International

ਅਮਰੀਕਾ-ਚੀਨ ਦੀ ਆਪਸੀ ਖਿੱਚੋਤਾਣ ਜਾਰੀ, ਬਦਲਾਖੋਰੀ ਦੀ ਭਾਵਨਾ ਨਾਲ ਕਰ ਰਹੇ ਨੇ ਕਾਰਵਾਈਆਂ

‘ਦ ਖ਼ਾਲਸ ਬਿਊਰੋ:- ਚੀਨ ਨੇ ਅਮਰੀਕਾ ਦੇ ਖ਼ਿਲਾਫ਼ ਫਿਰ ਤੋਂ ਹਮਲਾਵਰ ਰੁਖ਼ ਅਖ਼ਤਿਆਰ ਕਰਦਿਆਂ ਅਮਰੀਕਾ ਦੇ 11 ਸਿਆਸਤਦਾਨਾਂ ਅਤੇ ਜਥੇਬੰਦੀਆਂ ਦੇ ਮੁਖੀਆਂ ਖਿਲਾਫ਼ ਪਾਬੰਦੀ ਦਾ ਐਲਾਨ ਕੀਤਾ ਹੈ। ਇਨ੍ਹਾਂ ’ਚ ਅਮਰੀਕਾ ਦੇ ਸੈਨੇਟਰ ਮਾਰਕੋ ਰੂਬੀਓ ਅਤੇ ਟੈੱਡ ਕਰੂਜ਼ ਦੇ ਨਾਮ ਵੀ ਸ਼ਾਮਲ ਹਨ ਜਿਨ੍ਹਾਂ ਪੇਈਚਿੰਗ ਖਿਲਾਫ਼ ਆਵਾਜ਼ ਬੁਲੰਦ ਕੀਤੀ ਹੋਈ ਹੈ।

ਵਿਦੇਸ਼ ਮੰਤਰਾਲੇ ਦੇ ਤਰਜਮਾਨ ਜ਼ਾਓ ਲਿਜੀਆਨ ਨੇ ਦੱਸਿਆ ਕਿ ਹਾਂਗਕਾਂਗ ਨਾਲ ਸਬੰਧਤ ਮੁੱਦਿਆਂ ’ਤੇ ਇਨ੍ਹਾਂ 11 ਆਗੂਆਂ ਨੇ ਭੜਕਾਊ ਬਿਆਨਬਾਜ਼ੀ ਕੀਤੀ ਹੈ। ਅਮਰੀਕੀ ਸੈਨੇਟਰਾਂ ਜੋਸ਼ ਹਾਉਲੇ, ਟੌਮ ਕੌਟਨ ਅਤੇ ਪ੍ਰਤੀਨਿਧ ਸਭਾ ਦੇ ਕ੍ਰਿਸ ਸਮਿਥ ਦੇ ਨਾਮ ਵੀ ਚੀਨ ਦੀ ਇਸ ਸੂਚੀ ’ਚ ਸ਼ਾਮਲ ਹਨ। ਰੂਬੀਓ, ਕਰੂਜ਼ ਅਤੇ ਸਮਿਥ ਦੇ ਚੀਨ ਦੌਰੇ ’ਤੇ ਵੀ ਪਿਛਲੇ ਮਹੀਨੇ ਪਾਬੰਦੀ ਲਗਾਈ ਗਈ ਹੈ।

ਅਮਰੀਕਾ ਨੇ ਵੀ ਪਿਛਲੇ ਹਫ਼ਤੇ ਹਾਂਗਕਾਂਗ ਅਤੇ ਚੀਨ ਦੇ 11 ਅਧਿਕਾਰੀਆਂ ਖਿਲਾਫ਼ ਕਾਰਵਾਈ ਕੀਤੀ ਸੀ ਜਿਸ ਦੇ ਬਦਲੇ ’ਚ ਚੀਨ ਨੇ ਇਹ ਕਾਰਵਾਈ ਕੀਤੀ ਹੈ। ਅਜਿਹੀਆਂ ਕਾਰਵਾਈਆਂ ਕਰਕੇ ਚੀਨ-ਅਮਰੀਕਾ ਵਿੱਚ ਤਣਾਅ ਲਗਾਤਾਰ ਵੱਧਦਾ ਜਾ ਰਿਹਾ ਹੈ।