇਲਾਜ ਸ਼ੁਰੂ ਕੀਤੇ ਜਾਣ ਦੀ ਮੰਗ ਕੀਤੀ ਹੈ ਕਿਉਂਕਿ ਬਠਿੰਡਾ ਵਿੱਚ ਬਣਿਆ ਹਸਪਤਾਲ ਕਾਫੀ ਵੱਡਾ ਹੈ।

 

ਇਸ ਤੋਂ ਇਲਾਵਾ ਸੰਗਰੂਰ ‘ਚ ਬਣਾਏ PGI ਸੈਂਟਰ ਸੈਟੇਲਾਈਟ ਵਿੱਚ ਵੀ ਟੈਸਟਿੰਗ ਵਧਾਉਣ ਦੀ ਮੰਗ ਕੀਤੀ ਗਈ ਹੈ। ਪਲਾਜ਼ਮਾ ਬੈਂਕਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਨੂੰ ਜਾਣਕਾਰੀ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਟਿਆਲਾ ਅਤੇ ਅੰਮ੍ਰਿਤਸਰ ਵਿੱਚ ਤਾਂ ਪਲਾਜ਼ਮਾ ਬੈਂਕ ਸਥਾਪਿਤ ਕੀਤੇ ਜਾ ਚੁੱਕੇ ਹਨ, ਹੁਣ ਤੀਸਰਾ ਪਲਾਜ਼ਮਾ ਬੈਂਕ ਜਲਦ ਹੀ ਫਰੀਦਕੋਟ ਮੈਡੀਕਲ ਕਾਲਜ ਵਿੱਚ ਵੀ ਸਥਾਪਿਤ ਕੀਤਾ ਜਾਵੇਗਾ।

ਫਿਲਹਾਲ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਮੰਗਾਂ ਸੁਣੀਆਂ ਜਰੂਰ ਗਈਆਂ ਪਰ ਪ੍ਰਧਾਨ ਮੰਤਰੀ ਕਿਸੇ ਤਰ੍ਹਾਂ ਦਾ ਕੋਈ ਐਲਾਨ ਨਹੀਂ ਕੀਤਾ ਗਿਆ।