India Punjab

ਕਿਸਾਨਾਂ ਦੇ ਹੱਕ ’ਚ ਨਿੱਤਰਿਆ ਮੁੱਕੇਬਾਜ਼ ਵਿਜੇਂਦਰ ਸਿੰਘ, ਕੇਂਦਰ ਨੂੰ ਖੇਡ ਰਤਨ ਵਾਪਸ ਕਰਨ ਦੀ ਚੇਤਾਵਨੀ

’ਦ ਖ਼ਾਲਸ ਟੀਵੀ (ਗੁਰਪ੍ਰੀਤ ਕੌਰ): ਕੇਂਦਰ ਦੇ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਧਰਨੇ ਨੂੰ ਅੱਜ 11 ਦਿਨ ਹੋ ਗਏ ਹਨ ਪਰ ਕੇਂਦਰ ਸਰਕਾਰ ਨੇ ਹਾਲੇ ਤਕ ਕਿਸਾਨਾਂ ਦੀਆਂ ਮੰਗਾਂ ਮੰਨਣ ਬਾਰੇ ਫਿਲਹਾਲ ਕੋਈ ਸਬੂਤ ਪੇਸ਼ ਨਹੀਂ ਕੀਤਾ। ਉੱਧਰ ਦਿਨੋਂ-ਦਿਨ ਕਿਸਾਨਾਂ ਦੇ ਸਮਰਥਕਾਂ ਦਾ ਦਾਇਰਾ ਵੀ ਵਧ ਰਿਹਾ ਹੈ। ਭਾਰਤੀ ਦੇ ਕੌਮਾਂਤਰੀ ਖਿਡਾਰੀਆਂ ਨੇ ਕਿਸਾਨਾਂ ਦੀ ਹਮਾਇਤ ਵਿੱਚ ਆਪਣੇ ਐਵਾਰਡ ਵਾਪਿਸ ਕਰਨ ਦਾ ਐਲਾਨ ਕੀਤਾ ਹੈ। 

ਪਹਿਲਾਂ ਵੱਖ-ਵੱਖ ਖੇਤਰਾਂ ਦੇ ਲਗਭਗ 30 ਖਿਡਾਰੀਆਂ ਨੇ ਆਪਣੇ ਐਵਾਰਡ ਵਾਪਸ ਕਰਨ ਦਾ ਐਲਾਨ ਕੀਤਾ ਅਤੇ ਹੁਣ ਓਲੰਪਿਕ ਮੈਡਲ ਜੇਤੂ ਅਤੇ ਹਰਿਆਣਾ ਦੇ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਵੀ ਚਿਤਾਵਨੀ ਦਿੱਤੀ ਹੈ ਕਿ ਜੇ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਨਾ ਲਿਆ ਗਿਆ ਤਾਂ ਉਹ ਆਪਣਾ ਰਾਜੀਵ ਗਾਂਧੀ ਖੇਡ ਰਤਨ ਐਵਾਰਡ ਵਾਪਸ ਕਰ ਦੇਣਗੇ। ਦੱਸ ਦੇਈਏ ਕਿ ਰਾਜੀਵ ਗਾਂਧੀ ਖੇਡ ਰਤਨ ਐਵਾਰਡ ਦੇਸ਼ ਦਾ ਸਰਵਉੱਚ ਖੇਡ ਐਵਾਰਡ ਹੈ।

ਖੇਤੀ ਕਾਨੂੰਨਾਂ ਨੂੰ ਲੈ ਕੇ ਕਈ ਵੱਡੀਆਂ ਨਾਮਵਰ ਸ਼ਖ਼ਸੀਅਤਾਂ ਨੇ ਸਰਕਾਰ ਵਲੋਂ ਸਨਮਾਨਿਤ ਆਪਣੇ ਤਮਗੇ ਅਤੇ ਐਵਾਰਡਾਂ ਨੂੰ ਵਾਪਸ ਕਰਨ ਦਾ ਫ਼ੈਸਲਾ ਲਿਆ ਹੈ। ਇਨ੍ਹਾਂ ਨਾਮੀ ਖਿਡਾਰੀਆਂ ਵਿੱਚ ਉੱਘੇ ਭਲਵਾਨ ਕਰਤਾਰ ਸਿੰਘ, ਭਾਰਤੀ ਮਹਿਲਾ ਹਾਕੀ ਟੀਮ ਦੀ ਸਾਬਕਾ ਕਪਤਾਨ ਰਾਜਬੀਰ ਕੌਰ, ਅਥਲੀਟ ਕੌਰ ਸਿੰਘ, ਅਜੀਤ ਸਿੰਘ, ਜੱਸਾ ਸਿੰਘ ਪੱਟੀ ਤੇ ਪਿਆਰਾ ਸਿੰਘ ਵਰਗੇ ਕਈ ਖਿਡਾਰੀ ਸ਼ਾਮਲ ਹਨ।

ਖਿਡਾਰੀਆਂ ਨੇ ਐਲਾਨ ਕੀਤਾ ਹੈ ਕਿ ਉਹ 7 ਦਸੰਬਰ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਆਪਣੇ ਪੁਰਸਕਾਰ ਵਾਪਸ ਕਰਕੇ ਖੇਤੀ ਕਾਨੂੰਨਾਂ ਦਾ ਵਿਰੋਧ ਪ੍ਰਗਟਾਉਣਗੇ ਅਤੇ ਕਿਸਾਨੀ ਸੰਘਰਸ਼ ਦੀ ਹਮਾਇਤ ਕਰਨਗੇ। ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਕਿਹਾ ਹੈ ਕਿ ਉਹ ਆਪਣਾ ਇੱਕ ਕਰੋੜ ਰੁਪਏ ਦਾ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਵੀ ਮੋੜ ਦੇਵੇਗਾ।

ਓਲੰਪਿਕ ‘ਚ ਜਿੱਤਿਆ ਸੀ ਤਮਗਾ

ਵਿਜੇਂਦਰ ਸਿੰਘ ਨੂੰ ਸਾਲ 2009 ‘ਚ ਰਾਜੀਵ ਗਾਂਧੀ ਖੇਡ ਰਤਨ ਨਾਲ ਸਨਮਾਨਿਤ ਕੀਤਾ ਗਿਆ ਸੀ। ਉਸ ਨੇ ਸਾਲ 2008 ਦੇ ਬੀਜਿੰਗ ਓਲੰਪਿਕ ‘ਚ ਕਾਂਸੀ ਦਾ ਤਮਗਾ ਜਿੱਤ ਕੇ ਇਤਿਹਾਸ ਰਚਿਆ ਸੀ। ਉਹ ਇਨ੍ਹਾਂ ਖੇਡਾਂ ‘ਚ ਤਮਗਾ ਜਿੱਤਣ ਵਾਲਾ ਪਹਿਲਾ ਭਾਰਤੀ ਮੁੱਕੇਬਾਜ਼ ਸੀ। ਉਹ ਬੀਜਿੰਗ ਓਲੰਪਿਕ ‘ਚ ਤਮਗਾ ਜਿੱਤਣ ਵਾਲਾ ਦੂਜਾ ਭਾਰਤੀ ਅਥਲੀਟ ਸੀ।

ਓਲੰਪਿਕ ਦੇ ਕਾਂਸੀ ਦੇ ਤਮਗੇ ਦੇ ਨਾਲ ਵਿਜੇਂਦਰ ਨੇ 2009 ਵਿਸ਼ਵ ਚੈਂਪੀਅਨਸ਼ਿਪ ਅਤੇ 2010 ਦੀਆਂ ਰਾਸ਼ਟਰਮੰਡਲ ਖੇਡਾਂ ‘ਚ ਕਾਂਸੀ ਦਾ ਤਮਗਾ ਵੀ ਜਿੱਤਿਆ ਸੀ। ਉਸ ਨੇ 2006 ਤੇ 2014 ਦੀਆਂ ਰਾਸ਼ਟਰਮੰਡਲ ਖੇਡਾਂ ‘ਚ ਸਿਲਵਰ ਮੈਡਲ ਜਿੱਤਿਆ ਸੀ। ਜੂਨ 2015 ‘ਚ ਉਹ ਇੱਕ ਪ੍ਰੋਫੈਸ਼ਨਲ ਬਣ ਗਿਆ ਸੀ, ਜਿਸ ਕਰਕੇ ਉਹ 2016 ਦੀਆਂ ਓਲੰਪਿਕ ਖੇਡਾਂ ‘ਚ ਹਿੱਸਾ ਨਹੀਂ ਲੈ ਸਕਿਆ।

Comments are closed.