India Khaas Lekh

COVID-19: ਸਿਰਫ਼ 4 ਮਹੀਨਿਆਂ ’ਚ ਭਾਰਤੀ ਅਰਬਪਤੀਆਂ ਦੀ ਜਾਇਦਾਦ 3 ਗੁਣਾ ਵਧੀ, ਅੰਬਾਨੀ ਨੇ ਹਰ ਘੰਟੇ ਕਮਾਏ 90 ਕਰੋੜ, ਦੌਲਤ ’ਚ 73% ਵਾਧਾ

‘ਦ ਖ਼ਾਲਸ ਬਿਊਰੋ: ਕੋਰੋਨਾ ਵਾਇਰਸ ਦੀ ਵਜ੍ਹਾ ਕਰਕੇ ਦੇਸ਼ ਵਿਆਪੀ ਤਾਲਾਬੰਦੀ ਦੇ ਬਾਵਜੂਦ ਭਾਰਤ ਦੇ ਅਰਬਪਤੀਆਂ ਦੀ ਜਾਇਦਾਦ ਵਿੱਚ 3 ਗੁਣਾ ਤੋਂ ਵੀ ਜ਼ਿਆਦਾ ਵਾਧਾ ਦਰਜ ਕੀਤਾ ਗਿਆ ਹੈ। ਮਹਾਂਮਾਰੀ ਕਰਕੇ ਵਿਸ਼ਵਵਿਆਪੀ ਆਰਥਿਕ ਗਿਰਾਵਟ ਦੇ ਪ੍ਰਭਾਵ ਨੂੰ ਦਰਕਿਨਾਰ ਕਰਦਿਆਂ ਲਾਕਡਾਊਨ ਦੇ ਪਹਿਲੇ ਚਾਰ ਮਹੀਨਿਆਂ ਦੌਰਾਨ, ਯਾਨੀ ਅਪ੍ਰੈਲ ਤੋਂ ਜੁਲਾਈ ਦਰਮਿਆਨ ਭਾਰਤੀ ਅਰਬਪਤੀਆਂ ਦੀ ਜਾਇਦਾਦ 3 ਗੁਣਾ ਤੋਂ ਵੀ ਜ਼ਿਆਦਾ ਵਧ ਗਈ ਹੈ।

ਯੂਬੀਐੱਸ ਅਤੇ ਪੀਡਬਲਿਊਸੀ ਦੁਆਰਾ ਪ੍ਰਕਾਸ਼ਿਤ ਬਿਲੀਨੀਅਰਸ ਇਨਸਾਈਟਸ ਰਿਪੋਰਟ 2020 (Billionaires Insights Report 2020) ਦੇ ਅਨੁਸਾਰ, ਅਪ੍ਰੈਲ ਤੋਂ ਜੁਲਾਈ ਦੇ ਵਿਚਕਾਰ ਭਾਰਤੀ ਅਰਬਪਤੀਆਂ ਦੀ ਕੁੱਲ ਸੰਪਤੀ 35 ਫੀਸਦੀ ਵਧ ਕੇ 423 ਬਿਲੀਅਨ ਡਾਲਰ ਹੋ ਗਈ ਹੈ।

ਸਾਲ 2009 ਤੋਂ ਲੈ ਕੇ, 31 ਜੁਲਾਈ, 2020 ਤੱਕ ਭਾਰਤ ਦੇ ਅਰਬਪਤੀਆਂ ਦੀ ਕੁੱਲ ਜਾਇਦਾਦ 90 ਫੀਸਦੀ ਦੇ ਵਾਧੇ ਨਾਲ ਅਮਰੀਕਾ, ਚੀਨ, ਜਰਮਨੀ, ਰੂਸ ਅਤੇ ਫਰਾਂਸ ਤੋਂ ਬਾਅਦ ਦੁਨੀਆਂ ਵਿੱਚ ਛੇਵੇਂ ਨੰਬਰ ‘ਤੇ ਹੈ।

ਯੂਬੀਐਸ-ਪੀਡਬਲਿਊਸੀ ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਸਿਖਰਲੇ 10 ਦੇਸ਼ਾਂ ਵਿੱਚ ਭਾਰਤ ਦੇ ਅਰਬਪਤੀਆਂ ਦੀ ਦੌਲਤ ਸਿਰਫ਼ ਉਨ੍ਹਾਂ ਦੇ ਰੂਸੀ ਹਮਰੁਤਬਾ ਦੇ ਮੁਕਾਬਲੇ ਤੇਜ਼ੀ ਨਾਲ ਵਧੀ, ਜਿਨ੍ਹਾਂ ਦੀ ਦੌਲਤ 2009 ਤੋਂ ਲੈ ਕੇ ਹੁਣ ਤੱਕ 80 ਫੀਸਦੀ ਵਧ ਕੇ 467.6 ਬਿਲੀਅਨ ਡਾਲਰ ਹੋ ਗਈ ਹੈ।

ਸਿਰਫ਼ 828 ਅਮੀਰ ਭਾਰਤੀ 60.59 ਲੱਖ ਕਰੋੜ ਦੀ ਸੰਪਤੀ ਦੇ ਮਾਲਕ 

ਸਾਲ 2020 ਦੀ ਸੂਚੀ ਵਿੱਚ ਇਨ੍ਹਾਂ 828 ਵਿਅਕਤੀਆਂ ਦੀ ਕੁੱਲ ਸੰਪਤੀ 821 ਬਿਲੀਅਨ ਡਾਲਰ (60.59 ਲੱਖ ਕਰੋੜ ਰੁਪਏ) ਰਹੀ, ਜੋ ਕਿ ਸਾਲ 2019 ਵਿੱਚ 140 ਬਿਲੀਅਨ ਡਾਲਰ (10.29 ਲੱਖ ਕਰੋੜ ਰੁਪਏ) ਸੀ। ਖ਼ਾਸ ਗੱਲ ਇਹ ਹੈ ਕਿ ਇਸ ਰਕਮ ਦਾ ਇਕ ਵੱਡਾ ਹਿੱਸਾ ਰਿਲਾਇੰਸ ਦੇ ਸ਼ੇਅਰ ਮੁੱਲ ਵਿੱਚ ਵਾਧੇ ਦੇ ਕਾਰਨ ਸੀ।

ਦੇਸ਼ ਦੀ ਸਿਰਫ 1% ਅਮੀਰ ਆਦਮੀ ਕੌਮੀ ਸੰਪਤੀ ਦੇ 42.5% ਹਿੱਸੇ ਦੀ ਮਾਲਕ 

ਆਕਸਫੈਮ (Oxfam report) ਦੀ ਇੱਕ ਰਿਪੋਰਟ ਮੁਤਾਬਕ ਇਹ ਨੋਟ ਕਰਨਾ ਵੀ ਮਹੱਤਵਪੂਰਨ ਹੈ ਕਿ ਭਾਰਤ ਦੀ ਸਭ ਤੋਂ ਅਮੀਰ ਸਿਰਫ਼ ਇੱਕ ਫੀਸਦੀ ਆਬਾਦੀ ਦੇਸ਼ ਦੀ ਕੁੱਲ ਦੌਲਤ ਦੇ 42.5 ਫੀਸਦੀ ਦੀ ਮਾਲਕ ਹੈ, ਜਦੋਂ ਕਿ ਨਿਚਲੀ 50 ਫੀਸਦੀ ਆਬਾਦੀ, ਜੋ ਕਿ ਬਹੁਮਤ ਦੀ ਆਬਾਦੀ ਹੈ, ਉਸ ਕੋਲ ਕੌਮੀ ਸੰਪਤੀ ਦਾ ਮਹਿਜ਼ 2.8 ਫੀਸਦੀ ਹਿੱਸਾ ਆਉਂਦਾ ਹੈ। ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੀ ਕੁੱਲ ਆਬਾਦੀ ਵਿੱਚੋਂ ਸਿਖ਼ਰਲੀ 10 ਫੀਸਦੀ ਆਬਾਦੀ ਕੁਲ ਰਾਸ਼ਟਰੀ ਦੌਲਤ ਦਾ 74.3 ਫੀਸਦੀ ਹਿੱਸਾ ਰੱਖਦੀ ਹੈ, ਜਦ ਕਿ ਨਿਚਲੀ 90 ਫੀਸਦੀ ਆਬਾਦੀ 25.7 ਫੀਸਦੀ ਹਿੱਸੇ ਦੀ ਮਾਲਕ ਹੈ। 

ਲਾਕਡਾਊਨ ਪਿੱਛੋਂ ਮੁਕੇਸ਼ ਅੰਬਾਨੀ ਨੇ ਹਰ ਘੰਟੇ ਕਮਾਏ 90 ਕਰੋੜ 

ਇਸ ਰਿਪੋਰਟ ਤੋਂ ਪਹਿਲਾਂ ਹੁਰੁਨ ਇੰਡੀਆ ਰਿਚ ਲਿਸਟ 2020 (Hurun India Rich List 2020) ਵਿੱਚ ਸਾਹਮਣੇ ਆਇਆ ਸੀ ਕਿ ਰਿਲਾਇੰਸ ਇੰਡਸਟਰੀਜ਼ (ਆਰਆਈਐਲ) ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਮਾਰਚ ਵਿੱਚ ਤਾਲਾਬੰਦੀ ਲਾਗੂ ਹੋਣ ਤੋਂ ਬਾਅਦ ਪ੍ਰਤੀ ਘੰਟਾ 90 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਜਿੱਥੇ ਇੱਕ ਪਾਸੇ ਕੋਰੋਨਾ ਕਾਲ ਵਿੱਚ ਆਰਥਿਕ ਗਤੀਵਿਧੀਆਂ ਠੱਪ ਪਈਆਂ ਹਨ, ਹੁਰੁਨ ਇੰਡੀਆ ਰਿਚ ਲਿਸਟ ਵਿੱਚ ਅੰਬਾਨੀ ਲਗਾਤਾਰ ਨੌਵੇਂ ਸਾਲ ਚੋਟੀ ਦੇ ਸਥਾਨ ਉੱਤੇ ਕਾਬਜ਼ ਹਨ।

ਇਸ ਮਹੀਨੇ ਦੇ ਸ਼ੁਰੂ ਵਿੱਚ ਜਾਰੀ ਕੀਤੀ ਗਈ ਫੋਰਬਸ ਦੀ ਇੰਡੀਆ ਰਿਚ ਲਿਸਟ 2020 (Forbes’ India Rich List 2020) ਦੇ ਅਨੁਸਾਰ, ਭਾਰਤ ਦੇ ਸਭ ਤੋਂ ਅਮੀਰ ਆਦਮੀ, ਮੁਕੇਸ਼ ਅੰਬਾਨੀ ਦੀ ਕੁੱਲ ਜਾਇਦਾਦ ਪਿਛਲੇ ਸਾਲ ਦੇ ਮੁਕਾਬਲੇ 73 ਫੀਸਦੀ ਵਧ ਕੇ ਲਗਭਗ 89 ਅਰਬ ਡਾਲਰ (6.52 ਲੱਖ ਕਰੋੜ ਰੁਪਏ) ‘ਤੇ ਪਹੁੰਚ ਗਈ ਹੈ। ਇਹ ਸੂਚੀ ਵਿੱਚ ਦੂਜੇ ਸਭ ਤੋਂ ਅਮੀਰ ਆਦਮੀ ਗੌਤਮ ਅਡਾਨੀ ਨਾਲੋਂ 3 ਗੁਣਾ ਗੁਣਾ ਜ਼ਿਆਦਾ ਦੌਲਤ ਹੈ। 

ਦੱਸ ਦੇਈਏ ਗੌਤਮ ਅਡਾਨੀ ਦੀ ਕੁੱਲ ਜਾਇਦਾਦ 25.2 ਬਿਲੀਅਨ ਡਾਲਰ ਹੈ। ਇਸ ਦੇ ਨਾਲ, ਅੰਬਾਨੀ ਲਗਾਤਾਰ 13ਵੇਂ ਸਾਲ ਭਾਰਤ ਦੇ ਸਭ ਤੋਂ ਅਮੀਰ ਆਦਮੀ ਰਹੇ ਹਨ। ਫੋਰਬਸ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ, “ਇਸ ਸਾਲ ਬਹੁਤ ਘੱਟ ਅਰਬਪਤੀਆਂ ਨੇ ਉਨ੍ਹਾਂ ਦੀ ਦੌਲਤ ਪਿਛਲੇ ਸਾਲ ਨਾਲੋਂ ਕਮਜ਼ੋਰ ਹੋਈ ਪਾਈ।” 

ਹੁਰੁਨ ਇੰਡੀਆ ਲਿਸਟ ਵਿੱਚ ਭਾਰਤ ਦੇ ਉਨ੍ਹਾਂ ਸਭ ਤੋਂ ਅਮੀਰ ਵਿਅਕਤੀਆਂ ਦੇ ਨਾਂ ਸ਼ਾਮਲ ਹਨ ਜਿਨ੍ਹਾਂ ਦੀ ਦੌਲਤ 31 ਅਗਸਤ, 2020 ਤਕ 1000 ਕਰੋੜ ਰੁਪਏ ਜਾਂ ਇਸ ਤੋਂ ਵੱਧ ਹੈ। 828 ਅਮੀਰ ਭਾਰਤੀਆਂ ਦੀ ਸੂਚੀ ਵਿੱਚ ਅੰਬਾਨੀ, ਹਿੰਦੂਜਾ ਭਰਾ (ਐਸਪੀ ਹਿੰਦੂਜਾ ਅਤੇ ਉਨ੍ਹਾਂ ਦੇ ਤਿੰਨ ਹੋਰ ਭਰਾ), ਜਿਨ੍ਹਾਂ ਦੀ ਸਾਂਝੀ ਦੌਲਤ 1.43 ਲੱਖ ਕਰੋੜ ਰੁਪਏ ਹੈ, HCL ਦੇ ਸੰਸਥਾਪਕ ਸ਼ਿਵ ਨਦਰ (1.41 ਲੱਖ ਕਰੋੜ ਰੁਪਏ) ਮੋਹਰੀ ਹਨ।

ਭਾਰਤ ਵਿੱਚ ਭੁੱਖਮਰੀ ਦੀ ਮਾਰ 

ਇੱਕ ਪਾਸੇ ਦੇਸ਼ ਦੇ ਕੁਝ ਅਮੀਰ ਹਰ ਘੰਟੇ ਕਰੋੜਾਂ ਕਮਾ ਰਹੇ ਹਨ ਤੇ ਦੂਜੇ ਪਾਸੇ ਦੇਸ਼ ਦਾ ਗ਼ਰੀਬ ਭੁੱਖਾ ਮਰ ਰਿਹਾ ਹੈ। ਵਿਸ਼ਵ ਭੁੱਖਮਰੀ ਸੂਚਕ ਅੰਕ (Global Hunger Index-GHI) 2020 ਦੀ ਸੂਚੀ ਦੇ ਮੁਤਾਬਕ 107 ਦੇਸ਼ਾਂ ਦੀ ਸੂਚੀ ਵਿੱਚੋਂ ਭਾਰਤ 94ਵੇਂ ਨੰਬਰ ‘ਤੇ ਹੈ। ਭਾਰਤ ਦਾ ਸਥਾਨ ਭੁੱਖਮਰੀ ਦੀ ‘ਗੰਭੀਰ’ ਸ਼੍ਰੇਣੀ ਵਿੱਚ ਆਉਂਦਾ ਹੈ। 

ਭੁੱਖਮਰੀ ਦੀ ਇਸ ਸਾਲ ਦੀ ਰਿਪੋਰਟ ਦੇ ਅਨੁਸਾਰ, ਭਾਰਤ ਆਪਣੇ ਗੁਆਂਢੀਆਂ ਦੇਸ਼ਾਂ ਪਾਕਿਸਤਾਨ, ਬੰਗਲਾਦੇਸ਼ ਅਤੇ ਨੇਪਾਲ ਤੋਂ ਵੀ ਪਿੱਛੇ ਚੱਲ ਰਿਹਾ ਹੈ। ਹਾਲਾਂਕਿ ਗੁਆਂਢੀ ਦੇਸ਼ ਬੰਗਲਾਦੇਸ਼, ਮਿਆਂਮਾਰ ਅਤੇ ਪਾਕਿਸਤਾਨ ਵੀ ‘ਗੰਭੀਰ’ ਸ਼੍ਰੇਣੀ ਵਿੱਚ ਹਨ, ਪਰ ਇਸ ਸਾਲ ਭੁੱਖਮਰੀ ਦੇ ਸੂਚਕ ਅੰਕ ਵਿੱਚ ਇਨ੍ਹਾਂ ਦਾ ਸਥਾਨ ਭਾਰਤ ਤੋਂ ਉੱਪਰ ਹੈ। ਬੰਗਲਾਦੇਸ਼ 75ਵੇਂ, ਮਿਆਂਮਾਰ 78ਵੇਂ ਅਤੇ ਪਾਕਿਸਤਾਨ 88ਵੇਂ ਨੰਬਰ ‘ਤੇ ਹਨ। ਰਿਪੋਰਟ ਦੇ ਅਨੁਸਾਰ ਨੇਪਾਲ 73ਵੇਂ ਅਤੇ ਸ੍ਰੀਲੰਕਾ 64ਵੇਂ ਨੰਬਰ ‘ਤੇ ਹੈ। ਦੋਵੇਂ ਦੇਸ਼ ‘ਮਿਡਲ’ ਸ਼੍ਰੇਣੀ ਵਿੱਚ ਆਉਂਦੇ ਹਨ

ਇਸ ਰਿਪੋਰਟ ਤੋਂ ਬਾਅਦ ਕਾਂਗਰਸ ਨੇ ਪ੍ਰਧਾਨ ਮੰਤਰੀ ਮੋਦੀ ਸਰਕਾਰ ’ਤੇ ਨਿਸ਼ਾਨਾ ਸਾਧਿਆ। ਰਾਹੁਲ ਗਾਂਧੀ ਨੇ ਟਵੀਟ ਕੀਤਾ, ‘ਭਾਰਤ ਦਾ ਗਰੀਬ ਭੁੱਖਾ ਹੈ ਕਿਉਂਕਿ ਸਰਕਾਰ ਆਪਣੇ ਕੁਝ ਖਾਸ ਮਿੱਤਰਾਂ ਦੀਆਂ ਜੇਬ੍ਹਾਂ ਭਰ ਰਹੀ ਹੈ।’ ਦੱਸ ਦੇਈਏ ਅਕਸਰ ਪੀਐਮ ਮੋਦੀ ’ਤੇ ਸਵਾਲ ਉੱਠਦੇ ਰਹਿੰਦੇ ਹਨ ਕਿ ਉਹ ਅਰਬਪਤੀਆਂ ਦਾ ਜ਼ਿਆਦਾ ਸੋਚਦੇ ਹਨ। ਮੋਦੀ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨ ਬਾਰੇ ਵੀ ਇਹੀ ਕਿਹਾ ਜਾ ਰਿਹਾ ਹੈ ਕਿ ਇਹ ਕਾਨੂੰਨ ਕਿਸਾਨਾਂ ਦਾ ਨਹੀਂ, ਬਲਕਿ ਕਾਰਪੋਰੇਟ ਘਰਾਣਿਆਂ ਦਾ ਫਾਇਦਾ ਕਰਨਗੇ।

ਆਲਮੀ ਮੰਦੀ ਦੇ ਬਾਵਜੂਦ ਭਾਰਤੀ ਅਰਬਪਤੀਆਂ ਨੂੰ ਮੁਨਾਫ਼ਾ !

ਅਸੀਂ ਸਭ ਜਾਣਦੇ ਹਾਂ ਕਿ ਭਾਰਤ ਵਿੱਚ ਹੁਣ ਤਕ ਦੀ ਸਭ ਤੋਂ ਵੱਡੀ ਮੰਦੀ ਦੇਖਣ ਨੂੰ ਮਿਲ ਰਹੀ ਹੈ, ਪਰ ਇਸ ਦੇ ਬਾਵਜੂਦ ਦੇਸ਼ ਦੇ ਕੁਝ ਅਮੀਰ ਆਦਮੀਆਂ ਨੂੰ ਮੁਨਾਫ਼ਾ ਹੀ ਮੁਨਾਫ਼ਾ ਹੋਇਆ ਹੈ। ਲਾਕਡਾਊਨ ਵਿੱਚ ਕਈ ਲੋਕਾਂ ਦੀ ਨੌਕਰੀ ਗਈ। ਹਰ ਚੀਜ਼ ਮਹਿੰਗੀ ਹੋ ਰਹੀ ਹੈ। ਸਬਜ਼ੀਆਂ ਦੇ ਭਾਅ ਅਸਮਾਨ ਛੂਹ ਰਹੇ ਸੀ। ਰੋਜ਼ਾਨਾ ਕੰਮ ਆਉਣ ਵਾਲਾ ਡੀਜ਼ਲ-ਪੈਟਰੋਲ ਇੰਨਾ ਮਹਿੰਗਾ ਹੋ ਗਿਆ ਹੈ, ਆਮ ਆਦਮੀ ਲਈ ਰੋਟੀ-ਟੁੱਕ ਮੁਸ਼ਕਲ ਹੋ ਰਿਹਾ ਹੈ, ਇੱਥੋਂ ਤਕ ਕਿ ਦੇਸ਼ ਦਾ ਮਿਡਲ ਕਲਾਸ ਆਦਮੀ ਵੀ ਮੰਦੀ ਦਾ ਸ਼ਿਕਾਰ ਹੈ, ਪਰ ਅਰਬਪਤੀਆਂ ’ਤੇ ਮੰਦੀ ਦਾ ਕੋਈ ਅਸਰ ਦੇਖਣ ਨੂੰ ਨਹੀਂ ਮਿਲਿਆ, ਸਗੋਂ ਉਨ੍ਹਾਂ ਨੂੰ ਮੰਦੀ ਵਿੱਚ ਵੀ ਫਾਇਦਾ ਹੀ ਮਿਲਦਾ ਨਜ਼ਰ ਆ ਰਿਹਾ ਹੈ।