India International Punjab

ਕੀ ਹੁੰਦੀ ਹੈ ਲਾਲ-ਪੀਲੇ ਮੌਸਮ ਦੀ ਚੇਤਾਵਨੀ? ਇਹ ਖ਼ਬਰ ਪੜ੍ਹ ਕੇ ਕਰੋ ਗਿਆਨ ‘ਚ ਵਾਧਾ

‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):- ਮੌਸਮ ਵਿਭਾਗ ਮੌਸਮ ਵਿੱਚ ਹੋਣ ਵਾਲੇ ਹਰ ਤਰ੍ਹਾਂ ਦੇ ਬਦਲਾਅ ਤੇ ਆਉਣ ਵਾਲੀਆਂ ਕੁਦਰਤੀ ਆਫਤਾਂ ਲਈ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਈ ਤਰ੍ਹਾਂ ਦੀਆਂ ਚੇਤਾਵਨੀਆਂ ਜਾਰੀ ਕਰਦਾ ਹੈ। ਆਮ ਜਾਣਕਾਰੀ ਦੇਣ ਲਈ ਮੌਸਮ ਵਿਭਾਗ ਮੀਂਹ, ਹਨੇਰੀ, ਝੱਖਣ, ਤਾਪਮਾਨ ਦੇ ਹਾਲਾਤ ਲੋਕਾਂ ਤੱਕ ਪਹੁੰਚਦੇ ਕਰਦਾ ਹੈ ਤਾਂ ਕਿ ਲੋਕ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਾਲ ਨਜਿੱਠਣ ਲਈ ਤਿਆਰੀ ਕਰਕੇ ਰੱਖ ਸਕਣ। ਪਰ ਕੁੱਝ ਖ਼ਾਸ ਤਰ੍ਹਾਂ ਦੀਆਂ ਚੇਤਾਵਨੀਆਂ ਵੀ ਮੌਸਮ ਵਿਭਾਗ ਦਿੰਦਾ ਹੈ, ਜਿਨ੍ਹਾਂ ਨਾਲ ਲੋਕਾਂ ਨੂੰ ਅਲਰਟ ਕੀਤਾ ਜਾਂਦਾ ਹੈ।

ਮੌਸਮ ਵਿਭਾਗ ਦੀਆਂ ਭਵਿੱਖਬਾਣੀਆਂ

ਜਦੋਂ ਭਾਰੀ ਬਾਰਸ਼, ਹਵਾ ਜਾਂ ਬਰਫ ਪੈਣ ਦੀ ਸੰਭਾਵਨਾ ਹੁੰਦੀ ਹੈ ਤਾਂ ਮੌਸਮ ਵਿਭਾਗ ਵਿਸ਼ੇਸ਼ ਤੌਰ ‘ਤੇ ਚਿਤਾਵਨੀ ਦੇ ਨਾਲ-ਨਾਲ ਆਉਣ ਵਾਲੇ ਦਿਨਾਂ ਵਿੱਚ ਮੌਸਮ ਸੰਬੰਧੀ ਭਵਿੱਖਬਾਣੀ ਕਰਦਾ ਹੈ। ਉਹ ਲੋਕਾਂ ਨੂੰ ਦੇਖਭਾਲ ਰੱਖਣ ਦੀ ਸਲਾਹ ਦਿੰਦਾ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦੇ ਹਾਲਾਤ ਨਾਲ ਨਜਿੱਠਿਆ ਜਾ ਸਕੇ।

ਪਰ ਕਈ ਵਾਰ ਮੌਸਮ ਬਹੁਤ ਜ਼ਿਆਦਾ ਖਰਾਬ ਹੋਣ ਦੀ ਸੰਭਾਵਨਾ ਹੰਦੀ ਹੈ ਤਾਂ ਮੌਸਮ ਵਿਭਾਗ ਇਸਨੂੰ ਕਈ ਨਾਵਾਂ ਨਾਲ ਪਰਿਭਾਸ਼ਿਤ ਕਰਦਾ ਹੈ, ਜਿਵੇਂ ਕਿ ਲਾਲ, ਪੀਲੀ, ਅੰਬਰ ਚੇਤਾਵਨੀ। ਇਸ ਅਨੁਸਾਰ ਮੌਸਮ ਕਿੰਨਾ ਮਾੜਾ, ਸੰਭਾਵੀ ਤੇ ਖ਼ਤਰਨਾਕ ਹੋ ਸਕਦਾ ਹੈ, ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।

ਲਾਲ ਮੌਸਮ ਦੀ ਚੇਤਾਵਨੀ

ਇਸਦਾ ਅਰਥ ਹੁੰਦਾ ਹੈ ਕਿ ਇਸ ਮੌਸਮ ਨਾਲ ਇਮਾਰਤਾਂ ਅਤੇ ਸੜਕਾਂ ਨੂੰ ਨੁਕਸਾਨ ਦੀ ਸੰਭਾਵਨਾ ਬਣ ਸਕਦੀ ਹੈ। ਲੋਕਾਂ ਨੂੰ ਜਿੰਨਾ ਬਿਹਤਰ ਹੋਵੇ ਯਾਤਰਾ ਕਰਨ ਤੋਂ ਪਰਹੇਜ਼ ਕਰਨ ਦੀ ਅਪੀਲ ਕੀਤੀ ਜਾਂਦੀ ਹੈ। ਇਹ ਚੇਤਾਵਨੀ ਮਿਲਣ ਤੋਂ ਬਾਅਦ ਬੱਸਾਂ, ਰੇਲ ਗੱਡੀਆਂ ਅਤੇ ਹਵਾਈ ਉਡਾਣਾਂ ਪੂਰੀ ਤਰ੍ਹਾਂ ਨਾਲ ਰੱਦ ਜਾਂ ਦੇਰੀ ਨਾਲ ਚੱਲ ਸਕਦੀਆਂ ਹਨ। ਇਹ ਪਾਵਰ ਕੇਬਲ ‘ਤੇ ਵੱਧ ਅਸਰ ਪਾਉਂਦਾ ਹੈ, ਜਿਸ ਕਾਰਨ ਕਈ ਖੇਤਰਾਂ ਵਿੱਚ ਬਿਜਲੀ ਦੇ ਕੱਟ ਲੱਗਦੇ ਹਨ।

ਮੌਸਮ ਵਿਭਾਗ ਜਦੋਂ ਰੈੱਡ ਅਲਰਟ ਜਾਰੀ ਕਰਦਾ ਹੈ ਤਾਂ ਲੋਕਾਂ ਨੂੰ ਉਨ੍ਹਾਂ ਖੇਤਰਾਂ ਤੋਂ ਦੂਰ ਰਹਿਣ ਦੀ ਹਦਾਇਤ ਕੀਤੀ ਜਾਂਦੀ ਹੈ, ਜਿਨ੍ਹਾਂ ਵਿੱਚ ਖਤਰਾ ਵਧੇਰੇ ਹੁੰਦਾ ਹੈ। ਐਮਰਜੈਂਸੀ ਸੇਵਾਵਾਂ ਅਤੇ ਸਥਾਨਕ ਅਧਿਕਾਰੀਆਂ ਦੀ ਸਲਾਹ ਲੈਣ ਦੀ ਵੀ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ।

ਅੰਬਰ ਮੌਸਮ ਦੀ ਚੇਤਾਵਨੀ

ਅੰਬਰ ਅਲਰਟ, ਰੈੱਡ ਅਲਰਟ ਤੋਂ ਅਗਲੀ ਸਟੇਜ ਹੈ, ਪਰ ਇਸ ਵਿੱਚ ਸਥਿਤੀ ਇੰਨੀ ਗੰਭੀਰ ਨਹੀਂ ਹੁੰਦੀ। ਅੰਬਰ ਦਾ ਅਰਥ ਹੈ ਕਿ ਖਰਾਬ ਮੌਸਮ ਸੰਭਾਵਿਤ ਤੌਰ ‘ਤੇ ਲੋਕਾਂ ਖਾਸ ਕਰਕੇ ਯਾਤਰਾ ਵਿੱਚ ਦੇਰੀ, ਸੜਕ ਅਤੇ ਰੇਲਵੇ ਬੰਦ ਹੋਣ ਅਤੇ ਬਿਜਲੀ ਕੱਟਾਂ ਆਦਿ ਨੂੰ ਪ੍ਰਭਾਵਿਤ ਕਰੇਗਾ। ਮੌਸਮ ਵਿਭਾਗ ਲੋਕਾਂ ਨੂੰ ਆਪਣੀਆਂ ਯੋਜਨਾਵਾਂ ਨੂੰ ਬਦਲਣ ਲਈ ਤਿਆਰ ਰਹਿਣ ਦੀ ਅਪੀਲ ਕਰਦਾ ਹੈ ਤਾਂ ਜੋ ਪਹਿਲਾਂ ਤੋਂ ਹੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।

ਪੀਲੇ ਮੌਸਮ ਦੀ ਚੇਤਾਵਨੀ

ਇੱਹ ਪੀਲੇ ਰੰਗ ਦੀ ਚੇਤਾਵਨੀ ਅੰਬਰ ਚੇਤਾਵਨੀ ਤੋਂ ਹੇਠਾਂ ਹੈ। ਇਸਦਾ ਅਰਥ ਹੈ ਮੌਸਮ ਦੇ ਕਾਰਨ ਯਾਤਰਾ ਵਿੱਚ ਅੜਿੱਕਾ ਪੈਣ ਦੀ ਸੰਭਾਵਨਾ ਬਣ ਸਕਦੀ ਹੈ। ਇਸ ਵਿੱਚ ਬਹੁਤ ਸਾਰੇ ਲੋਕ ਆਮ ਵਾਂਗ ਚੱਲਣ ਦੇ ਯੋਗ ਹੋ ਸਕਦੇ ਹਨ ਪਰ ਇਸ ਨਾਲ ਦੂਸਰੇ ਸਿੱਧੇ ਤੌਰ ਪ੍ਰਭਾਵਿਤ ਹੋਣਗੇ। ਇਸ ਚੇਤਾਵਨੀ ਨਾਲ ਲੋਕਾਂ ਨੂੰ ਤਾਜ਼ਾ ਭਵਿੱਖਬਾਣੀ ‘ਤੇ ਨਜ਼ਰ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ ਤਾਂ ਜੋ ਉਹ ਇਹ ਜਾਣ ਸਕਣ ਕਿ ਉਨ੍ਹਾਂ’ ਤੇ ਮੌਸਮ ਦਾ ਕਿੰਨਾ ਅਸਰ ਪੈ ਸਕਦਾ। ਆਮ ਤੌਰ ‘ਤੇ ਮੌਸਮ ਵਿਭਾਗ ਮੌਸਮ ਦੀਆਂ ਚੇਤਾਵਨੀਆਂ ਦੇ ਕੇ ਲੋਕਾਂ ਨੂੰ ਨਿਗਰਾਨੀ ਰੱਖਣ ਦੀ ਖਾਸ ਸਲਾਹ ਦਿੰਦੇ ਹਨ।