India

ਜੰਮੂ-ਕਸ਼ਮੀਰ ’ਚ ਮਿਲੀ 150 ਮੀਟਰ ਲੰਮੀ ਭੂਮੀਗਤ ਸੁਰੰਗ, ਇਸੇ ਰਾਹੀਂ ਭਾਰਤ ਵੜਦੇ ਸੀ ਅੱਤਵਾਦੀ

ਜੰਮੂ: ਜੰਮੂ ਕਸ਼ਮੀਰ ਦੇ ਸਾਂਬਾ ਸੈਕਟਰ ਵਿੱਚ ਅੰਤਰ ਰਾਸ਼ਟਰੀ ਸਰਹੱਦ ਉੱਤੇ ਬੀਐੱਸਐੱਫ ਦੁਆਰਾ ਇੱਕ 150 ਮੀਟਰ ਲੰਬੀ ਭੂਮੀਗਤ ਸੁਰੰਗ (ਸਾਂਬਾ ਟਨਲ) ਦਾ ਪਤਾ ਲਗਾਇਆ ਗਿਆ ਹੈ। ਸ਼ੱਕ ਹੈ ਕਿ ਇਸ ਦੀ ਵਰਤੋਂ ਅੱਤਵਾਦੀਆਂ ਦੁਆਰਾ ਘੁਸਪੈਠ ਲਈ ਕੀਤੀ ਜਾਂਦੀ ਸੀ। ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਦਿਲਬਾਗ ਸਿੰਘ ਨੇ ਇਹ ਜਾਣਕਾਰੀ ਦਿੱਤੀ ਹੈ।

ਡੀਜੀਪੀ ਦਿਲਬਾਗ ਸਿੰਘ ਨੇ ਬਾਰਡਰ ਸਿਕਿਓਰਿਟੀ ਫੋਰਸ (ਬੀਐਸਐਫ) ਦੇ ਇੰਸਪੈਕਟਰ ਜਨਰਲ, ਜੰਮੂ ਫਰੰਟੀਅਰ, ਐਨਐਸ ਜਮਵਾਲ ਅਤੇ ਜੰਮੂ ਖੇਤਰ ਦੇ ਇੰਸਪੈਕਟਰ ਜਨਰਲ ਪੁਲਿਸ ਮੁਕੇਸ਼ ਸਿੰਘ ਦੇ ਨਾਲ ਘਟਨਾ ਸਥਾਨ ਦਾ ਨਿਰੀਖਣ ਕੀਤਾ। ਉਨ੍ਹਾਂ ਕਿਹਾ ਕਿ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ‘ਤੇ ਨਾਗਰੋਟਾ ਨੇੜੇ ਤਾਜ਼ਾ ਮੁਕਾਬਲੇ ਦੀ ਜਾਂਚ ਕਰਨ ਤੋਂ ਬਾਅਦ ਇਸ ਸੁਰੰਗ ਦਾ ਪਤਾ ਲਗਾਇਆ ਗਿਆ ਹੈ।

ਪੁਲਿਸ ਦੇ ਡਾਇਰੈਕਟਰ ਜਨਰਲ ਨੇ ਪੱਤਰਕਾਰਾਂ ਨੂੰ ਦੱਸਿਆ, ‘ਪੁਲਿਸ ਨੇ ਮੁਕਾਬਲੇ ਵਾਲੀ ਜਗ੍ਹਾ ਤੋਂ ਕੁਝ ਮਹੱਤਵਪੂਰਣ ਜਾਣਕਾਰੀ ਬੀਐਸਐਫ ਨਾਲ ਸਾਂਝੀ ਕੀਤੀ ਸੀ ਜਿਸ ਨੂੰ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਸੁਰੰਗ ਮਿਲੀ।’

ਦੱਸ ਦੇਈਏ ਸੁਰੱਖਿਆ ਬਲਾਂ ਨੇ ਸਾਂਬਾ ਸੈਕਟਰ ਵਿੱਚ ਅੰਤਰ ਰਾਸ਼ਟਰੀ ਸਰਹੱਦ ਨੇੜੇ ਭੂਮੀਗਤ ਸੁਰੰਗ ਦਾ ਪਤਾ ਲਗਾਉਣ ਲਈ ਇੱਕ ਵੱਡਾ ਅਭਿਆਨ ਚਲਾਇਆ ਸੀ। ਉਨ੍ਹਾਂ ਨੂੰ ਸ਼ੱਕ ਸੀ ਕਿ ਪਾਕਿਸਤਾਨ ਤੋਂ ਜੈਸ਼-ਏ-ਮੁਹੰਮਦ ਦੇ ਚਾਰ ਅੱਤਵਾਦੀ ਇਸ ਦੀ ਵਰਤੋਂ ਕਰਦਿਆਂ ਭਾਰਤ ਵਿੱਚ ਦਾਖਲ ਹੋਏ ਸਨ। ਚਾਰੇ ਅੱਤਵਾਦੀ ਵੀਰਵਾਰ ਨੂੰ ਇੱਕ ਟਰੱਕ ਵਿੱਚ ਲੁਕੇ ਹੋਏ ਸਨ, ਜਿਨ੍ਹਾਂ ਨੂੰ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ‘ਤੇ ਇਕ ਟੋਲ ਪਲਾਜ਼ਾ ‘ਤੇ ਰੋਕਿਆ ਗਿਆ ਅਤੇ ਉਹ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ ਮਾਰੇ ਗਏ।

ਮਾਰੇ ਗਏ ਅੱਤਵਾਦੀਆਂ ਕੋਲੋਂ ਹਥਿਆਰ ਅਤੇ ਗੋਲਾ ਬਾਰੂਦ ਦਾ ਇੱਕ ਵੱਡਾ ਜ਼ਖ਼ੀਰਾ ਫੜਿਆ ਗਿਆ, ਜਿਸ ਵਿੱਚ 11 ਏਕੇ ਰਫਲਾਂ, ਤਿੰਨ ਪਿਸਤੌਲ, 29 ਗ੍ਰਨੇਡ ਅਤੇ ਛੇ ਯੂਬੀਜੀਐਲ ਗ੍ਰੇਨੇਡ ਸ਼ਾਮਲ ਸਨ। ਪੁਲਿਸ ਦੇ ਅਨੁਸਾਰ, ਇਹ ਅੱਤਵਾਦੀ ਅੱਠ ਪੜਾਵਾਂ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ 28 ਨਵੰਬਰ ਤੋਂ ਹੋਣ ਵਾਲੀਆਂ ਜ਼ਿਲ੍ਹਾ ਵਿਕਾਸ ਪਰਿਸ਼ਦ ਚੋਣਾਂ ਨੂੰ ਵਿਗਾੜਨ ਦੀ ਇੱਕ ਵੱਡੀ ਸਾਜਿਸ਼ ਨੂੰ ਅੰਜ਼ਾਮ ਦੇਣ ਲਈ ਆਏ ਸਨ।