India

ਪੱਛਮੀ ਬੰਗਾਲ ਦੇ ਰਾਜਪਾਲ ਵੱਲੋਂ DSGPC ਦੇ ਵਫ਼ਦ ਨੂੰ ਦਸਤਾਰ ਮਾਮਲੇ ‘ਤੇ ਸਖ਼ਤ ਕਾਰਵਾਈ ਕਰਨ ਦਾ ਭਰੋਸਾ

‘ਦ ਖ਼ਾਲਸ ਬਿਊਰੋ :- ਪੱਛਮੀ ਬੰਗਾਲ ‘ਚ ਸਿੱਖ ਸੁਰੱਖਿਆ ਗਾਰਡ ਦੀ ਕਥਿਤ ਧੂਹ-ਘੜੀਸ ਤੇ ਗ੍ਰਿਫ਼ਤਾਰੀ ਖ਼ਿਲਾਫ਼ ਕੱਲ੍ਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGPC) ਦੇ ਵਫ਼ਦ ਨੇ ਰਾਜਪਾਲ ਜਗਦੀਪ ਧਨਖੜ ਨਾਲ ਮੁਲਾਕਾਤ ਕੀਤੀ। ਵਫ਼ਦ ਨੇ ਸਿੱਖ ਵਿਅਕਤੀ ਦੀ ਰਿਹਾਈ ਤੇ ਦੋਸ਼ੀ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।

ਰਾਜਪਾਲ ਜਗਦੀਪ ਧਨਖੜ ਨੇ ਕਿਹਾ ਕਿ ਪੁਲੀਸ ਵਲੋਂ ਸਿੱਖ ਵਿਅਕਤੀ ਦੀ ਪੱਗ ਖਿੱਚਣਾ ‘ਬੇਅਦਬੀ’ ਦਾ ਮਾਮਲਾ ਹੈ। ਉਨ੍ਹਾਂ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਇਸ ਮਾਮਲੇ ਵਿੱਚ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਘਟਨਾ ਕਾਰਨ ‘ਡੂੰਘੀ ਠੇਸ’ ਪੁੱਜੀ ਹੈ। ਰਾਜਪਾਲ ਨੇ ਟਵਿੱਟਰ ’ਤੇ ਦੱਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਵਾਲੇ ਵਫ਼ਦ ਨੇ ਸਿੱਖ ਦਸਤਾਰ ਬੇਅਬਦੀ ਮਾਮਲੇ ਸਬੰਧੀ ਪੱਤਰ ਸੌਂਪਿਆ ਅਤੇ ਬਲਵਿੰਦਰ ਸਿੰਘ ਲਈ ਨਿਆਂ ਦੀ ਮੰਗ ਕੀਤੀ। ਧਨਖੜ ਨੇ ਕਿਹਾ ਕਿ ਪੁਲੀਸ ਬਲ ਦੀ ਦੁਰਵਰਤੋਂ ਕੀਤੀ ਗਈ ਹੈ।

ਪਹਿਲਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਫ਼ਦ ਕੱਲ੍ਹ ਕਰੀਬ 12.30 ਵਜੇ ਕੋਲਕਾਤਾ ਪੁੱਜਿਆ ਅਤੇ ਗ੍ਰਿਫ਼ਤਾਰ ਕੀਤੇ ਸਿੱਖ ਸੁਰੱਖਿਆ ਗਾਰਡ ਬਲਵਿੰਦਰ ਸਿੰਘ ਨੂੰ ਮਿਲਣ ਲਈ ਹਾਵੜਾ ਪੁਲੀਸ ਸਟੇਸ਼ਨ ਪੁੱਜਿਆ। ਇਸ ਮਗਰੋਂ ਵਫ਼ਦ ਨੇ ਰਾਜਪਾਲ ਨੂੰ ਰਾਜ ਭਵਨ ਵਿੱਚ ਪੱਤਰ ਸੌਂਪਿਆ।

ਕੈਪਟਨ ਵੱਲੋਂ ਮਮਤਾ ਨੂੰ ਕਾਰਵਾਈ ਦੀ ਅਪੀਲ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਖ ਵਿਅਕਤੀ ਨਾਲ ਕੀਤੇ ‘ਅਪਮਾਨਜਨਕ ਵਿਵਹਾਰ’ ’ਤੇ ਦੁੱਖ ਪ੍ਰਗਟਾਉਂਦਿਆਂ ਪੱਛਮੀ ਬੰਗਾਲ ਦੀ ਹਮਰੁਤਬਾ ਮਮਤਾ ਬੈਨਰਜੀ ਨੂੰ ਅਪੀਲ ਕੀਤੀ ਹੈ ਕਿ ਸਬੰਧਤ ਪੁਲੀਸ ਮੁਲਾਜ਼ਮ ਖ਼ਿਲਾਫ਼ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਊਣ ਦੇ ਦੋਸ਼ ਹੇਠ ਸਖ਼ਤ ਕਾਰਵਾਈ ਕੀਤੀ ਜਾਵੇ।