Punjab

6 ਸਤੰਬਰ ਨੂੰ UNO ਖਾਲੜਾ ਡੇਅ ਵਜੋਂ ਐਲਾਨੇ- ਖਾਲੜਾ ਮਿਸ਼ਨ ਆਰਗੇਨਾਈਜੇਸ਼ਨ

‘ਦ ਖ਼ਾਲਸ ਬਿਊਰੋ:- ਕੱਲ੍ਹ ਕਬੀਰ ਪਾਰਕ ਦੇ ਗੁਰਦੁਆਰੇ ਵਿੱਚ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਵੱਲੋਂ ਮਨੁੱਖੀ ਹੱਕਾਂ ਦੇ ਰਾਖੇ ਭਾਈ ਜਸਵੰਤ ਸਿੰਘ ਖਾਲੜਾ ਦਾ 25ਵਾਂ ਸ਼ਹੀਦੀ ਦਿਹਾੜਾ ਮਨਾਇਆ ਗਿਆ।  ਇਸ ਮੌਕੇ ਉਨ੍ਹਾਂ ਨੇ ਯੂਐੱਨਓ ਦੇ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਅਪੀਲ ਕੀਤੀ ਕਿ 6 ਸਤੰਬਰ ਨੂੰ ‘ਖਾਲੜਾ ਡੇਅ’ ਐਲਾਨਿਆ ਜਾਵੇ।  ਇਸਦੇ ਨਾਲ ਹੀ ਫੌਜੀ ਹਮਲਿਆਂ ਅਤੇ ਝੂਠੇ ਮੁਕਾਬਲਿਆਂ ਦੀ ਪੜਤਾਲ ਲਈ ਯੂਐੱਨਓ ਵੱਲੋਂ ਟੀਮ ਭੇਜੇ ਜਾਣ ਦੀ ਵੀ ਮੰਗ ਕੀਤੀ ਗਈ।

ਇਸ ਬਰਸੀ ਸਮਾਗਮ ਵਿੱਚ ਸਹਿਜ ਪਾਠ ਦੇ ਭੋਗ ਪਾਏ ਗਏ ਅਤੇ ਮਗਰੋਂ ਗੁਰਬਾਣੀ ਦਾ ਕੀਰਤਨ ਹੋਇਆ। ਅਰਦਾਸ ਉਪਰੰਤ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕੀਤਾ ਅਤੇ ਜਥੇਬੰਦੀ ਵੱਲੋਂ ਮਤੇ ਪਾ ਕੇ ਕੁੱਝ ਫੈਸਲੇ ਵੀ ਕੀਤੇ ਗਏ ਹਨ। ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਵਿਰਸਾ ਸਿੰਘ ਬਹਿਲਾ ਅਤੇ ਹਰਦਿਆਲ ਸਿੰਘ ਘਰਿਆਲਾ ਨੇ ਦੱਸਿਆ ਕਿ ਅੱਜ ਦੇ ਇਕੱਠ ਵੱਲੋਂ ਯੂਐੱਨਓ ਦੇ ਮਨੁੱਖੀ ਅਧਿਕਾਰ ਕਮਿਸ਼ਨ ਨੂੰ 6 ਸਤੰਬਰ ਦਾ ਦਿਨ ‘ਖਾਲੜਾ ਡੇਅ’ ਵਜੋਂ ਐਲਾਨਣ ਅਤੇ ਫੌਜੀ ਹਮਲਿਆਂ ਤੇ ਝੂਠੇ ਮੁਕਾਬਲਿਆਂ ਦੀ ਜਾਂਚ ਲਈ ਟੀਮ ਭੇਜਣ ਦੀ ਅਪੀਲ ਕੀਤੀ ਗਈ ਹੈ।

ਸਮਾਗਮ ਦੌਰਾਨ 25,000 ਝੂਠੇ ਮੁਕਾਬਲਿਆਂ ਵਿੱਚ ਮਾਰੇ ਗਏ ਨੌਜਵਾਨਾਂ ਅਤੇ ਧਰਮ ਯੁੱਧ ਮੋਰਚੇ ਦੇ ਸ਼ਹੀਦਾਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਾਉਣ ਦੀ ਮੰਗ ਕੀਤੀ ਗਈ ਹੈ। ਸਮਾਗਮ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਨੈਤਿਕ ਆਧਾਰ ’ਤੇ ਅਸਤੀਫੇ ਦੀ ਮੰਗ ਕੀਤੀ ਗਈ।  ਉਨ੍ਹਾਂ ’ਤੇ ਦੋਸ਼ ਲਾਇਆ ਗਿਆ ਕਿ ਉਹ ਨਸ਼ਿਆਂ ਦੇ ਵੱਡੇ ਕਾਰੋਬਾਰੀਆਂ ਅਤੇ ਬੇਅਦਬੀ ਕਾਂਡ ਦੇ ਕਸੂਰਵਾਰਾਂ ਨੂੰ ਫੜਨ ਵਿੱਚ ਅਸਫ਼ਲ ਰਹੇ ਹਨ। ਇਹ ਵੀ ਦੋਸ਼ ਲਾਇਆ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਕੋਲ ਪੇਸ਼ ਕਰਵਾਏ 21 ਨੌਜਵਾਨ ਜੋ ਝੂਠੇ ਮੁਕਾਬਲੇ ਵਿੱਚ ਮਾਰ ਦਿੱਤੇ ਗਏ ਸਨ, ਦਾ ਸੱਚ ਵੀ ਸਾਹਮਣੇ ਨਹੀਂ ਲਿਆਂਦਾ।

ਭਾਈ ਜਸਵੰਤ ਸਿੰਘ ਖਾਲੜਾ ਦੀ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਨੇ ਕਿਹਾ ਕਿ ਜੂਨ 1984 ਦੇ ਫੌਜੀ ਹਮਲੇ, ਝੂਠੇ ਮੁਕਾਬਲਿਆਂ ਅਤੇ ਨਵੰਬਰ 1984 ਕਤਲੇਆਮ ਲਈ ਕਸੂਰਵਾਰ ਧਿਰਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਨੁੱਖਤਾ ਦੇ ਕਾਤਲ ਐਲਾਨਿਆ ਜਾਵੇ। ਉਨ੍ਹਾਂ ਦੋਸ਼ ਲਾਇਆ ਕਿ ਮਨੂੰਵਾਦੀ ਧਿਰਾਂ ਪੰਜਾਬ ਅਤੇ ਦੇਸ਼ ਨੂੰ ਸਿੱਖਾਂ ਅਤੇ ਸਿੱਖੀ ਤੋਂ ਮੁਕਤ ਕਰਨਾ ਚਾਹੁੰਦੀਆਂ ਹਨ।

ਇਸ ਦੌਰਾਨ ਬਾਦਲਾਂ ਨੂੰ ਕਥਿਤ ਸਾਕਾ ਨੀਲਾ ਤਾਰਾ ਹਮਲੇ ਦੀ ਯੋਜਨਾਬੰਦੀ ਅਤੇ ਝੂਠੇ ਮੁਕਾਬਲਿਆਂ ਦੀ ਯੋਜਨਾਬੰਦੀ ਵਿੱਚ ਸ਼ਾਮਲ ਹੋਣ ਦਾ ਕਸੂਰਵਾਰ ਠਹਿਰਾਇਆ ਗਿਆ। ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਭਾਈ ਖਾਲੜਾ ਦੀ 25ਵੀਂ ਬਰਸੀ ’ਤੇ ਉਨ੍ਹਾਂ ਦੀ ਯਾਦਗਾਰ ਬਣਾਉਣ ਦੀ ਮੰਗ ਵੀ ਕੀਤੀ ਹੈ। ਸੰਗਠਨ ਦੇ ਆਗੂ ਸਰਬਜੀਤ ਸਿੰਘ ਨੇ ਕਿਹਾ ਕਿ ਕੈਨੇਡਾ ਦੇ ਤਿੰਨ ਸ਼ਹਿਰਾਂ ਬਰੈਂਪਟਨ, ਨਿਊ ਵੈਸਟਮਿਨਸਟਰ ਅਤੇ ਬਰਨੇਬੀ ਦੇ ਮੇਅਰਾਂ ਵਲੋਂ 6 ਸਤੰਬਰ ਨੂੰ ਜਸਵੰਤ ਸਿੰਘ ਖਾਲੜਾ ਡੇਅ ਵਜੋਂ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ।