Punjab

ਦਿੱਲੀ ‘ਚ ਧਰਨਾ ਲਾ ਕੇ ਕਿਸਾਨਾਂ ਦੇ ਹੱਕ ‘ਚ ਟਰੈਕਟਰ ਫੂਕ ਕੇ ਕੇਂਦਰ ਸਰਕਾਰ ਨੂੰ ਜਗਾਉਣ ਦੀ ਕਰਾਂਗੇ ਕੋਸ਼ਿਸ਼ – ਬਰਿੰਦਰ ਢਿੱਲੋਂ

‘ਦ ਖ਼ਾਲਸ ਬਿਊਰੋ :- ਕੇਂਦਰ ਸਰਕਾਰ ਵੱਲੋਂ ਦਿੱਤੇ ਗਏ ਕਿਸਾਨਾਂ ਨਾਲ ਗੱਲਬਾਤ ਦੇ ਦੂਜੇ ਸੱਦੇ ਤੋਂ ਮਗਰੋਂ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਦਾ ਵੱਡਾ ਬਿਆਨ ਆਇਆ ਹੈ, ਉਨ੍ਹਾਂ ਕਿਹਾ ਕਿ ਇਸ ਗੱਲਬਾਤ ਦਾ ਨਤੀਜਾ ਕੁੱਝ ਨਹੀਂ ਨਿਕਲਣਾ ਹੈ। ਪੰਜਾਬ ਨੂੰ ਛੱਡ ਕੇ ਹੁਣ ਦਿੱਲੀ ਵਿੱਚ ਪੱਕਾ ਮੋਰਚਾ ਲਗਾਉਣਾ ਪੈਣਾ ਹੈ। ਉਨ੍ਹਾਂ ਇਸ ਦੌਰਾਨ ਇੱਕ ਹੋਰ ਵੱਡਾ ਐਲਾਨ ਕੀਤਾ ਕਿ ਇੱਕ ਵਾਰ ਮੁੜ ਤੋਂ ਉਹ ਦਿੱਲੀ ਵਿੱਚ ਕਿਸਾਨਾਂ ਦੇ ਹੱਕ ਵਿੱਚ ਟਰੈਕਟਰ ਫੂਕਾਂਗੇ ਅਤੇ ਕੇਂਦਰ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕਰਾਂਗੇ।

ਇਸ ਤੋਂ ਪਹਿਲਾਂ ਪਿਛਲੀ ਵਾਰ ਖੇਤੀ ਕਾਨੂੰਨ ਦੇ ਵਿਰੋਧ ਵਿੱਚ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਦੀ ਅਗਵਾਈ ਵਿੱਚ ਦਿੱਲੀ ਦੇ ਇੰਡੀਆ ਗੇਟ ਵਿੱਚ ਟਰੈਕਟਰ ਨੂੰ ਅੱਗ ਲਗਾਈ ਸੀ, ਜਿਸ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਕੇਸ ਵੀ ਦਰਜ ਕੀਤਾ ਗਿਆ ਸੀ ਅਤੇ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ। ਉਧਰ ਦਿੱਲੀ ਪੁਲਿਸ ਪਹਿਲਾਂ ਹੀ 26 ਅਤੇ 27 ਨਵੰਬਰ ਨੂੰ ਕਿਸਾਨਾਂ ਦੀ ਦਿੱਲੀ ਵਿੱਚ ਹੋਣ ਵਾਲੀ ਰੈਲੀ ਦੀ ਮਨਜ਼ੂਰੀ ਦੇਣ ਵਾਲੀ ਅਰਜ਼ੀ ਨੂੰ ਰੱਦ ਕਰ ਚੁੱਕੀ ਹੈ।

ਦੱਸਣਯੋਗ ਹੈ ਕਿ 5 ਨਵੰਬਰ ਨੂੰ ਦਿੱਲੀ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਦਿੱਲੀ ਪੁਲਿਸ ਨੇ ਰਾਜਘਾਟ ਵਿੱਚ ਧਰਨੇ ‘ਤੇ ਨਹੀਂ ਬੈਠਣ ਦਿੱਤਾ ਸੀ। ਸਿਰਫ਼ ਇੰਨਾਂ ਹੀ ਨਵਜੋਤ ਸਿੰਘ ਸਿੱਧੂ ਸਮੇਤ ਕਈ ਵਿਧਾਇਕਾਂ ਨੂੰ ਦਿੱਲੀ ਪੁਲਿਸ ਨੇ ਸਰਹੱਦ ‘ਤੇ ਰੋਕ ਲਿਆ ਸੀ ਅਤੇ ਆਪ ਜੰਤਰ- ਮੰਤਰ ਛੱਡ ਕੇ ਆਈ ਸੀ। ਰਾਜਧਾਨੀ ਦੀ ਪੁਲਿਸ ਦੀ ਕਿਸਾਨ ਦੇ ਧਰਨੇ ‘ਤੇ ਪੂਰੀ ਨਜ਼ਰ ਹੈ ਅਜਿਹੇ ਵਿੱਚ ਦਿੱਲੀ ਵਿੱਚ ਕਿਸਾਨ ਆਖਿਰ ਕਿਵੇਂ ਪੱਕਾ ਮੋਰਚਾ ਲੱਗਾ ਸਕਦੇ ਹਨ।