‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਮਹਾਰਾਸ਼ਟਰ ’ਚ ਨਵੀਆਂ ਵਿਆਹੀਆਂ ਦੋ ਭੈਣਾਂ ਪਹਿਲਾਂ ਸਹੁਰਾ ਪਰਿਵਾਰ ਤੇ ਫਿਰ ਪੰਚਾਇਤ ਦੀ ਬੇਸ਼ਰਮੀ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਅਨੁਸਾਰ ਇਨ੍ਹਾਂ ਦੋਹਾਂ ਭੈਣਾਂ ਨੂੰ ਵਿਆਹ ਦੇ ਤੁਰੰਤ ਬਾਅਦ ਕੁਆਰੇਪਣ ਦਾ ਟੈਸਟ ਯਾਨੀ ਕਿ ਵਰਜਿਨਿਟੀ ਟੈਸਟ ਕਰਵਾਉਣ ਲਈ ਕਿਹਾ ਗਿਆ। ਪਰ ਫ਼ੇਲ੍ਹ ਹੋਣ ’ਤੇ ਪੰਚਾਇਤ ਨੇ ਉਨ੍ਹਾਂ ਦੇ ਪਤੀਆਂ ਨੂੰ ਇਨ੍ਹਾਂ ਦੋਹਾਂ ਭੈਣਾਂ ਨੂੰ ਤਲਾਕ ਦੇਣ ਦਾ ਤੁਗਲਕੀ ਫ਼ਰਮਾਨ ਦੇ ਦਿੱਤਾ। ਕੋਲਹਾਪੁਰ ਪੁਲਿਸ ਨੇ ਇਨ੍ਹਾਂ ਦੋਹਾਂ ਔਰਤਾਂ ਦੀ ਸ਼ਿਕਾਇਤ ‘ਤੇ ਪਤੀਆਂ, ਸੱਸਾਂ ਤੇ ਪੰਚਾਇਤ ਦੇ ਕੁਝ ਲੋਕਾਂ ਖਿਲਾਫ ਕੇਸ ਦਰਜ ਕਰ ਲਿਆ ਹੈ।

ਜਾਣਕਾਰੀ ਅਨੁਸਾਰ ਦੋਵੇਂ ਭੈਣਾਂ ਕੰਜਾਰਭਾਟੇ ਭਾਈਚਾਰੇ ’ਚੋਂ ਹਨ। ਉਨ੍ਹਾਂ ਨੂੰ ਇਸੇ ਭਾਈਚਾਰੇ ਦੇ ਹੀ ਦੋ ਭਰਾਵਾਂ ਨੇ ਵਿਆਹ ਦੀ ਗੱਲ ਕੀਤੀ ਸੀ। ਇਨ੍ਹਾਂ ਵਿੱਚੋਂ ਇੱਕ ਭਰਾ ਆਰਮੀ ’ਚ ਕੰਮ ਕਰਦਾ ਹੈ; ਜਦ ਕਿ ਦੂਜਾ ਇੱਕ ਪ੍ਰਾਈਵੇਟ ਕੰਪਨੀ ’ਚ ਨਿਯੁਕਤ ਹੈ।

ਇਨ੍ਹਾਂ ਦੋਹਾਂ ਔਰਤਾਂ ਨੇ ਦੋਸ਼ ਹੈ ਕਿ ਵਿਆਹ ਤੋਂ ਬਾਅਦ ਦੋਵਾਂ ਲਾੜੀਆਂ ਨੇ ਉਨ੍ਹਾਂ ਨੂੰ ਵੱਖੋ-ਵੱਖਰੇ ਕਮਰਿਆਂ ’ਚ ਲੈ ਜਾ ਕੇ ਉਨ੍ਹਾਂ ਦੇ ਕੁਆਰੇ ਹੋਣ ਦੀ ਜਾਂਚ ਕਰਵਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੇ ਭਾਈਚਾਰੇ ਦੀ ਰਵਾਇਤ ਹੈ।

ਇੱਕ ਭੈਣ ਨੇ ਆਪਣੇ ਬਿਆਨ ’ਚ ਕਿਹਾ ਕਿ ਉਨ੍ਹਾਂ ਉੱਤੇ ਦੂਜੇ ਲੜਕੇ ਨਾਲ ਸਬੰਧ ਰੱਖਣ ਦਾ ਦੋਸ਼ ਵੀ ਲਾਇਆ ਗਿਆ ਸੀ; ਜਦਕਿ ਉਸ ਦੀ ਭੈਣ ਨੂੰ ਉਸ ਦੇ ਪਤੀ ਨੇ ਵਰਜਨਿਟੀ ਟੈਸਟ ਲਈ ਮਨਾ ਲਿਆ ਸੀ। ਬੀਤੀ 29 ਨਵੰਬਰ ਨੂੰ ਉਨ੍ਹਾਂ ਦੇ ਪਤੀ ਤੇ ਸੱਸ ਨੇ ਘਰ ਬਣਾਉਣ ਲਈ ਉਨ੍ਹਾਂ ਤੋਂ 10 ਲੱਖ ਰੁਪਏ ਵੀ ਮੰਗੇ ਅਤੇ ਕੁੱਟਮਾਰ ਕਰਨ ਦੀ ਧਮਕੀ ਵੀ ਦਿੱਤੀ। ਮਾਮਲਾ ਪੰਚਾਇਤ ਵਿੱਚ ਗਿਆ ਤਾਂ ਦੋਹਾਂ ਧਿਰਾਂ ਦੀ ਸੁਣਨ ਬਾਅਦ ਪੰਚਾਇਤ ਨੇ ਵੀ ਫੈਸਲਾ ਲੜਕਿਆਂ ਦੇ ਹੱਕ ਵਿੱਚ ਕੀਤਾ ਅਤੇ ਤਲਾਕ ਦਾ ਫੈਸਲਾ ਕਰਦਿਆਂ ਦੋਵੇਂ ਭੈਣਾਂ ਦਾ ਸਮਾਜਕ ਬਾਈਕਾਟ ਕਰਨ ਨੂੰ ਕਹਿ ਦਿੱਤਾ ਗਿਆ। ਪੁਲਿਸ ਇਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ।

Leave a Reply

Your email address will not be published. Required fields are marked *